May 15, 2026 9:06 am

ਰਾਫ਼ੇਲ ਸੌਦੇ ਦੇ ਦਸਤਾਵੇਜ਼ ਰੱਖਿਆ ਮੰਤਰਾਲੇ ’ਚੋਂ ਗਾਇਬ

ਕੇਂਦਰ ਸਰਕਾਰ ਦੇ ਵਕੀਲ ਨੇ ਸੁਪਰੀਮ ਕੋਰਟ ਵਿੱਚ ਕੀਤਾ ਇੰਕਸਾਫ

ਨਵੀਂ ਦਿਲੀ, 6 ਮਾਰਚ- ਰਾਫ਼ੇਲ ਹਵਾਈ ਜਹਾਜ਼ ਸੌਦੇ ਵਾਲੇ ਕੇਸ ‘ਚ ਦਾਖ਼ਲ ਹੋਈਆਂ ਨਜ਼ਰਸਾਨੀ ਪਟੀਸ਼ਨਾਂ ਦੀ ਸੁਣਵਾਈ ਕਰ ਰਹੀ ਸੁਪਰੀਮ ਕੋਰਟ ਨੂੰ ਅੱਜ ਅਟਾਰਨੀ ਜਨਰਲ ਕੇ.ਕੇ. ਵੇਣੂੰਗੋਪਾਲ ਨੇ ਦਸਿਆ ਕਿ ਇਨ੍ਹਾਂ ਜੰਗੀ ਹਵਾਈ ਜਹਾਜ਼ਾਂ ਦੀ ਖ਼ਰੀਦ ਨਾਲ ਸਬੰਧਤ ਕੁਝ ਦਸਤਾਵੇਜ਼ ਰਖਿਆ ਮੰਤਰਾਲੇ ਵਿਚੋਂ ਚੋਰੀ ਹੋ ਗਏ ਹਨ। ਸ੍ਰੀ ਵੇਣੂੰਗੋਪਾਲ ਨੇ ਵਕੀਲ ਪ੍ਰਸ਼ਾਂਤ ਭੂਸ਼ਣ ਦੀਆਂ ਦਲੀਲਾਂ ਉਤੇ ਉਦੋਂ ਇਤਰਾਜ਼ ਪ੍ਰਗਟਾਇਆ, ਜਦੋਂ ਉਨ੍ਹਾਂ ਸੁਪਰੀਮ ਕੋਰਟ ਵਿਚ ਇਕ ਨੋਟ ਪੜ੍ਹਨਾ ਸ਼ੁਰੂ ਕੀਤਾ। ਸ੍ਰੀ ਭੂਸ਼ਣ ਨੇ ਦਲੀਲ ਦਿਤੀ ਕਿ ਸੁਪਰੀਮ ਕੋਰਟ ਨੇ ਰਾਫੇਲ ਸੌਦੇ ਵਾਲੇ ਕੇਸ ਦੀ ਜਾਂਚ ਮੰਗਣ ਵਾਲੀ ਅਰਜ਼ੀ ਰਦ ਨਾ ਕੀਤੀ ਹੁੰਦੀ, ਜੇ ਸਰਕਾਰ ਨੇ ਕੁਝ ਅਹਿਮ ਤਥ ਦਬਾਏ ਨਾ ਹੁੰਦੇ।ਕੇ.ਕੇ. ਵੇਣੂੰਗੋਪਾਲ ਨੇ ਅਦਾਲਤ ਨੂੰ ਦਸਿਆ ਕਿ ਐਡਵੋਕੇਟ ਪ੍ਰਸ਼ਾਂਤ ਭੂਸ਼ਣ ਜਿਹੜੇ ਦਸਤਾਵੇਜ਼ਾਂ ਦਾ ਜ਼ਿਕਰ ਕਰ ਰਹੇ ਹਨ, ਉਹ ਰਖਿਆ ਮੰਤਰਾਲੇ ਵਿਚੋਂ ਕਿਸੇ ਮੌਜੂਦਾ ਜਾਂ ਸਾਬਕਾ ਮੁਲਾਜ਼ਮਾਂ ਵਲੋਂ ਚੋਰੀ ਕਰ ਲਏ ਗਏ ਸਨ। ਸ੍ਰੀ ਵੇਣੂੰਗੋਪਾਲ ਨੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ ਚੋਰੀ ਹੋਏ ਦਸਤਾਵੇਜ਼ਾਂ ਦੀ ਜਾਂਚ ਦੇ ਹੁਕਮ ਦੇ ਦਿਤੇ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਸਾਲ 2016 ਦੌਰਾਨ ਰਾਫ਼ੇਲ ਜੰਗੀ ਹਵਾਈ ਜਹਾਜ਼ਾਂ ਦੀ ਖ਼ਰੀਦ ਲਈ ਫ਼ਰਾਂਸ ਨਾਲ ਇਕ ਸਮਝੌਤੇ ਉਤੇ ਹਸਤਾਖਰ ਕੀਤੇ ਸਨ।ਫ਼ਰੈਂਚ ਫ਼ਰਮ ‘ਦਸੌਲਟ ਏਵੀਏਸ਼ਨ‘ ਨਾਲ ਕੀਤੇ 59,000 ਕਰੋੜ ਰੁਪਏ ਦੇ ਸੌਦੇ ਅਧੀਨ ਭਾਰਤ ਨੂੰ ਫ਼ਲਈਅਵੇ ਸ਼ਰਤ ਰਾਹੀਂ 36 ਰਾਫ਼ੇਲ ਜੰਗੀ ਜੈਟ ਹਵਾਈ ਜਹਾਜ਼ ਸਪਲਾਈ ਕੀਤੇ ਜਾਣੇ ਹਨ। ਅਟਾਰਨੀ ਜਨਰਲ ਨੇ ਦਲੀਲ ਦਿਤੀ ਕਿ ਨੋਟਿਸ ਇਕ ਅਖ਼ਬਾਰ ਵਿਚ ਪ੍ਰਕਾਸ਼ਿਤ ਹੋਏ ਸਨ।

Send this to a friend