ਨਵੀਂ ਦਿੱਲੀ, 15 ਅਪ੍ਰੈਲ (ਪੀ.ਟੀ.)-ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਵੱਡੀ ਬੇਟੀ ਉਪਿੰਦਰ ਸਿੰਘ ਹੁਣ ਆਪਣੇ ਪਿਤਾ ਦੇ ਬਚਾਅ ’ਚ ਉਤਰ ਆਈ ਹੈ। ਉਹ ਆਪਣੇ ਪਿਤਾ ਨੂੰ ਕਮਜ਼ੋਰ ਪ੍ਰਧਾਨ ਮੰਤਰੀ ਕਰਾਰ ਦਿੱਤੇ ਜਾਣ ਤੋਂ ਦੁਖੀ ਹਨ ਅਤੇ ਉਨ੍ਹਾਂ ਨੇ ਮਨਮੋਹਨ ਸਿੰਘ ਦੇ ਸਾਬਕਾ ਮੀਡੀਆ ਸਲਾਹਕਾਰ ਸੰਜੇ ਬਾਰੂ ਦੀ ਕਿਤਾਬ ਦੀ ਸਖਤ ਆਲੋਚਨਾ ਕੀਤੀ ਹੈ। ਉਪਿੰਦਰ ਨੇ ਇੱਕ ਅਖਬਾਰ ਨੂੰ ਇੰਟਰਵਿਊ ’ਚ ਕਿਹਾ ਕਿ ਇਹ ਕੁਝ ਹੋਰ ਨਹੀਂ ਪਿੱਠ ’ਚ ਛੁਰਾ ਖੋਭਣ ਵਰਗਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਵੱਡਾ ਵਿਸ਼ਵਾਸਘਾਤ ਹੈ ਅਤੇ ਸ਼ਰਾਰਤਪੂਰਨ ਤੇ ਅਨੈਤਿਕ ਹੈ। ਉਪਿੰਦਰ ਨੇ ਕਿਤਾਬ ਦੇ ਪ੍ਰਕਾਸ਼ਿਤ ਹੋਣ ਦਾ ਸਮਾਂ ਅਤੇ ਸਮੱਗਰੀ ਨੂੰ ਲੈ ਕੇ ਕਈ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਲੇਖਕ ਨੇ ਪ੍ਰਧਾਨ ਮੰਤਰੀ ਦੇ ਵਿਸ਼ਵਾਸ ਅਤੇ ਆਪਣੀ
ਪਹੁੰਚ ਦਾ ਉਲੰਘਣ ਕੀਤਾ ਹੈ। ਗੌਰਤਲਬ ਹੈ ਕਿ ਸੰਜੇ ਬਾਰੂ ਸਾਲ 2004 ਤੋਂ 2008 ਦੇ ਵਿਚਕਾਰ ਮੀਡੀਆ ਦੇ ਸਲਾਹਕਾਰ ਰਹੇ ਸਨ। ਉਨ੍ਹਾਂ ਨੇ ਆਪਣੀ ਕਿਤਾਬ ‘ਦ ਐਕਸੀਡੇਂਟਲ ਪ੍ਰਾਈਮ ਮਿਨਿਸਟਰ- ਦ ਮੇਕਿੰਗ ਐਂਡ ਅਨਮੇਕਿੰਗ ਆਫ ਮਨਮੋਹਨ ਸਿੰਘ’ ’ਚ ਬਾਰੂ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਮਹੱਤਵਪੂਰਨ ਫਾਈਲਾਂ ’ਤੇ ਸੋਨੀਆ ਗਾਂਧੀ ਤੋਂ ਨਿਰੇਦਸ਼ ਲੈਂਦੇ ਸਨ।



