May 15, 2026 3:21 pm

ਹੇ ਔਰਤ, ਤੂੰ ਕਿੰਨੀ ਮਹਾਨ ਹੈ!

ਲੜੀ ਜੋੜਨ ਲਈ ਕੱਲ੍ਹ ਦਾ ਅੰਕ ਪੜ੍ਹੋ
ਰਾਜਾ ਰਾਮ ਮੋਹਨ ਰਾਇ ਵਰਗੇ ਪ੍ਰਸਿੱਧ ਸਮਾਜ ਸੁਧਾਰਕਾਂ, ਆਰਿਆ ਸਮਾਜ ਲਹਿਰ ਅਤੇ ਸਿੰਘ ਸਭਾ ਲਹਿਰ ਨੇ ਔਰਤਾਂ ਦੀ ਦਸ਼ਾ ਸੁਧਾਰਨ ਲਈ ਕਾਫ਼ੀ ਯੋਗਦਾਨ ਪਾਇਆ। ਅੰਗ਼੍ਰੇਜ਼ੀ ਸ਼ਾਸਕਾਂ ਵਿਚੋਂ ਲਾਰਡ ਵਿਲੀਅਮ ਬੈਟਿੰਕ ਨੇ ਸਤੀ-ਪ੍ਰਥਾ ਵਰਗੀਆਂ ਸਮਾਜਿਕ ਕੁਰੀਤੀਆਂ ਨੂੰ ਠੱਲ੍ਹ ਪਾਉਣ ਲਈ ਕਾਨੂੰਨ ਬਣਾਏ ਜਦਕਿ ਪੱਛਮੀ ਤਰਜ਼ ਦੀ ਸਿੱਖਿਆ ਨੇ ਵੀ ਨਾਰੀ-ਸੁਤੰਤਰਤਾ ਵਿਚ ਅਹਿਮ ਭੂਮਿਕਾ ਨਿਭਾਈ। ਵਰਤਮਾਨ ਯੁਗ ਨੂੰ ਔਰਤ-ਮਰਦ ਸਮਾਨਤਾ ਦਾ ਯੁਗ ਮੰਨਿਆਂ ਜਾਂਦਾ ਹੈ ਅਤੇ ਨਿੰਰਸੰਦੇਹ, ਔਰਤ ਦੀ ਦਸ਼ਾ ਵਿਚ ਨਿੱਗਰ ਸੁਧਾਰ ਵੀ ਹੋਇਆ ਹੈ ਪਰ ਸਮੁੱਚੇ ਤੌਰ ’ਤੇ ਸਥਿਤੀ ਹਾਲੇ ਵੀ ਉਤਸ਼ਾਹਜਨਕ ਨਹੀਂ – ਖ਼ਾਸ ਤੌਰ ’ਤੇ ਏਸ਼ੀਆਈ ਦੇਸ਼ਾਂ, ਜਿਨ੍ਹਾਂ ਵਿਚ ਭਾਰਤ ਵੀ ਸ਼ਾਮਿਲ ਹੈ ਅਤੇ ਮੁਸਲਮਾਨ ਸਮਾਜਾਂ ਵਿਚ ਔਰਤ ਆਮ ਤੌਰ ’ਤੇ ਦੂਜੇ ਦਰਜੇ ਦੀ ਸ਼ਹਿਰੀ ਹੀ ਸਮਝੀ ਜਾਂਦੀ ਹੈ। ਫਿਰ ਵੀ ਜੋ ਅਧਿਕਾਰ ਔਰਤ ਨੂੰ ਅੱਜ ਪਾਪਤ ਹਨ ਉਹ ਪਹਿਲਾਂ ਕਦੇ ਵੀ ਪ੍ਰਾਪਤ ਨਹੀਂ ਸਨ। ਅੱਜ ਅਸੀਂ ਦੇਖਦੇ ਹਾਂ ਕਿ ਉਹ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਸਿੱਖਿਆ ਪ੍ਰਾਪਤ ਕਰ ਰਹੀ ਹੈ, ਵੱਖ-ਵੱਖ ਇਮਤਿਹਾਨਾਂ ਵਿਚ ਲੜਕਿਆਂ ਨੂੰ ਪਛਾੜ ਰਹੀ ਹੈ, ਉਚੀਆਂ-ਉਚੀਆਂ ਪਦਵੀਆਂ ਪ੍ਰਾਪਤ ਕਰ ਰਹੀ ਹੈ ਅਤੇ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਹਰ ਤਰ੍ਹਾਂ ਦੀਆਂ ਜਿੰਮੇਵਾਰੀਆਂ ਨਿਭਾਅ ਰਹੀ ਹੈ। ਕੁਝ ਖ਼ੇਤਰ, ਜੋ ਕੇਵਲ ਮਰਦਾਂ ਲਈ ਰਾਖਵੇਂ ਮੰਨੇ ਜਾਂਦੇ ਸਨ, ਉਨ੍ਹਾਂ ਖ਼ੇਤਰਾਂ ਵਿਚ ਵੀ ਉਹ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਚੁੱਕੀ ਹੈ। ਅੱਜ ਉਹ ਪਹਿਲਾਂ ਵਾਂਗ ਮਰਦ ਦੀ ਚਾਕਰੀ ਕਰਨ ਲਈ ਅਤੇ ਉਸਦੀ ਹਰ ਠੀਕ ਜਾਂ ਗ਼ਲਤ ਗੱਲ ਮੰਨਣ ਲਈ ਮਜ਼ਬੂਰ ਨਹੀਂ ਹੈ। ਉਹ ਮਰਦ ਦੇ ਬਰਾਬਰ ਕਮਾਈ ਕਰਦੀ ਹੈ ਅਤੇ ਮਰਦਾਂ ਉਪਰ ਸਫ਼ਲਤਾ ਪੂਰਵਕ ਸ਼ਾਸਨ ਕਰਦੀ ਹੈ।
ਭਾਰਤੀ ਸਮਾਜ ਵਿਚ ਔਰਤ ਦੇ ਨੀਵੇਂ ਰੁਤਬੇ ਜਾਂ ਉਸ ਨੂੰ ਜੀਵਨ ਦੀ ਖੇਡ ਵਿਚ ‘ਜੂਨੀਅਰ ਪਾਰਟਨਰ’ ਜਾਂ ਦੂਜੇ ਦਰਜੇ ਦਾ ਖਿਡਾਰੀ ਸਮਝੇ ਜਾਣ ਦੇ ਭਾਵੇਂ ਬਹੁਤ ਸਾਰੇ ਕਾਰਣ ਹਨ ਪਰ ਇਸਦਾ ਸਭ ਤੋਂ ਵੱਡਾ ਕਾਰਣ ਉਸਦੀ ਸਰੀਰਕ ਬਣਤਰ ਅਤੇ ਕੁਦਰਤ ਵੱਲੋਂ ਉਸ ਨੂੰ ਗਰਭ ਧਾਰਨ ਕਰਨ, ਬੱਚੇ ਪੈਦਾ ਕਰਨ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਦੀ ਸੌਂਪੀ ਗਈ ਅਹਿਮ ਜਿੰਮੇਵਾਰੀ ਹੈ। ਇਸ ਨੂੰ ਉਸਦੀ ਕਮਜ਼ੋਰੀ ਨਹੀਂ ਸਗੋਂ ਉਸਦੀ ਸ਼ਕਤੀ ਜਾਂ ਸਮਰੱਥਾ ਕਿਹਾ ਜਾਣਾ ਚਾਹੀਦਾ ਹੈ ਪਰ ਸ਼ਾਤਰ-ਦਿਮਾਗ਼ ਮਰਦ ਨੇ ਉਸ ਨੂੰ ਹਮੇਸ਼ਾ ਲਈ ਆਪਣੇ ਅਧੀਨ ਰੱਖਣ ਲਈ ਇਸ ਨੂੰ ਉਸਦੀ ਮਜਬੂਰੀ ਅਤੇ ਕਮਜ਼ੋਰੀ ਬਣਾ ਕੇ ਰੱਖ ਦਿੱਤਾ ਹੈ। ਔਰਤ ਦੀ ਅਧੀਨਗੀ ਦਾ ਦੂਸਰਾ ਵੱਡਾ ਕਾਰਣ ਉਸਦੀ ਮਰਦ ਉਪਰ ਆਰਥਿਕ ਨਿਰਭਰਤਾ ਹੈ। ਇਕ ਪੁਰਾਣੀ ਕਹਾਵਤ ਹੈ: ‘ਜਿਸਦੇ ਹੱਥ ਵਿਚ ਦਾਮ, ਉਸ ਦਾ ਚੱਲੇ ਨਾਮ’, ਕਿਉਂਕਿ ਦਾਮ ਆਮ ਤੌਰ ’ਤੇ ਮਰਦ ਦੇ ਹੱਥਾਂ ਵਿਚ ਰਹੇ ਹਨ ਅਤੇ ਉਹੀ ਪਰਿਵਾਰ ਲਈ ਕਮਾਈ ਕਰਦਾ ਰਿਹਾ ਹੈ, ਇਸ ਲਈ ਘਰ ਵਿਚ ਸਰਦਾਰੀ ਵੀ ਉਸਦੀ ਹੀ ਰਹੀ ਹੈ। ‘ਤਕੜੇ ਦਾ ਸੱਤੀ ਵੀਹੀਂ ਸੌ’ (ੰਗਿਹਟ ਸਿ ੍ਰਗਿਹਟ) ਹੁੰਦਾ ਹੈ ਅਤੇ ਮਰਦ ਪਾਸ ਸਰੀਰਕ ਸ਼ਕਤੀ ਦੇ ਨਾਲ-ਨਾਲ ਆਰਥਿਕ ਅਤੇ ਸਮਾਜਿਕ ਸ਼ਕਤੀ ਵੀ ਹੋਣ ਕਾਰਣ, ਔਰਤ ਲਈ ਉਸਦੀ ਹਰ ਗੱਲ ਮੰਨਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹਿੰਦਾ। ਔਰਤ ਨਾਲ ਹੋ ਰਹੇ ਵਿਤਕਰੇ ਦਾ ਤੀਸਰਾ ਮੁੱਖ ਕਾਰਣ ਲੜਕੀ ਦੀ ਸ਼ਾਦੀ ਸਮੇਂ ਉਸਨੂੰ ਦਿੱਤਾ ਜਾਣ ਵਾਲਾ ਦਾਜ-ਦਹੇਜ ਹੈ। ਔਰਤ ਦੀ ਇਸ ਸਥਿਤੀ ਦਾ ਚੌਥਾ ਕਾਰਣ ਸਦੀਆਂ ਦੀ ਗ਼ੁਲਾਮੀ ਦੁਆਰਾ ਉਸਦੀ ਮਾਨਸਿਕਤਾ ਵਿਚ ਅਜਿਹੀ ਤਬਦੀਲੀ ਲਿਆਉਣਾ ਹੈ ਕਿ ਉਹ ਹਰ ਤਰ੍ਹਾਂ ਦੀ ਵਧੀਕੀ ਅਤੇ ਬੇਇਨਸਾਫ਼ੀ ਨੂੰ ਆਪਣੀ ਹੋਣੀ ਸਮਝ ਕੇ ਕੇਵਲ ਚੁੱਪਚਾਪ ਸਹਿਣ ਹੀ ਨਹੀਂ ਕਰ ਰਹੀ ਸਗੋਂ ਕਈ ਵਾਰ ਇਸਦੀ ਭਾਗੀਦਾਰ ਬਣ ਕੇ ਖ਼ੁਦ ਵੀ ਔਰਤ ਦੇ ਸ਼ੋਸ਼ਣ ਦਾ ਕਾਰਣ ਬਣਦੀ ਹੈ। ਇਸਦਾ ਇਕ ਕਾਰਣ ਅਨਪੜ੍ਹਤਾ ਵੀ ਕਿਹਾ ਜਾ ਸਕਦਾ ਹੈ।
