May 13, 2026 2:23 pm

ਹਿੰਦੂ ਸੰਗਠਨਾਂ ਨੇ ਪਾਕਿਸਤਾਨ ਦਾ ਫੂਕਿਆ ਪੁਤਲਾ

ਬਠਿੰਡਾ, 15 ਫਰਵਰੀ (ਪਰਮਿੰਦਰ ਬਾਂਸਲ)- ਜੈਸ-ਏ-ਮੁਹੰਮਦ ਵੱਲੋਂ ਪਾਕਿਸਤਾਨ ਦੀ ਸ਼ਹਿ ਤੇ ਬੀਤੇ ਦਿਨ ਜੰਮੂ ਕਸ਼ਮੀਰ ਦੇ ਪਲਵਾਮਾ ਜਿਲ੍ਹੇ ਵਿੱਚ ਸੀਆਰਪੀਐਫ ਦੇ ਕਾਫਲੇ ਤੇ ਕੀਤੇ ਗਏ ਦਹਿਸ਼ਤਗਰਦੀ ਹਮਲੇ ਜਿਸ ਵਿੱਚ ਕਰੀਬ 42 ਜਵਾਨਾਂ ਦੀ ਦਰਦਨਾਕ ਮੌਤ ਹੋ ਗਈ, ਇਸ ਹਮਲੇ ਪ੍ਰਤੀ ਪੂਰੇ ਦੇਸ਼ ਵਿੱਚ ਪਾਕਿਸਤਾਨ ਖਿਲਾਫ ਅੱਗ ਭੜਕੀ ਹੋਈ ਹੈ, ਹਿੰਦੂ ਸੰਗਠਨਾਂ, ਸਮਾਜ ਸੇਵੀ ਸੰਸਥਾਵਾਂ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਇਸ ਹਮਲੇ ਲਈ ਜ਼ਿੰਮੇਵਾਰ ਪਾਕਿਸਤਾਨ ਖਿਲਾਫ ਜਬਰਦਸਤ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਪੰਜਾਬ ਵਿੱਚ ਵੀ ਰੋਸ ਪ੍ਰਦਰਸ਼ਨ ਹੋਏ ਤੇ ਬਠਿੰਡਾ ਵਿੱਚ ਪਾਕਿਸਤਾਨ ਦਾ ਪੁਤਲਾ ਫੂਕਿਆ ਗਿਆ ਜਿਸਦੀ ਅਗਵਾਈ ਭਾਜਪਾ ਦੇ ਸਾਬਕਾ ਚੇਅਰਮੈਨ ਮੋਹਨ ਲਾਲ ਗਰਗ, ਜਿਲ੍ਹਾ ਪ੍ਰਧਾਨ ਵਿਨੋਦ ਕੁਮਾਰ ਬਿੰਟਾ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਸੁਖਪਾਲ ਸਰਾਂ, ਅਖਿਲ ਭਾਰਤੀਆ
ਵਿਦਿਆਰਥੀ ਪ੍ਰੀਸ਼ਦ ਦੇ ਆਗੂ ਆਸ਼ੂਤੋਸ਼, ਸੰਦੀਪ ਅੱਗਰਵਾਲ, ਯੋਗੇਸ਼ ਬਾਤਿਸ਼, ਅਸ਼ੋਕ ਬਾਲਿਆਂਵਾਲੀ ਆਦਿ ਵੱਲੋਂ ਕੀਤੀ ਗਈ ਅਤੇ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ ਤੋਂ ਮੰਗ ਕੀਤੀ ਕਿ ਇਸ ਹਮਲੇ ਦਾ ਵਿਰੋਧੀ ਤਾਕਤਾਂ ਅਤੇ ਅੱਤਵਾਦੀ ਸੰਗਠਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ ਤਾਂ ਜੋ ਦੇਸ਼ ਦੇ 150 ਕਰੋੜ ਨਾਗਰਿਕਾਂ ਦੇ ਗੁੱਸੇ ਦੀ ਅੱਗ ਸ਼ਾਂਤ ਹੋ ਸਕੇ। ਉਹਨਾ ਚਿੰਤਾ ਜਾਹਰ ਕੀਤੀ ਕਿ ਆਖਰ ਕਦੋਂ ਤੱਕ ਭਾਰਤ ਦੇ ਜਵਾਨ ਇਸ ਤਰ੍ਹਾਂ ਮਰਦੇ ਰਹਿਣਗੇ। ਉਹਨਾ ਇਸ ਦਹਿਸ਼ਤਗਰਦੀ ਹਮਲੇ ਤੇ ਮੂੰਹ ਤੋੜਵਾਂ ਜਵਾਬ ਦੇਣ ਦੀ ਉਮੀਦ ਜਤਾਈ।

Send this to a friend