ਫਤਹਿਗੜ੍ਹ ਚੂੜੀਆਂ, ਗੁਰਦਾਸਪੁਰ, 15 ਅਪ੍ਰੈਲ (ਅਵਤਾਰ ਸਿੰਘ ਬੋਪਾਰਏ, ਪਰਮਜੀਤ ਬਾਜਵਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਵਿਰੋਧੀ ਅਕਾਲੀ ਦਲ ਸਮਰਥਿਤ ਭਾਰਤੀ ਜਨਤਾ ਪਾਰਟੀ ਉਮੀਦਵਾਰ ਵਿਨੋਦ ਖੰਨਾ ਨੂੰ ਗੁਜਰਾਤ ਦੇ ਕੱਛ ਇਲਾਕੇ ’ਚ ਵੱਸਣ ਵਾਲੇ ਸਿੱਖ ਕਿਸਾਨਾਂ ’ਤੇ ਆਪਣਾ ਪੱਖ ਸਪੱਸ਼ਟ ਕਰਨ ਨੂੰ ਕਿਹਾ ਹੈ, ਜਿਹੜੇ ਉਥੋਂ ਉਜਾੜੇ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ। ਬਾਜਵਾ ਨੇ ਫਤਹਿਗੜ੍ਹ ਚੂੜੀਆਂ ਤੋਂ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਹਲਕੇ ਦੇ ਪਿੰਡਾਂ ਹਰਦੋ ਝਾਂਡੇ, ਢਡਿਆਲਾ ਨੱਤ, ਸਾਰ ਚੂੜ ਤੇ ਕਾਲਾ ਅਫਗਾਨਾ ’ਚ ਚੋਣ ਪ੍ਰਚਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਤੇ ਐਨ.ਡੀ.ਏ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ
ਨਰਿੰਦਰ ਮੋਦੀ ਇਨ੍ਹਾਂ ਪ੍ਰੇਸ਼ਾਨ ਕਿਸਾਨਾਂ ਨੂੰ ਰਾਹਤ ਦੇਣ ’ਚ ਨਾਕਾਮ ਰਹੇ ਹਨ, ਜਿਨ੍ਹਾਂ ਨੇ ਪਿਛਲੇ 50 ਸਾਲਾਂ ਦੀ ਸਖ਼ਤ ਮਿਹਨਤ ਦੌਰਾਨ ਇਨ੍ਹਾਂ ਬੇਕਾਰ ਜ਼ਮੀਨਾਂ ’ਤੇ ਹਰਿਆਲੀ ਲਿਆਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਜ਼ਿਆਦਾ ਨਿੰਦਣਯੋਗ ਹੋਰ ਕੀ ਹੋ ਸਕਦਾ ਹੈ ਕਿ ਇਨ੍ਹਾਂ ਕਿਸਾਨਾਂ ਨੇ ਆਪਣਾ ਕੇਸ ਗੁਜਰਾਤ ਹਾਈ ਕੋਰਟ ’ਚ ਜਿੱਤ ਲਿਆ ਸੀ, ਪਰ ਮੋਦੀ ਸਰਕਾਰ ਨੇ ਇਸ ਆਦੇਸ਼ ਖਿਲਾਫ ਸੁਪਰੀਮ ਕੋਰਟ ’ਚ ਅਪੀਲ ਦਾਇਰ ਕਰ ਦਿੱਤੀ। ਉਨ੍ਹਾਂ ਨੇ ਕਿਹ ਕਿ ਮੁੱਦਾ ਗੁਜਰਾਤ ਸਰਕਾਰ ਵੱਲੋਂ ਉ¤ਚਲੀ ਅਦਾਲਤ ’ਚ ਦਾਇਰ ਕੀਤੀ ਗਈ ਅਪੀਲ ਨੂੰ ਵਾਪਿਸ ਲੈਣ ਦਾ ਹੈ, ਪਰ ਮੋਦੀ ਇਸ ਮੁੱਖ ਮੁੱਦੇ ’ਤੇ ਪਹੇਲੀਨੁਮਾ ਚੁੱਪੀ ਧਾਰੇ ਬੈਠੇ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਗੁਜਰਾਤ ਸਰਕਾਰ ਦੇ ਇਸ ਕਦਮ ਨੇ ਮੋਦੀ ਦੇ ਘੱਟ ਗਿਣਤੀ ਵਿਰੋਧੀ ਹੋਣ ਦੀ ਗੱਲ ਨੂੰ ਹੋਰ ਮਜ਼ਬੂਤੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ, ਇਨ੍ਹਾਂ ਦੀ ਮੁਸਲਿਮ ਵਿਰੋਧੀ ਪਛਾਣ ਰਹੀ ਹੈ, ਪਰ ਸਿੱਖ ਕਿਸਾਨਾਂ ਦੇ ਮਾਮਲੇ ’ਚ ਸਬੂਤਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਦੇਸ਼ ਦੀਆਂ ਘੱਟ ਗਿਣਤੀਆਂ ਵਿਰੋਧੀ ਹਨ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੋਦੀ ਦੇ ਭਾਰਤ ਦੇ ਭਵਿੱਖ ਬਾਰੇ ਵਾਹ-ਵਾਹ ਕਰਨ ਵਾਲੇ ਪਹਿਲੇ ਆਗੂਆਂ ’ਚ ਹਨ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਖੁਦ ਨੂੰ ਸਿੱਖਾਂ ਦਾ ਪ੍ਰਤੀਨਿਧੀ ਦੱਸਦਾ ਹੈ। ਹਾਲਾਂਕਿ ਬਾਦਲ ਕੋਲ ਇਸਦਾ ਕੋਈ ਸਹੀ ਜਵਾਬ ਨਹੀਂ ਹੈ ਕਿ ਕਿਉਂ ਉਹ ਮੋਦੀ ਦੀ ਵਾਹ-ਵਾਹ ਕਰਦੇ ਹਨ, ਜਿਹੜੇ ਇਨ੍ਹਾਂ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ’ਚ ਨਾਕਾਮ ਰਹੇ ਹਨ। ਇਸ ਮਾਮਲੇ ’ਚ ਵੀ ਉਨ੍ਹਾਂ ਨੇ ਵਿਅਕਤੀਗਤ ਹਿੱਤ ਨੂੰ ਧਿਆਨ ’ਚ ਰੱਖਦਿਆਂ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦੀ ਪ੍ਰਸ਼ੰਸ਼ਾ ਕੀਤੀ। ਪਰ ਜੋ ਬਾਦਲ ਆਸ ਲਗਾ ਰਹੇ ਹਨ ਉਹ ਮੋਦੀ ਕਦੇ ਵੀ ਨਹੀਂ ਪੂਰੀ ਕਰੇਗਾ, ਜਿਹੜੇ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਨੂੰ ਕੈਬਿਨੇਟ ’ਚ ਸ਼ਾਮਿਲ ਕਰਵਾਉਣਾ ਚਾਹੁੰਦੇ ਹਨ। ਇਸ ਲੜੀ ਹੇਠ ਬਾਦਲ ਦੇ ਦੋ ਹਿੱਤ ਹਨ, ਭਵਿੱਖ ’ਚ ਐਨ.ਡੀ.ਏ ਨਾਲ ਜੁੜਿਆ ਰਹਿਣਾ ਤੇ ਦੂਜਾ ਆਪਣੀ ਨੂੰਹ ਨੂੰ ਫਾਇਦਾ ਦਿਲਾਉਣਾ। ਇਸ ਮੌਕੇ ਬਲਵਿੰਦਰ ਸਿੰਘ ਭਲਵਾਲੀ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਫਤਹਿਗੜ੍ਹ ਚੂੜੀਆਂ, ਬਲਵਿੰਦਰ ਸਿੰਘ ਭੁੱਲਰ ਪ੍ਰਧਾਨ ਬਲਾਕ ਕਾਂਗਰਸ ਬਟਾਲਾ, ਤਰਪਾਲ ਸਿੰਘ ਪਰੋਵਾਲ, ਓਂਕਾਰ ਸਿੰਘ ਲਾਤੀ, ਹਰਦਿਆਲ ਸਿੰਘ ਪਰੋਵਾਲ, ਬੂਟਾ ਸਿੰਘ ਘੋਗਾ, ਲਖਵਿੰਦਰ ਆਲੀਵਾਲ, ਸਮਿਤਾਰ ਸਿੰਘ ਸਾਬਕਾ ਸਰਪੰਚ, ਹਰਦੀਪ ਸਿੰਘ, ਮਾਸਾ ਸਿੰਘ, ਮਲਕੀਤ ਸਿੰਘ, ਨਰਿੰਦਰ ਸਿੰਘ, ਭੁਪਿੰਦਰ ਸਿੰਘ, ਹਰਵੇਲ ਸਿੰਘ, ਪਰਮਜੀਤ ਸਿੰਘ, ਗੁਰਦੀਪ ਸਿੰਘ ਟਾਂਗੇਵਾਲ, ਗੁਰਵਿੰਦਰ ਸਿੰਘ ਬੀ.ਐਸ.ਐਫ, ਬਲਜਿੰਦਰ ਸਿੰਘ, ਕੁਲਦੀਪ ਸਿੰਘ ਜੈਤੂ, ਲਖਵਿੰਦਰ ਸਿੰਘ ਪ੍ਰਧਾਨ, ਦਿਲਬਾਗ ਸਿੰਘ, ਸੰਤੋਖ ਸਿੰਘ ਪ੍ਰਧਾਨ, ਸੋਹਨ ਸਿੰਘ, ਭਿੰਦਰ ਸਿੰਘ ਭਿੰਦਾ, ਸਿਮਰਜੀਤ ਸਿੰਘ, ਜੁਗਰਾਜ ਸਿੰਘ ਵੀ ਮੌਜ਼ੂਦ ਰਹੇ।



