ਅੰਮ੍ਰਿਤਸਰ, 17 ਫ਼ਰਵਰੀ- ਸ: ਨਿਰਮਲ ਸਿੰਘ ਚੀਫ਼ ਖ਼ਾਲਸਾ ਦੀਵਾਨ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਉਨ੍ਹਾਂ ਨੇ ਇਸ ਸੰਗਠਨ ਦੀਆਂ ਆਮ ਚੋਣਾਂ ਦੌਰਾਨ ਸ: ਸਰਬਜੀਤ ਸਿੰਘ ਨੂੰ ਹਰਾਇਆ ਹੈ। ਸਮਾਜਿਕ–ਧਾਰਮਿਕ ਸੰਗਠਨ ਚੀਫ਼ ਖ਼ਾਲਸਾ ਦੀਵਾਨ ਦਾ ਮੁਖ ਦਫ਼ਤਰ ਅੰਮ੍ਰਿਤਸਰ ਵਿਖੇ ਸਥਿਤ ਹੈ। ਸ: ਨਿਰਮਲ ਸਿੰਘ ਦੇ ਗਰੁਪ ਨੇ ਇਨ੍ਹਾਂ ਚੋਣਾਂ ਵਿਚ ਹੂੰਝਾਂ–ਫੇਰ ਜਿਤ ਹਾਸਲ ਕੀਤੀ ਹੈ। ਚੀਫ਼ ਖ਼ਾਲਸਾ ਦੀਵਾਨ ਨਾਂਅ ਦਾ ਇਹ ਅਹਿਮ ਸਿਖ ਸੰਗਠਨ 111 ਵਰ੍ਹੇ ਪਹਿਲਾਂ ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀ ਭਾਈ ਵੀਰ ਸਿੰਘ ਹੁਰਾਂ ਦੇ ਯਤਨਾਂ ਸਦਕਾ ਕਾਇਮ ਹੋਇਆ ਸੀ। ਇਹ ਪੰਜਾਬ ਭਰ ਵਿਚ ਮੌਜੂਦ ਵਖੋ–ਵਖਰੀਆਂ ਸਿੰਘ ਸਭਾਵਾਂ ਦੀ ਕੇਂਦਰੀ ਜਥੇਬੰਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਂਗ ਇਹ ਕੋਈ ਸਿਆਸੀ ਸੰਗਠਨ ਨਹੀਂ ਹੈ, ਇਸ ਦਾ ਸਬੰਧ ਸਿਰਫ਼ ਧਾਰਮਿਕ, ਵਿਦਿਅਕ ਤੇ ਸਭਿਆਚਾਰਕ ਮਾਮਲਿਆਂ ਨਾਲ ਹੁੰਦਾ ਹੈ। ਇਸ ਵੇਲੇ ਚੀਫ਼ ਖ਼ਾਲਸਾ ਦੀਵਾਨ ਵਲੋਂ 47 ਸਕੂਲ, 3 ਕਾਲਜ, ਯਤੀਮਖਾਨੇ, ਬਿਰਧ ਆਸ਼ਰਮ, ਹਸਪਤਾਲ ਤੇ ਕਲੀਨਿਕ ਚਲਾਏ ਜਾ ਰਹੇ ਹਨ। ਇਸ ਦਾ ਆਪਣਾ ਇਕ ‘ਨਿਊਜ਼–ਲੈਟਰ’ ‘ਖ਼ਾਲਸਾ ਐਡਵੋਕੇਟ’ ਵੀ ਪ੍ਰਕਾਸ਼ਿਤ ਹੁੰਦਾ ਰਿਹਾ ਹੈ।