ਚੰਡੀਗੜ੍ਹ, 11 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਪਰਾਲੀ ਸਾੜੇ ਜਾਣ ਨੂੰ ਰੋਕਣ ਅਤੇ ਨਵਿਆਉਣਯੋਗ ਊਰਜਾ ਨੂੰ ਬੜ੍ਹਾਵਾ ਦੇਣ ਵੱਲ ਇੱਕ ਅਹਿਮ ਕਦਮ ਪੁੱਟਦੇ ਹੋਏ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ 630 ਕਰੋੜ ਰੁਪਏ ਵਾਲੇ ਬਾਇਓ-ਫਿਊਲ ਪ੍ਰਾਜੈਕਟ ਲਈ ਵਿਰਗੋ ਕਾਰਪੋਰੇਸ਼ਨ ਨਾਲ ਇੱਕ ਸਮਝੌਤੇ ’ਤੇ ਸਹੀ ਪਾਈ ਹੈ। ਇਸ ਦੇ ਵਾਸਤੇ ਅਮਰੀਕਾ ਦੀ ਹਨੀਵੈਲ ਵੱਲੋਂ ਤਕਨੋਲੌਜੀ ਮੁਹੱਈਆ ਕਰਵਾਈ ਜਾਵੇਗੀ। ਵਿਰਗੋ ਝੋਨੇ ਦੀ ਪਰਾਲੀ ਤੋਂ ਬਾਇਓ ਫਿਊਲ ਬਨਾਉਣ ਲਈ ਇਹ ਤਕਨੋਲੌਜੀ ਵਰਤਣ ਵਾਸਤੇ ਰੈਪਿਡ ਥਰਮਲ ਪ੍ਰੋਸੈਸਿੰਗ ਪਲਾਂਟ ਸਥਾਪਿਤ ਕਰੇਗੀ। ਇਹ 150 ਸਿੱਧੀਆਂ ਤੇ 500 ਅਸਿੱਧੀਆਂ ਨੌਕਰੀਆਂ ਮੁਹੱਈਆ ਕਰਵਾਏਗੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਭਾਰਤ ਵਿੱਚ ਅਮਰੀਕਾ ਦੇ ਰਾਜ ਦੂਤ ਕੇਂਨਥ ਆਈ ਜਸਟਿਰ ਦੀ ਹਾਜ਼ਰੀ ਵਿੱਚ ਇਸ ਸਮਝੌਤੇ ’ਤੇ ਹਸਤਾਖਰ ਕੀਤੇ।