May 15, 2026 1:21 pm

ਜੇਲ੍ਹ ’ਚ ਬੰਦ ਹਵਾਲਾਤੀ ਦੀ ਮੌਤ

ਸੰਗਰੂਰ, 6 ਮਾਰਚ (ਪਰਮਜੀਤ ਸਿੰਘ ਲੱਡਾ)- ਲੰਘੀਆਂ ਪੰਚਾਇਤੀ ਚੋਣਾਂ ਵਿਚ ਨੇੜਲੇ ਪਿੰਡ ਫਤਿਹਗੜ੍ਹ ਛੰਨਾ ਵਿਚ ਹੋਏ ਝਗੜੇ ਦੌਰਾਨ ਪਿੰਡ ਦੇ ਕੁਝ ਲੋਕਾਂ ਵਲੋਂ ਚੋਣ ਅਮਲੇ ਨਾਲ ਕੀਤੀ ਲੜਾਈ ਵਿਚ ਪੁਲਿਸ ਵਲੋਂ ਕਥਿਤ ਤੌਰ ਤੇ ਬੂਥ ਕੈਪਚਰਿੰਗ ਦੇ ਦੋਸ਼ੀ ਪਾਏ ਗਏ ਇਕ ਵਿਅਕਤੀ ਦੀ ਸਿਵਲ ਹਸਪਤਾਲ ਵਿਚ ਮੌਤ ਹੋ ਗਈ ਜੋ ਕਿ ਜੇਲ੍ਹ ਵਿਚ ਬੰਦ ਸੀ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤੀਹ ਦਸੰਬਰ ਨੂੰ ਹੋਈਆਂ ਪੰਚਾਇਤ ਚੋਣਾਂ ਵਿਚ ਪਿੰਡ ਫਤਹਿਗੜ੍ਹ ਛੰਨਾ ਦੇ ਬੂਥ ਉਤੇ ਹੋਈ ਲੜਾਈ ਦੌਰਾਨ ਨਰਸੀ ਸਿੰਘ ਤੇ ਬੂਥ ਕੈਪਚਰਿੰਗ ਦਾ ਕਥਿਤ ਤੌਰ ਪਰਚਾ ਦਰਜ ਹੋਇਆ ਸੀ ਤੇ ਉਕਤ ਵਿਅਕਤੀ ਜੇਲ੍ਹ ਵਿਚ ਹਵਾਲਾਤੀ ਦੇ ਤੌਰ ਤੇ ਬੰਦ ਸੀ ਤੇ ਬਿਮਾਰ ਹੋਣ ਕਾਰਨ 21 ਫਰਵਰੀ ਤੋਂ ਸਿਵਲ ਹਸਪਤਾਲ ਸੰਗਰੂਰ ਵਿਚ ਦਾਖ਼ਲ ਸੀ ਕਿ ਜਿਸ ਦੀ ਅਜ ਇਲਾਜ ਦੌਰਾਨ ਮੌਤ ਹੋ ਗਈ। ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਨਰਸੀ ਸਿੰਘ ਦੀ ਮੌਤ ਦਾ ਕਾਰਨ ਪੁਲਸ ਵਲੋਂ ਕੀਤੀ ਗਈ ਕੁਟਮਾਰ ਹੈ ਨਾ ਕਿ ਕੋਈ ਬੀਮਾਰੀ। ਨਰਸੀ ਸਿੰਘ ਦੇ ਸਪੁਤਰ ਮਨਜੀਤ ਸਿੰਘ ਨੇ ਕਿਹਾ ਕਿ ਪੁਲਸ ਕਸਟਡੀ ਵਿਚ ਉਨ੍ਹਾਂ ਦੇ ਪਿਤਾ ਦੀ ਬੁਰੀ ਤਰ੍ਹਾਂ ਕੁਟਮਾਰ ਕੀਤੀ ਗਈ ਜਿਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਸਨ ਅਤੇ ਪਿਛਲੇ ਕਾਫੀ ਦਿਨਾਂ ਤੋਂ ਸਿਹਤ ਪਖੋਂ ਨਾਜ਼ੁਕ ਹਲਾਤਾਂ ਵਿਚੋਂ ਗੁਜ਼ਰ ਰਹੇ ਸਨ। ਖਬਰ ਲਿਖੇ ਜਾਣ ਤਕ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਿਆ ਗਿਆ ਸੀ ਜਿਸ ਦਾ ਸਵੇਰੇ ਪੋਸਟਮਾਰਟਮ ਹੋਵੇਗਾ।

Send this to a friend