May 15, 2026 6:16 am

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਧਿਆਪਕਾਂ ਨਾਲ ਮੀਟਿੰਗ ਅੱਜ

ਸ਼ਹਿਣਾ, 4 ਮਾਰਚ (ਸੁਖਵਿੰਦਰ ਸਿੰਘ ਧਾਲੀਵਾਲ)- ਕਾਫੀ ਲੰਬੇ ਸਮੇਂ ਬਾਅਦ ਕੈਪਟਨ ਅਮਰਿੰਦਰ ਸਿੰਘ ਮੁਖ ਮੰਤਰੀ ਪੰਜਾਬ ਦੀ ਇਕ ਅਹਿਮ ਮੀਟਿੰਗ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਨਾਲ ਅਜ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਪੂਰੇ ਪੰਜਾਬ ਦੇ ਅਧਿਆਪਕ ਵਰਗ ਵਿਚ ਇਸ ਮੀਟਿੰਗ ਤੋਂ ਕਾਫੀ ਜਿਆਦਾ ਉਮੀਦਾਂ ਹਨ।ਅਧਿਆਪਕ ਆਗੂ ਗੁਰਪ੍ਰੀਤ ਸਿੰਘ ਭੋਤਨਾ ਨੇ ਦਸਿਆ ਕਿ ਪਿਛਲੇ10-12 ਸਾਲਾਂ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਐਮ.ਏ.ਬੀ.ਐਡ ਪਾਸ ਸਿਖਿਆ ਪ੍ਰੋਵਾਈਡਰ ਅਧਿਆਪਕ ਬਹੁਤ ਹੀ ਨਿਗੂਣੀਆਂ ਤਨਖਾਹਾਂ 8-10 ਹਜ਼ਾਰ ਤੇ ਬਹੁਤ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ।ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਸਿਖਿਆ ਪ੍ਰੋਵਾਈਡਰਾਂ ਨੇ ਮੁਹਾਲੀ ਵਿਖੇ 419 ਦਿਨ ਲਗਾਤਾਰ ਭੁਖ ਹੜਤਾਲ ਕੀਤੀ ਸੀ,ਉਸ ਸਮੇਂ ਦੀ ਅਕਾਲੀ ਭਾਜਪਾ ਸਰਕਾਰ ਨੇ ਕੋਈ ਸਾਰ ਨਹੀਂ ਸੀ ਲਈ ਪ੍ਰੰਤੂ ਮਿਤੀ 28 ਦਸੰਬਰ 2015 ਨੂੰ ਕੈਪਟਨ ਅਮਰਿੰਦਰ ਸਿੰਘ ਮੁਖ ਮੰਤਰੀ ਪੰਜਾਬ,ਆਪਣੇ
ਸਾਥੀਆਂ ਚਰਨਜੀਤ ਸਿੰਘ ਚੰਨੀ ਅਤੇ ਕੇ.ਪੀ.ਰਾਣਾ ਜੀ ਨੇ ਨਾਲ ਮੁਹਾਲੀ ਧਰਨੇ ਵਿਚ ਪਹੁੰਚ ਕੇ ਹਮਦਰਦੀ ਜਤਾਈ ਸੀ ਅਤੇ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਸਿਖਿਆ ਪ੍ਰੋਵਾਈਡਰਾਂ ਨੂੰ ਪੰਜਾਬ ਕੈਬਨਿਟ ਦੀ ਪਹਿਲੀ ਮੀਟਿੰਗ ਵਿਚ ਹੀ ਰੈਗੂਲਰ ਕਰ ਦਿਤਾ ਜਾਵੇਗਾ।ਉਨ੍ਹਾਂ ਕਿਹਾ ਸੀ ਕਿ ਮੈਨੂੰ ਹੈਰਾਨੀ ਹੋ ਰਹੀ ਹੈ ਕਿ ਉਚ ਯੋਗਤਾ ਪ੍ਰਾਪਤ ਅਧਿਆਪਕ 8-10 ਹਜ਼ਾਰ ਨਾਲ ਕਿਵੇਂ ਘਰ ਦਾ ਗੁਜ਼ਾਰਾ ਕਰਦੇ ਹੋਣਗੇ ਜਦਕਿ ਇਨ੍ਹਾਂ ਨਾਲੋਂ ਵਧ ਤਨਖਾਹ ਤਾਂ ਮੇਰਾ ਅਣਪੜ੍ਹ ਮਾਲੀ ਲੈਂਦਾ ਹੈ, ਬਰਾਬਰ ਕੰਮ ਬਰਾਬਰ ਤਨਖਾਹ ਦਾ ਕਨੂੰਨ ਇਨ੍ਹਾਂ ਤੇ ਲਾਗੂ ਹੋਣਾ ਚਾਹੀਦਾ ਹੈ।ਸੋ ਅਜ ਦੀ ਮੀਟਿੰਗ ਵਿਚ ਉਕਤ ਕੀਤੇ ਵਾਅਦੇ ਕੈਪਟਨ ਅਮਰਿੰਦਰ ਸਿੰਘ ਜੀ ਤੁਰੰਤ ਪੂਰੇ ਕਰਨ ਅਤੇ 6625 ਸਿਖਿਆ ਪ੍ਰੋਵਾਈਡਰਾਂ ਦੇ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨ ਤਾਂ ਜੋ ਪਿਛਲੇ10-12 ਸਾਲਾਂ ਤੋਂ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਸਿਖਿਆ ਪ੍ਰੋਵਾਈਡਰਾਂ ਨੂੰ ਸੁਖ ਦਾ ਸਾਹ ਮਿਲ ਸਕੇ।ਜੇਕਰ ਹੁਣ ਵੀ ਲਾਰੇ ਲਾਓ ਡੰਗ ਟਪਾਓ ਦੀ ਨੀਤੀ ਅਪਣਾਈ ਗਈ ਤਾਂ ਪੂਰੇ ਪੰਜਾਬ ਦੇ ਸਿਖਿਆ ਪ੍ਰੋਵਾਈਡਰ ਅਧਿਆਪਕ ਅਧਿਆਪਕ ਸੰਘਰਸ਼ ਕਮੇਟੀ ਦੇ ਝੰਡੇ ਥਲੇ ਤਿਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ।

Send this to a friend