ਬਰਨਾਲਾ (ਤਰਨਜੀਤ ਸਿੰਘ ਗੋਲਡੀ)- ਬਰਨਾਲਾ ਵਿਚ ਗ਼ਰੀਬ ਪਰਿਵਾਰਾਂ ਦੇ ਪਾਣੀ ਅਤੇ ਸੀਵਰੇਜ ਦੇ ਬਿਲ ਬਰਨਾਲਾ ਨਗਰ ਕੌਂਸਲ ਵਲੋਂ ਮੁਆਫ਼ ਕਰ ਦਿਤੇ ਗਏ ਹਨ। ਇਸ ਸੰਬੰਧੀ ਫੈਸਲਾ ਹਾਊਸ ਮੀਟਿੰਗ ਵਿਚ ਲਿਆ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿਲੋਂ ਨੇ ਇਸ ਸਬੰਧੀ ਬੀਤੇ ਦਿਨੀਂ ਆਵਾਜ਼ ਚੁਕੀ ਸੀ ਅਤੇ ਇਹ ਸਾਰਾ ਮਾਮਲਾ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿਧੂ ਦੇ ਧਿਆਨ ਵਿਚ ਲਿਆਂਦਾ ਸੀ। ਉਧਰ ਇਸ ਸੰਬੰਧੀ ਵਿਸ਼ੇਸ਼ ਗਲਬਾਤ ਕਰਦੇ ਹੋਏ ਕੇਵਲ ਸਿੰਘ ਢਿਲੋਂ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਹਮੇਸ਼ਾਂ ਹੀ ਲੋਕ ਵਿਰੋਧੀ ਫੈਸਲੇ ਕੀਤੇ ਸਨ। ਉਨ੍ਹਾਂ ਕਿਹਾ ਸਾਲ 2013 ਵਿਚ ਨਗਰ ਕੌਂਸਲ ਬਰਨਾਲਾ ਵਿੱਚ ਅਕਾਲੀ ਦਲ ਦਾ ਕਬਜ਼ਾ ਸੀ। ਉਸ ਵੇਲੇ ਕਮੇਟੀ ਵਲੋਂ ਮਤਾ ਪਾਸ ਕਰਕੇ ਪੰਜ ਮਰਲੇ ਤੋਂ ਘਟ ਮਕਾਨਾਂ ਦੇ ਸੀਵਰੇਜ ਅਤੇ ਪਾਣੀ ਦੇ ਬਿਲ ਵਸੂਲਣ ਦਾ ਲੋਕ ਵਿਰੋਧੀ ਫ਼ੈਸਲਾ ਕੀਤਾ ਗਿਆ ਸੀ ਅਤੇ ਲੋਕਾਂ ਨੂੰ ਬਿਲ ਭੇਜੇ ਗਏ ਸਨ। ਕੇਵਲ ਢਿਲੋਂ ਨੇ ਕਿਹਾ ਕਿ ਇਹ ਗਰੀਬ ਲੋਕਾਂ ਨਾਲ ਸਰਾਸਰ ਧਕਾ ਸੀ ਅਤੇ ਉਹ ਇਸ ਧਕੇ ਦੇ ਖਿਲਾਫ ਸ਼ੁਰੂ ਤੋਂ ਹੀ ਆਵਾਜ਼ ਚੁਕਦੇ ਆਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ ਵਿਚ ਕਿਸੇ ਵੀ ਹਾਲ ਵਿਚ ਗਰੀਬਾਂ ਨਾਲ ਧਕਾ ਨਹੀਂ ਹੋਣ ਦਿਤਾ ਜਾਵੇਗਾ। ਇਲਾਕੇ ਦੇ ਲੋਕ ਵੀ ਪਾਣੀ ਅਤੇ ਸੀਵਰੇਜ ਦੇ ਬਿਲ ਮਾਫ ਕਰਵਾਉਣ ਦਾ ਸਿਹਰਾ ਕੇਵਲ ਸਿੰਘ ਢਿਲੋਂ ਦੇ ਸਿਰ ਬੰਨ ਰਹੇ ਹਨ। ਇਸ ਫੈਸਲੇ ਨਾਲ ਤਕਰੀਬਨ 4 ਤੋਂ 5 ਹਜ਼ਾਰ ਪਰਿਵਾਰਾਂ ਨੂੰ 95 ਲਖ ਤਕ ਬਿਜਲੀ ਅਤੇ ਸੀਵਰੇਜ ਦੇ ਬਿਲ ਮੁਆਫੀ ਦਾ ਲਾਭ ਮਿਲੇਗਾ।