ਕਿਸਾਨ ਕਰਜ਼ਾ ਮੁਆਫੀ ਸਕੀਮ ਦੇ ਚੌਥੇ ਗੇੜ ਦੀ ਸ਼ੁਰੂਆਤ
ਮੋਗਾ, 7 ਮਾਰਚ- ਕਾਂਗਰਸ ਨੇ ਵੀਰਵਾਰ ਨੂੰ ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਬਿਗੁਲ ਵਜਾ ਦਿਤਾ ਹੈ। ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਇੱਥੇ ਜੱਥੇਬੰਦ ਕੀਤੀ ਗਈ ਕਾਂਗਰਸ ਦੀ ਰੈਲੀ ਨੂੰ ਲੋਕਾਂ ਵੱਲੋਂ ਵੱਡਾ ਹੁੰਗਾਰਾ ਭਰਿਆ ਗਿਆ। ਦੋਹਾਂ ਆਗੂਆਂ ਨੇ ਭਾਰਤੀ ਜਨਤਾ ਪਾਰਟੀ ਅਤੇ ਇਸ ਦੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਉਪਰ ਤਿਖਾ ਹਮਲਾ ਕਰਦੇ ਹੋਏ ਭਰੋਸਾ ਪ੍ਰਗਟ ਕੀਤਾ ਹੈ ਕਿ ਕਾਂਗਰਸ ਅਗਾਮੀ ਚੋਣਾਂ ਦੌਰਾਨ ਪੰਜਾਬ ’ਚ ਅਕਾਲੀ-ਭਾਜਪਾ ਗਠਜੋੜ ਦਾ ਪੂਰੀ ਤਰਾਂ ਸਫਾਇਆ ਕਰ ਦੇਵੇਗੀ। ਇਸ ਮੌਕੇ ’ਤੇ ਪੰਜਾਬ ਸਰਕਾਰ ਤਰਫੋਂ ਕਿਸਾਨ ਕਰਜ਼ਾ ਰਾਹਤ ਸਕੀਮ ਦੇ ਚੌਥੇ ਪੜਾਅ ਦੀ ਸ਼ੁਰੂਆਤ ਕਰਦੇ ਹੋਏ ਦੋਵਾਂ ਆਗੂਆਂ ਨੇ ਮੋਦੀ ਸਰਕਾਰ ਦੇ ਵੱਖ-ਵੱਖ ਮੋਰਚਿਆਂ ’ਤੇ ਨਾਕਾਮ ਰਹਿਣ ਦੀ ਗਲ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਲੋਕਾਂ ਦੀ ਭਲਾਈ ਵਾਸਤੇ ਕੀਤੇ ਵਾਅਦਿਆਂ ਨੂੰ ਲਾਗੂ ਕਰਨ ਵਿਚ ਪੂਰੀ ਤਰਾਂ ਨਾਕਾਮ ਰਹੀ ਹੈ ਅਤੇ ਉਨਾਂ ਨੇ ਕੇਂਦਰ ਦੀ ਲੋਕ ਵਿਰੋਧੀ ਸਤਾ ਨੂੰ ਉਖਾੜ ਸੁਟਣ ਅਤੇ ਕਾਂਗਰਸ ਦੇ ਹਕ ਵਿਚ ਭੁਗਤਣ ਦਾ ਲੋਕਾਂ ਨੂੰ ਸਦਾ ਦਿੱਤਾ।ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਦੇ ਆਪਣੇ ਮਿਸ਼ਨ ਨੂੰ ਦੁਹਰਾਇਆ ਅਤੇ ਰਾਹੁਲ ਗਾਂਧੀ ਨੂੰ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਬਣਾਉਣ ਦਾ ਐਲਾਨ ਕੀਤਾ।ਇਸ ਮੌਕੇ ਕਾਂਗਰਸ ਪ੍ਰਧਾਨ ਨੇ ਪੁਛਿਆ ਕਿ ਜੇ ਮੋਦੀ ਵਡੇ ਸਨਅਤੀ ਘਰਾਣਿਆਂ ਦੇ ਕਰਜ਼ੇ ਮੁਆਫ਼ ਕਰ ਸਕਦੇ ਹਨ ਤਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਿਉਂ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਇਹ ਵੀ ਕਿਹਾ ਕਿ ਗੁੰਮ ਹੋਈਆਂ ਰਾਫੇਲ ਦੀਆਂ ਫਾਈਲਾਂ ਇਸ ਦਾ ਸਬੂਤ ਹਨ ਕਿ ਚੌਕੀਦਾਰ ਸਪਸ਼ਟ ਤੌਰ ‘ਤੇ ਚੋਰ ਹੈ। ਦੇਸ਼ ਵਿਚ ਨਫ਼ਰਤ ਫੈਲਾਉਣ ਦਾ ਪ੍ਰਧਾਨ ਮੰਤਰੀ ‘ਤੇ ਦੋਸ਼ ਲਾਉਂਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਅਗਲੀਆਂ ਚੋਣਾਂ ਵਿਚ ਵਿਚਾਰਧਾਰਕ ਸੰਘਰਸ਼ ਹੋਵੇਗਾ ਅਤੇ ਗੁਰੂ ਨਾਨਕ ਦੇਵ ਜੀ ਦੀ ਆਪਸੀ ਪਿਆਰ ਅਤੇ ਆਪਸੀ ਸਤਿਕਾਰ ਵਾਲੀ ਫ਼ਿਲਾਸਫੀ ਦੀ ਜਿਤ ਹੋਵੇਗੀ। ਉਨਾਂ ਕਿਹਾ, ‘‘ਅਸੀਂ ਸ਼ਾਨਦਾਰ ਤਰੀਕੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਵਾਂਗੇ।‘‘
ਇਸ ਮੌਕੇ ਮੁਖ ਮੰਤਰੀ ਨੇ ਪੰਜਾਬ ਵਿਚ ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ 31000 ਕਰੋੜ ਰੁਪਏ ਦੇ ਵਿਰਾਸਤੀ ਕਰਜ਼ੇ ਰਾਹੀਂ ਸੂਬੇ ਨੂੰ ਤਬਾਹੀ ਵਲ ਧਕਣ ਦੀ ਤਿਖੀ ਅਲੋਚਨਾ ਕਰਦਿਆਂ ਕਿਹਾ ਕਿ ਇਸ ਨਾਲ ਸੂਬੇ ‘ਤੇ ਵਡਾ ਬੋਝ ਪਿਆ ਹੈ। ਪਵਿਤਰ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਮੁਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਦੇ ਸਤਾ ਵਿਚ ਆਉਣ ਤੋਂ ਬਾਅਦ ਸਾਰੇ ਮਾਮਲਿਆਂ ਨੂੰ ਹਲ ਕੀਤਾ ਗਿਆ। ਉਨਾਂ ਨੇ ਇਸ ਵਿਚ ਸ਼ਾਮਲ ਲੋਕਾਂ ਨੂੰ ਕਿਸੇ ਵੀ ਸੂਰਤ ਵਿਚ ਨਾ ਬਖਸ਼ਣ ਦਾ ਪ੍ਰਣ ਕੀਤਾ, ਭਾਵੇਂ ਕੋਈ ਕਿੰਨਾ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ ਅਤੇ ਹਰ ਇਕ ਨੂੰ ਸਲਾਖਾ ਪਿਛੇ ਡਕਣ ਨੂੰ ਯਕੀਨੀ ਬਣਾਇਆ ਜਾਵੇਗਾ।