ਫਿਰੋਜ਼ਪੁਰ, 5 ਫਰਵਰੀ (ਰਵੀ ਸ਼ਰਮਾ)- ਭਾਰਤ-ਪਾਕਿਸਤਾਨ ਦੀ ਸਰਹੱਦੀ ਚੌਂਕੀ ਜਗਦੀਸ਼ ਦੇ ਇਲਾਕੇ ਵਿਚੋਂ ਬੀਐਸਐਫ ਵਲੋਂ ਕਰੀਬ 4 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿਚ ਕੀਮਤ ਕਰੀਬ 21 ਕਰੋੜ ਰੁਪਏ ਹੈ। ਜਾਣਕਾਰੀ ਦਿੰਦੇ ਹੋਏ ਬੀਐਸਐਫ ਦੀ 193 ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਜਦੋਂ ਸਵੇਰੇ ਬੀਐਸਐਫ ਜਵਾਨ ਸਰਹੱਦ ’ਤੇ ਗਸ਼ਤ ਕਰ ਰਹ ਸਨ ਤਾਂ ਇਸ ਦੌਰਾਨ ਸਰਹੱਦ ’ਤੇ ਜਵਾਨਾਂ ਨੂੰ ਕੁਝ ਸ਼ੱਕੀ ਲਿਫਾਫੇ ਵਿਖਾਈ ਦਿੱਤੇ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਬੀਐਸਐਫ ਜਵਾਨਾਂ ਵੱਲੋਂ ਲਿਫਾਫਿਆਂ ਨੂੰ ਜ਼ਮੀਨ ਵਿਚੋਂ ਬਾਹਰ ਕੱਢ ਕੇ ਚੈਕ ਕੀਤਾ ਗਿਆ ਤਾਂ ਲਿਫਾਫਿਆਂ ਵਿਚੋਂ ਹੈਰੋਇਨ ਬਰਾਮਦ ਹੋਈ, ਜਦੋਂਕਿ ਇਕ ਬੋਤਲ ਵਿਚ ਕਰੀਬ 200 ਗ੍ਰਾਮ ਇਕ ਬੋਤਲ ਵਿਚ ਪੈਕ ਹੋਈ ਪਾਈ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਗੱਲ ਦਾ ਹਾਲੇ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਹੈਰੋਇਨ ਭਾਰਤ ਦੇ ਕਿਸ ਤਸਕਰ ਕੋਲ ਪਹੁੰਚਣੀ ਸੀ ਅਤੇ ਇਸ ਨੂੰ ਭੇਜਣ ਵਾਲਾ ਕੌਣ ਹੈ। ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਦਾ ਖੂਫੀਆ ਵਿਭਾਗ ਜਾਂਚ ਕਰ ਰਿਹਾ ਹੈ।