May 13, 2026 4:56 pm

ਸੀ-ਵੀਜਿਲ ਐਪ ਰਾਹੀਂ ਆਮ ਨਾਗਰਿਕ ਦੀ ਚੋਣਾਂ ਸਬੰਧੀ ਸ਼ਿਕਾਇਤ ਸਮਾਂਬਧ ਤਰੀਕੇ ਨਾਲ ਨਿਪਟਾਈ ਜਾਵੇਗੀ : ਜ਼ਿਲ੍ਹਾ ਚੋਣ ਅਫ਼ਸਰ

ਮਾਨਸਾ (ਜਗਦੀਸ਼ ਬਾਂਸਲ): ਭਾਰਤੀ ਚੋਣ ਕਮਿਸ਼ਨ ਵਲੋਂ ਬਣਾਏ ਗਏ ਸੀ-ਵੀਜਿਲ (ਸਿਟੀਜ਼ਨ ਵੀਜਿਲ) ਐਪ ਰਾਹੀਂ ਆਮ ਨਾਗਰਿਕ ਦੀ ਚੋਣਾਂ ਸਬੰਧੀ ਸ਼ਿਕਾਇਤ ਦਾ ਸਮਾਂਬਧ ਤਰੀਕੇ ਨਾਲ ਨਿਪਟਾਰਾ ਕੀਤਾ ਜਾ ਰਿਹਾ ਹੈ। ਲੋਕ ਸਭਾ ਚੋਣਾਂ 2019 ਦੇ ਆਦਰਸ਼ ਚੋਣ ਜਾਬਤੇ ਦੀ ਉਲੰਘਣਾਂ ਸਬੰਧੀ ਸ਼ਿਕਾਇਤਾਂ ਆਸਾਨੀ ਨਾਲ ਇਸ ਐਪ ਉਤੇ ਦਰਜ ਕਰਵਾਈਆਂ ਜਾ ਸਕਦੀਆਂ ਹਨ।ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮਾਨਸਾ ਮਿਸ ਅਪਨੀਤ ਰਿਆਤ ਨੇ ਇਹ ਜਾਣਕਾਰੀ ਅਜ ਚੋਣ ਅਮਲੇ ਦੀ ਸਿਖਲਾਈ ਦੌਰਾਨ ਦਿਤੀ। ਬੈਠਕ ਦੌਰਾਨ ਉਨ੍ਹਾਂ ਕਿਹਾ ਕਿ ਆਮ ਜਨਤਾ ਨੂੰ ਇਹ ਐਪ ਵਧ ਤੋਂ ਵਧ ਡਾਊਨਲੋਡ ਕਰਕੇ ਇਸਤੇਮਾਲ ਕਰਨ ਲਈ ਪ੍ਰੇਰਿਆ ਜਾਵੇ ਤਾਂ ਜੋ ਨਿਰਪਖ ਚੋਣਾਂ ਕਰਵਾਉਣ ‘ਚ ਉਹ ਆਪਣਾ ਵਡਮੁਲਾ ਯੋਗਦਾਨ ਪਾਉਣ। ਇਸੇ ਤਰਾਂ ਸਿਆਸੀ ਪਾਰਟੀਆਂ ਲਈ ਸੁਵਿਧਾ ਐਪ ਬਣਾਈ ਗਈ ਹੈ, ਜਿਸ ਨਾਲ ਹਰ ਤਰਾਂ ਦੀ ਚੋਣਾਂ ਸਬੰਧੀ ਆਗਿਆ ਲਈ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਸਿਆਸੀ ਪਾਰਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਚੋਣਾਂ ਦੌਰਾਨ ਇਕਠ ਕਰਨ, ਲਾਊਡ ਸਪੀਕਰ ਲਗਾਉਣ ਆਦਿ ਸਬੰਧੀ ਸਾਰੀਆਂ ਆਗਿਆਵਾਂ ਲੈਣ ਲਈ ਅਪਲਾਈ ਕਰਨ।ਬੈਠਕ ਦੌਰਾਨ ਆਦਰਸ਼ ਚੋਣ ਜ਼ਾਬਤੇ ਦੇ ਲਾਗੂ ਹੁੰਦੇ ਹੀ ਚੋਣ ਅਮਲੇ ਵਲੋਂ ਧਿਆਨ ਵਿਚ ਰਖਣ ਵਾਲੀਆਂ ਗਲਾਂ ਅਤੇ ਨਿਯਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਤੀ ਗਈ। ਉਨ੍ਹਾਂ ਨਿਰਦੇਸ਼ ਦਿਤੇ ਕਿ ਸਿਆਸੀ ਪਾਰਟੀਆਂ ਦੇ ਖਰਚੇ ਦੀ ਨਿਗਰਾਨ ਸਬੰਧੀ ਬਣਾਈਆਂ ਗਈਆਂ ਕਮੇਟੀਆਂ ਆਪਣਾ ਕੰਮ ਤਨਦੇਹੀ ਨਾਲ ਕਰਨ। ਖਰਚਾ ਰਜਿਸਟਰ ਦੇ ਨਾਲ ਨਾਲ ਸ਼ੈਡੋ (ਪਰਛਾਵਾਂ) ਰਜਿਸਟਰ ‘ਚ ਵੀ ਨਾਲ-ਨਾਲ ਖਰਚਾ ਦਰਜ ਕਰਨਾ ਜਰੂਰੀ ਹੈ। ਇਸੇ ਤਰਾਂ ਪੁਲਿਸ ਵਲੋਂ ਚੋਣਾਂ ਦੌਰਾਨ ਸੁਰਖਿਆ ਸਬੰਧੀ ਕੀਤੇ ਜਾਣ ਵਾਲੇ ਇੰਤਜਾਮ ਸਬੰਧੀ ਵੀ ਜਾਣਕਾਰੀ ਦਿਤੀ ਗਈ। ਨਾਮਜਦਗੀ ਪਤਰ ਦਾਇਰ ਕਰਨ ਤੋਂ ਲੈ ਕੇ ਨਤੀਜੇ ਆਉਣ ਤਕ ਸਾਰੇ ਚੋਣ ਅਮਲੇ ਨੂੰ ਦਿਤੀਆਂ ਗਈਆਂ ਜਿੰਮੇਵਾਰੀਆਂ ਬਾਰੇ ਜਾਣਕਾਰੀ ਵੀ ਦਿਤੀ ਗਈ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰ. ਗੁਰਮੀਤ ਸਿੰਘ ਸਿਧੂ, ਐਸ.ਡੀ.ਐਮ. ਮਾਨਸਾ ਸ੍ਰੀ ਅਭੀਜੀਤ ਕਪਲਿਸ਼, ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਲਤੀਫ਼ ਅਹਿਮਦ, ਐਸ.ਡੀ.ਐਮ. ਬੁਢਲਾਡਾ ਸ੍ਰੀ ਆਦਿਤਯ ਢਚਵਾਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਦਿਨੇਸ਼ ਵਸ਼ਿਸ਼ਟ, ਚੋਣ ਤਹਿਸੀਲਦਾਰ ਸ੍ਰੀ ਗੁਰਚਰਨ ਸਿੰਘ ਤੋਂ ਇਲਾਵਾ ਵਖ-ਵਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

Send this to a friend