May 14, 2026 1:09 am

ਬੇਰੁਜ਼ਗਾਰ ਪ੍ਰਾਰਥੀ ਜ਼ਿਲ੍ਹਾ ਪੱਧਰੀ ਰੋਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਭ ਉਠਾਉਣ : ਘਨਸ਼ਿਆਮ ਥੋਰੀ

ਸੰਗਰੂਰ, 18 ਫਰਵਰੀ (ਪਰਮਜੀਤ ਸਿੰਘ ਲੱਡਾ)- ਰਾਜ ਸਰਕਾਰ ਦੀ ਘਰ ਘਰ ਰੋਜ਼ਗਾਰ ਯੋਜਨਾ ਤਹਿਤ ਆਯੋਜਿਤ ਕੀਤੇ ਜਾ ਰਹੇ ਜ਼ਿਲ੍ਹਾ ਪੱਧਰੀ ਮੈਗਾ ਰੋਜ਼ਗਾਰ ਮੇਲਿਆਂ ਵਿੱਚ ਬੇਰੁਜ਼ਗਾਰ ਨੌਜਵਾਨ ਵਰਗ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਆਪਣੀ ਵਿੱਦਿਅਕ ਯੋਗਤਾ ਅਤੇ ਹੁਨਰ ਦੇ ਆਧਾਰ ’ਤੇ ਵੱਖ-ਵੱਖ ਕੰਪਨੀਆਂ ਅੰਦਰ ਨੌਕਰੀ ਕਰਨ ਦੇ ਸੁਨਿਹਰੇ ਮੌਕੇ ਦਾ ਲਾਭ ਲੈਣਾ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਈ ਗੁਰਦਾਸ ਕਾਲਜ ਘਾਬਦਾਂ ਵਿਖੇ ਲਗਾਏ ਰੋਜ਼ਗਾਰ ਮੇਲੇ ਦੌਰਾਨ ਨੌਕਰੀ ਹਾਸਿਲ ਕਰਨ ਆਏ ਪ੍ਰਾਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਡਿਪਟੀ ਕਮਿਸ਼ਨਰ ਸ੍ਰੀ ਥੋਰੀ ਨੇ ਦੱਸਿਆ ਕਿ ਰੋਜ਼ਗਾਰ ਮੇਲੇ ਉਦਯੋਗਪਤੀਆਂ ਅਤੇ ਬੇਰੁਜ਼ਗਾਰ ਨੌਜਵਾਨਾਂ ਲਈ ਕੜੀ ਦਾ ਕੰਮ ਕਰ ਰਹੇ ਹਨ, ਇਹਨਾਂ ਮੇਲਿਆਂ ਰਾਹੀ ਕੰਪਨੀਆਂ ਨੂੰ ਜਿੱਥੇ ਕੰਮ ਕਰਨ ਲਈ ਯੋਗ ਉਮੀਦਵਾਰ ਆਸਾਨੀ ਨਾਲ ਮਿਲ ਜਾਂਦੇ ਹਨ, ਉਥੇ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਆਪਣੇ ਪਸੰਦੀਦਾ ਅਦਾਰੇ ਜਾਂ ਕੰਪਨੀ ਅੰਦਰ ਕੰਮ ਕਰਨ ਦਾ ਮੌਕਾ ਵੀ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ 13 ਫਰਵਰੀ ਨੂੰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਸੁਨਾਮ ਵਿਖੇ ਲਗਾਏ ਰੋਜ਼ਗਾਰ ਮੇਲੇ ਦੌਰਾਨ 443 ਅਤੇ 15 ਫਰਵਰੀ ਨੂੰ ਯੂਨੀਵਰਸਿਟੀ ਕਾਲਜ ਬੇਨੜਾ ਵਿਖੇ 368 ਉਮੀਦਵਾਰਾਂ ਦੀ ਨੌਕਰੀ ਲਈ ਚੋਣ ਕੀਤੀ ਗਈ। ਸ਼੍ਰੀ ਥੋਰੀ ਨੇ ਦੱਸਿਆ ਕਿ ਭਾਈ ਗੁਰਦਾਸ ਕਾਲਜ ਵਿਖੇ ਲਗਾਏ ਤੀਜੇ ਰੋਜ਼ਗਾਰ ਮੇਲੇ ਦੌਰਾਨ ਰਜਿਸਟਰਡ ਹੋਏ 764 ਬਿਨੇਕਾਰਾਂ ਵਿੱਚੋਂ 400 ਯੋਗ ਬਿਨੇਕਾਰਾਂ ਦੀ ਨੌਕਰੀਆਂ ਲਈ ਚੋਣ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਮੌਕੇ ’ਤੇ ਹੀ 73 ਪ੍ਰਾਰਥੀਆਂ ਨੂੰ ਪਲੇਸਮੈਂਟ ਪੱਤਰ ਪ੍ਰਦਾਨ ਕੀਤੇ। ਉਨ੍ਹਾਂ ਦੱਸਿਆ ਕਿ 20 ਫਰਵਰੀ ਨੂੰ ਬਾਬਾ ਹੀਰਾ ਸਿੰਘ ਭੱਠਲ ਕਾਲਜ ਲਹਿਰਾਗਾਗਾ, 21 ਫਰਵਰੀ ਨੂੰ ਸਰਕਾਰੀ ਕਾਲਜ ਮਲੇਰਕੋਟਲਾ ਅਤੇ 22 ਫਰਵਰੀ ਨੂੰ ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ ਵਿਖੇ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ਐਸ.ਡੀ.ਐਮ. ਸੰਗਰੂਰ ਅਵਿਕੇਸ਼ ਗੁਪਤਾ, ਸੀਨੀਅਰ ਕਾਂਗਰਸੀ ਆਗੂ ਮੇਜਰ ਸਿੰਘ ਸੇਖੋਂ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਅਰਵਿੰਦਰ ਕੌਰ ਸਮੇਤ ਹੋਰ ਅਧਿਕਾਰੀ ਅਤੇ ਆਗੂ ਹਾਜ਼ਰ ਸਨ।

Send this to a friend