ਇੱਥੇ ਇਹ ਸਮਝ ਲੈਣਾ ਵੀ ਜਰੂਰੀ ਹੈ ਕਿ ਅਣਗਿਣਤ ਲੜਕੀਆਂ ਦੀ ਜੀਵਨ ਪ੍ਰਤੀ ਪਹੁੰਚ ਅਤੇ ਜੀਵਨ-ਸ਼ੈਲੀ ਸਿਹਤਮੰਦ ਨਹੀਂ ਹੈ। ਉਹ ਖ਼ੁਦ ਨੂੰ ਮਰਦ ਦੇ ਹੱਥਾਂ ਦਾ ਖਿਡਾਉਣਾ ਅਤੇ ਭੋਗ-ਵਿਲਾਸ ਦੀ ਵਸਤੂ ਤੋਂ ਵੱਧ ਕੁਝ ਨਹੀਂ ਸਮਝਦੀਆਂ; ਫ਼ੈਸ਼ਨਾਂ, ਗਹਿਣਿਆਂ ਅਤੇ ਹਾਰ-ਸ਼ਿੰਗਾਰ ਦੀਆਂ ਦੀਵਾਨੀਆਂ ਹਨ; ਊਲ-ਜਲੂਲ ਫ਼ੈਸ਼ਨਾਂ ਅਤੇ ਹਾਸੋ-ਹੀਣੇ ਪਹਿਰਾਵਿਆਂ ਨਾਲ ਆਪਣਾ ਜਲੂਸ ਕਢਦੀਆਂ ਹਨ; ਤਹਿਜ਼ੀਬ ਅਤੇ ਅਕਲ ਦੀ ਥਾਂ ਅੰਗ-ਪ੍ਰਦਰਸ਼ਨ ਰਾਹੀਂ ਵਿਰੋਧੀ-ਲਿੰਗ ਨੂੰ ਆਕਰਸ਼ਿਤ ਅਤੇ ਪ੍ਰਭਾਵਿਤ ਕਰਨ ਦਾ ਯਤਨ ਕਰਦੀਆਂ ਹਨ; ਕੁਝ ਤਾਂ ਆਪਣੇ-ਆਪ ਨੂੰ ਇਕ ਜਿਉਂਦਾ-ਜਾਗਦਾ ਇਨਸਾਨ ਸਮਝਣ ਦੀ ਬਜਾਇ ਇਕ ਚਲਦਾ-ਫਿਰਦਾ ਸ਼ੋਅ-ਪੀਸ ਬਣਾਉਣ ਵਿਚ ਹੀ ਵਧੇਰੇ ਖ਼ੁਸ਼ੀ ਅਤੇ ਮਾਣ ਮਹਿਸੂਸ ਕਰਦੀਆਂ ਹਨ। ਨਿਰਸੰਦੇਹ, ਜਦ ਤਕ ਔਰਤ ਆਪਣੀ ਮਾਨਸਿਕਤਾ ਵਿਚ ਨਿੱਗਰ ਤਬਦੀਲੀ ਲਿਆ ਕੇ ਆਪਣੇ ਫ਼ਰਜ਼ਾਂ ਅਤੇ ਅਧਿਕਾਰਾਂ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਨਹੀਂ ਹੁੰਦੀ, ਆਪਣੀ ਜੀਵਨ-ਸ਼ੈਲੀ ਵਿਚ ਸਾਰਥਿਕ ਤਬਦੀਲੀ ਨਹੀਂ ਲਿਆਉਂਦੀ ਅਤੇ ਆਪਣੇ ਨਾਲ ਹੋਣ ਵਾਲੀ ਕਿਸੇ ਵੀ ਵਧੀਕੀ ਵਿਰੁੱਧ ਆਪਣੀ ਅਵਾਜ਼ ਬੁਲੰਦ ਕਰਨ ਦੀ ਜ਼ੁਰਅਤ ਨਹੀਂ ਕਰਦੀ ਤਦ ਤਕ ਉਸ ਨੂੰ ਮਿਲਣ ਵਾਲੇ ਅਧਿਕਾਰ ਮਨ-ਲੁਭਾਉ ਲੌਲੀਪੌਪਾਂ ਤੋਂ ਵੱਧ ਕੁਝ ਨਹੀਂ ਹੋਣਗੇ। ਸਪਸ਼ਟ ਤੌਰ ’ਤੇ ਮਰਦ-ਮਾਨਸਿਕਤਾ ਵਿਚ ਬਦਲਾਵ ਤੋਂ ਪਹਿਲਾਂ ਨਾਰੀ-ਮਾਨਸਿਕਤਾ ਵਿਚ ਬਦਲਾਵ ਵੀ ਅਤਿ ਜ਼ਰੂਰੀ ਹੈ। ਹੱਕ ਮੰਗਿਆਂ ਨਹੀਂ ਮਿਲਦੇ, ਇਨ੍ਹਾਂ ਨੂੰ ਪ੍ਰਾਪਤ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਦੇ ਯੋਗ ਬਣਨਾ ਪੈਂਦਾ ਹੈ।
ਔਰਤ ਦੀਆਂ ਵਧੇਰੇ ਸਮੱਸਿਆਵਾਂ ਦਾ ਇਕੋ-ਇਕ ਹੱਲ ਨਾਰੀ ਸਿੱਖਿਆ ਅਤੇ ਸਸ਼ਕਤੀਕਰਨ ਹੈ। ਨਾਰੀ ਸਸ਼ਕਤੀਕਰਨ ਤੋਂ ਭਾਵ ਮਰਦ ਅਤੇ ਔਰਤ ਨੂੰ ਕੁਦਰਤ ਦੁਆਰਾ ਨਿਰਧਾਰਿਤ ਭੂਮਿਕਾਵਾਂ ਵਿਚ ਕੋਈ ਰੱਦੋ-ਬਦਲ ਕਰਨਾ ਨਹੀਂ ਅਤੇ ਨਾ ਹੀ ਅਜਿਹਾ ਕੋਈ ਰੱਦੋ-ਬਦਲ ਸੰਭਵ ਹੈ। ਇਸਦਾ ਸਿੱਧਾ ਅਰਥ ਨਾਰੀ ਨੂੰ ਸਿੱਖਿਅਤ ਕਰਕੇ ਉਸ ਨੂੰ ਆਰਥਿਕ ਤੌਰ ’ਤੇ ਸੁਤੰਤਰ, ਸਮਾਜਿਕ ਤੌਰ ’ਤੇ ਸੁਰੱਖਿਅਤ, ਰਾਜਨੀਤਕ ਤੌਰ ’ਤੇ ਮਰਦ ਦੇ ਬਰਾਬਰ ਦੀ ਹਿੱਸੇਦਾਰ, ਮਾਨਸਿਕ ਤੌਰ ’ਤੇ ਸੁਚੇਤ ਅਤੇ ਮਨੋਵਿਗਿਆਨਕ ਤੌਰ ’ਤੇ ਮਜ਼ਬੂਤ ਕਰਨਾ ਹੈ। ਜਦ ਔਰਤ ਪੜ੍ਹੀ-ਲਿਖੀ ਅਤੇ ਆਰਥਿਕ ਤੌਰ ’ਤੇ ਆਤਮ-ਨਿਰਭਰ ਹੋਵੇਗੀ ਤਾਂ ਉਸਦਾ ਸਮਾਜਿਕ ਰੁਤਬਾ ਆਪਣੇ-ਆਪ ਹੀ ਸੁਧਰ ਜਾਵੇਗਾ। ਇਸ ਤੋਂ ਇਲਾਵਾ ਸਾਨੂੰ ਆਪਣੇ ਕਾਨੂੰਨਾਂ ਵਿਚ ਵੀ ਕੁਝ ਸੁਧਾਰ ਕਰਨਾ ਪਵੇਗਾ ਤਾਂ ਜੋ ਉਹ ਔਰਤ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕਣ ਅਤੇ ਕਿਸੇ ਵੀ ਵਧੀਕੀ ਜਾਂ ਬੇਇਨਸਾਫ਼ੀ ਦੀ ਸੂਰਤ ਵਿਚ ਉਸ ਨੂੰ ਸਹਿਜੇ ਹੀ ਤੁਰੰਤ ਇਨਸਾਫ਼ ਪ੍ਰਾਪਤ ਹੋ ਸਕੇ। ਨਿਰਸੰਦੇਹ, ਕਾਨੂੰਨ ਨੂੰ ਔਰਤ-ਪੱਖੀ ਬਣਾਉਣ ਲਈ ਇਸ ਵਿਚ ਕੁਝ ਸੁਧਾਰ ਹੋਏ ਹਨ ਅਤੇ ਕੁਝ ਨਵੇਂ ਕਾਨੂੰਨ ਵੀ ਘੜੇ ਗਏ ਹਨ ਪਰ ਹਾਲੇ ਵੀ ਅਜਿਹੀਆਂ ਬਹੁਤ ਸਾਰੀਆਂ ਅੜਚਣਾਂ ਹਨ, ਜਿਨ੍ਹਾਂ ਕਾਰਣ ਔਰਤਾਂ ਨੂੰ ਇਨਸਾਫ਼ ਜਾਂ ਤਾਂ ਬਿਲਕੁਲ ਹੀ ਨਹੀਂ ਮਿਲਦਾ ਅਤੇ ਜਾਂ ਬਹੁਤ ਦੇਰੀ ਨਾਲ ਮਿਲਦਾ ਹੈ। ਇਕ ਗੱਲ ਹੋਰ, ਸਮਾਜਿਕ ਸਮੱਸਿਆਵਾਂ ਦੇ ਹੱਲ ਵੀ ਸਮਾਜਿਕ ਹੀ ਹੁੰਦੇ ਹਨ ਅਤੇ ਔਰਤ ਦੀ ਸਮਾਜਿਕ ਸਥਿਤੀ ਸੁਧਾਰਨ ਲਈ ਸਮਾਜ ਵਿਚ ਚੇਤਨਾ ਪੈਦਾ ਕਰਨੀ ਵੀ ਜਰੂਰੀ ਹੈ।
ਅੰਤ ਵਿਚ ਕਿਹਾ ਜਾ ਸਕਦਾ ਕਿ ਨਾਰੀ ਸੁਧਾਰ ਅਤੇ ਸਸ਼ਕਤੀਕਰਨ ਲਈ ਭਾਵੇਂ ਬਹੁਤ ਸਾਰੇ ਪ੍ਰਭਾਵੀ ਕਦਮ ਚੁੱਕੇ ਗਏ ਹਨ ਪਰ ਸਮੁੱਚੀ ਔਰਤ ਜਾਤੀ ਦੀ ਦਸ਼ਾ ਸੁਧਾਰਨ ਲਈ ਹਾਲੇ ਬਹੁਤ ਕੁਝ ਕਰਨਾ ਬਾਕੀ ਹੈ। ਇਸ ਲਈ ਕਾਨੂੰਨੀ ਵਿਵਸਥਾਵਾਂ ਦੇ ਨਾਲ-ਨਾਲ ਸਮਾਜਿਕ ਚੇਤਨਤਾ ਪੈਦਾ ਕੀਤੀ ਜਾਣੀ ਜਰੂਰੀ ਹੈ ਤਾਂ ਜੋ ਇਸ ਨੂੰ ਲੋਕ-ਲਹਿਰ ਦਾ ਰੂਪ ਦਿੱਤਾ ਜਾ ਸਕੇ। ਇਸਦੇ ਨਾਲ ਹੀ ਨਾਰੀ ਸੁਧਾਰ ਅਤੇ ਸਸ਼ਕਤੀਕਰਨ ਲਈ ਨਾਰੀ ਨੂੰ ਖ਼ੁਦ ਜਾਗਰੂਕ ਅਤੇ ਯਤਨਸ਼ੀਲ ਹੋਣਾ ਪਵੇਗਾ। ਉਦਾਰਵਾਦ ਅਤੇ ਆਧੁਨਿਕਤਾ ਦੀ ਆੜ ਹੇਠ ਇਸਤਰੀ ਕਈ ਭੈੜੀਆਂ ਵਾਦੀਆਂ ਦਾ ਸ਼ਿਕਾਰ ਹੋ ਰਹੀ ਹੈ ਜਿਸ ਨੂੰ ਨਾ ਤਾਂ ਸੁਤੰਤਰਤਾ ਕਿਹਾ ਜਾ ਸਕਦਾ ਹੈ ਅਤੇ ਨਾ ਹੀ ਸਸ਼ਕਤੀਕਰਨ ਜਾਂ ਆਧੁਨਿਕਤਾ। ਇਖ਼ਲਾਕ ਅਤੇ ਅਸੂਲਾਂ ਤੋਂ ਗਿਰੇ ਵਿਅਕਤੀ ਨੂੰ ਕਿਤੇ ਵੀ ਢੋਈ ਨਹੀਂ ਮਿਲ ਸਕਦੀ। ਇਸ ਤੋਂ ਬਚਣਾ ਜਰੂਰੀ ਹੈ। ਨਾਰੀ ਸਸ਼ਕਤੀਕਰਨ ਦਾ ਭਾਵ ਲੱਚਰਤਾ, ਬੇਸ਼ਰਮੀ ਅਤੇ ਬੇਹੂਦਗ਼ੀ ਵੀ ਨਹੀਂ। ਚੇਤੇ ਰੱਖੋ! ਨਾਰੀ ਸੁਤੰਤਰਤਾ ਅਤੇ ਸਸ਼ਕਤੀਕਰਨ ਦਾ ਸੰਕਲਪ ਅੰਗ-ਪ੍ਰਦਰਸ਼ਨ ਰਾਹੀਂ ਨਹੀਂ ਸਗੋਂ ਅਕਲ-ਪ੍ਰਦਰਸ਼ਨ ਰਾਹੀਂ ਸਾਕਾਰ ਹੋ ਸਕਦਾ ਹੈੇ। ਵਿੱਦਿਆ ਦਾ ਪਸਾਰ ਅਤੇ ਆਰਥਿਕ ਸੁਤੰਤਰਤਾ ਨਾਰੀ ਸ਼ਕਤੀਕਰਨ ਦੇ ਦੋ ਅਜਿਹੇ ਥੰਮ੍ਹ ਹਨ ਜਿਨ੍ਹਾਂ ਬਗ਼ੈਰ ਨਾਰੀ ਸਸ਼ਕਤੀਕਰਨ ਦਾ ਸੁਪਨਾ ਸਾਕਾਰ ਕਰਨਾ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਹੋਵੇਗਾ। ਗੱਲ ਭਾਵੇਂ ਉਸ ਦੇ ਪਰਿਵਾਰਿਕ ਰੁਤਬੇ ਦੀ ਹੋਵੇ ਜਾਂ ਸਮਾਜਿਕ ਰੁਤਬੇ ਦੀ, ਇਨ੍ਹਾਂ ਤੋਂ ਬਗ਼ੈਰ ਉਸਦਾ ਰੁਤਬਾ ਹਰਗਿਜ਼ ਨਹੀਂ ਸੁਧਰ ਸਕੇਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਔਰਤ ਦੀ ਪਰਿਵਾਰ ਅਤੇ ਸਮਾਜ ਵਿਚ ਭੂਮਿਕਾ ਨੂੰ ਦੇਖਦਿਆਂ, ਸਾਨੂੰ ਸਭ ਨੂੰ ਉਸਦੀ ਮਹਾਨਤਾ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਉਸਦਾ ਵੱਧ ਤੋਂ ਵੱਧ ਮਾਣ-ਸਤਿਕਾਰ ਕਰਨਾ ਚਾਹੀਦਾ ਹੈ। ਜ਼ਰਾ ਕੁ ਸੋਚਣ ਨਾਲ ਹੀ ਤੁਸੀਂ ਦਿਲੋਂ ਮਹਿਸੂਸ ਕਰੋਗੇ ਕਿ ਉਹ ਸੱਚਮੁੱਚ ਹੀ ਬਹੁਤ ਮਹਾਨ ਹੈ ਅਤੇ ਉਸਦਾ ਸਨਮਾਨ ਕੇਵਲ ਪੂਰੀ ਮਾਨਵ-ਜਾਤੀ ਦਾ ਹੀ ਸਨਮਾਨ ਨਹੀਂ ਹੋਵੇਗਾ, ਸਗੋਂ ਸਮੁੱਚੀ ਸ੍ਰਿਸ਼ਟੀ ਦੇ ਸਿਰਜਣਹਾਰ ਦਾ ਵੀ ਸਨਮਾਨ ਹੋਵੇਗਾ।
– ਸਮਾਪਤ

Send this to a friend