May 12, 2026 3:47 pm

ਪੰਜ ਪਿਆਰਾ ਪਾਰਕ ਦੀ ਨੁਹਾਰ ਬਦਲਣ ਵਾਲਾ ਅਧਿਕਾਰੀ ਵਣ ਮਾਫੀਆ ਦੀ ਭੇਂਟ ਚੜ੍ਹਿਆ, ਹੋਇਆ ਤਬਾਦਲਾ

ਸ਼ਹਿਰ ਨਿਵਾਸੀਆਂ ਵੱਲੋਂ ਤਬਾਦਲਾ ਰੁਕਵਾਉਣ ਦੀ ਰਾਣਾ ਕੇ ਪੀ ਸਿੰਘ ਨੂੰ ਅਪੀਲ

ਸ੍ਰੀ ਆਨੰਦਪੁਰ ਸਾਹਿਬ, 5 ਫਰਵਰੀ(ਦਵਿੰਦਰਪਾਲ ਸਿੰਘ/ਅੰਕੁਸ਼): ਸਾਲ 1999 ‘ਚ ਖਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਪੰਜ ਪਿਆਰਾ ਪਾਰਕ ਦੀ ਕਈ ਸਾਲਾਂ ਤੋਂ ਚਲਦੀ ਆ ਰਹੀ ਖਸਤਾ ਹਾਲਤ ਨੂੰ ਸੁਧਾਰ ਕੇ ਇਸ ਪਾਰਕ ਦੀ ਨੁਹਾਰ ਬਦਲਣ ਵਾਲੇ ਅਧਿਕਾਰੀ ‘ਤੇ ਵਣ ਮਾਫੀਆ ਭਾਰੂ ਪੈ ਗਿਆ ਹੈ। ਜਿਸ ਕਰਕੇ ਉਸਦੀ ਬਦਲੀ ਇੱਥੋਂ ਕਰ ਦਿੱਤੀ ਗਈ ਹੈ। ਪਰ ਸ਼ਹਿਰ ਨਿਵਾਸੀਆਂ ਨੇ ਇਸ ਅਧਿਕਾਰੀ ਦੀ ਬਦਲੀ ਤੁਰੰਤ ਰੁਕਵਾਉਣ ਦੇ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਨਿਵਾਸੀਆਂ ਦੀ ਸਹੂਲਤ ਦੇ ਲਈ ਇੱਕ ਮਾਤਰਾ ਪਾਰਕ ਜੋ ਕਿ ਪਿਛਲੇ ਕਈ ਸਾਲਾਂ ਤੋਂ ਆਪਣੀ ਤਰਸਯੋਗ ਹਾਲਤ ਦੇ ਨਾਲ ਜੁਝ ਰਿਹਾ ਸੀ ਅਤੇ 15 ਲੱਖ ਰੁਪਏ ਦੇ ਕਰੀਬ ਬਿਜਲੀ ਤੇ ਪਾਣੀ ਦਾ ਬਿੱਲ ਅਦਾ ਨਾ ਹੋਣ ਕਰਕੇ ਬੁਹਤ ਹੀ ਬੁਰੇ ਦੌਰ ‘ਚੋ ਗੁਜ਼ਰ ਰਿਹਾ ਸੀ, ਦੀ ਹਾਲਤ ‘ਚ ਜ਼ਿਕਰਯੋਗ ਸੁਧਾਰ ਲਿਆਉਣ ਵਾਲਾ ਅਧਿਕਾਰੀ ਵਣ ਮਾਫੀਆ ਨੂੰ ਰਾਸ ਨਹੀਂ ਆਇਆ। ਜਿਸ ਕਰਕੇ ਇਸ ਮਾਫੀਆ ਦੇ ਲੋਕਾਂ ਨੇ ਇਸ ਅਧਿਕਾਰੀ ਨੂੰ ਬਦਲਵਾ ਕੇ ਹੀ ਦਮ ਲਿਆ। ਹਾਲਾਂਕਿ ਵਣ ਰੇਂਜ ਅਫਸਰ ਵੱਜੋਂ ਇੱਥੇ ਤੈਨਾਤ ਅਮਰਜੀਤ ਸਿੰਘ ਦੇ ਤਬਾਦਲੇ ਦੇ ਹੋਏ ਹੁਕਮਾਂ ‘ਚ ਕੋਈ ਵਿਸ਼ੇਸ਼ ਕਾਰਨ ਨਹੀਂ ਲਿਖਿਆ ਗਿਆ ਪਰ ਆਲਾਮਿਆਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਅਧਿਕਾਰੀ ਦੇ ਤਬਾਦਲੇ ਪਿੱਛੇ ਬੀਤੇ ਕਈ ਮਹੀਨਿਆਂ ਤੋਂ ਨਾਲ ਲਗਦੇ ਜੰਗਲਾਂ ‘ਚ ਲੱਕੜ ਦੀ ਸਮਗਲਿੰਗ ਦਾ ਨਾ ਹੋਣਾ ਹੈ। ਜਿਸ ਕਰਕੇ ਇਹ ਅਧਿਕਾਰੀ ਮਾਫੀਆ ਦੀਆਂ ਅੱਖਾਂ ਦਾ ਰੋੜਾ ਬਣਿਆ ਹੋਇਆ ਸੀ। ਓਧਰ ਸ਼ਹਿਰ ਨਿਵਾਸੀਆਂ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਮੁਲਾਜ਼ਮ ਆਗੂ ਜੈਮਲ ਸਿੰਘ ਭੜੀ, ਅਮਰਜੀਤ ਸਿੰਘ, ਕੁਲਦੀਪ ਸਿੰਘ, ਗੁਰਬਖਸ਼ ਸਿੰਘ, ਲਾਇਨਜ਼ ਕਲੱਬ ਦੇ ਪ੍ਰਧਾਨ ਅਰਸ਼ਵਿੰਦਰ ਸਿੰਘ ਛਵਲੀ, ਪ੍ਰਿਤਪਾਲ ਸਿੰਘ ਫੁੱਲ ਤੋਂ ਇਲਾਵਾ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਕਲੋਤਾ ਆਦਿ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਵਿਖੇ ਰੋਜ਼ਾਨਾਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਆਉਂਦੀਆਂ ਹਨ ਜਦਕਿ ਇਹ ਪੰਜ ਪਿਆਰਾ ਪਾਰਕ ਮੁੱਖ ਸੜਕ ‘ਤੇ ਸਥਿਤ ਹੈ ਅਤੇ ਬੀਤੇ ਕਈ ਸਾਲਾਂ ਤੋਂ ਇਸਦੀ ਹਾਲਤ ਬੁਹਤ ਹੀ ਖਸਤਾ ਬਣੀ ਹੋਈ ਸੀ। ਜਿਸ ਕਰਕੇ ਇੱਥੇ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਨੇ ਤਾਂ ਕੀ ਆਉਣਾ ਸੀ ਬਲਕਿ ਸ਼ਹਿਰ ਨਿਵਾਸੀ ਵੀ ਆਉਣ ਤੋਂ ਕਤਰਾਉਂਦੇ ਸਨ ਤੇ ਇਹ ਪਾਰਕ ਨਸ਼ੇੜੀਆਂ ਦਾ ਅੱਡਾ ਬਣਿਆ ਹੋਇਆ ਸੀ। ਪਰ ਜਿਸ ਸ਼ਿੱਦਤ, ਦਿਲਚਸਪੀ ਤੇ ਬਗ਼ੈਰ ਕਿਸੇ ਸਰਕਾਰੀ ਗ੍ਰਾਂਟ ਤੋਂ ਸਖਤ ਮਿਹਨਤ ਦੇ ਨਾਲ ਮੌਜੂਦਾ ਅਧਿਕਾਰੀ ਅਮਰਜੀਤ ਸਿੰਘ ਨੇ ਇਸ ਪਾਰਕ ਦੀ ਹਾਲਤ ‘ਚ ਸੁਧਾਰ ਕਰਦੇ ਹੋਏ ਇੱਥੇ ਫੁੱਲ, ਬੂਟੇ, ਪੌਦੇ ਲਗਾ ਕੇ ਵਧੀਆ ਕਿਆਰੀਆਂ ਬਨਾਉਣਾ, ਫੁਹਾਰਿਆਂ ਨੂੰ ਚਾਲੂ ਹਾਲਤ ‘ਚ ਲਿਆਉਣਾ ਅਤੇ ਘਾਹ ਸਣੇ ਸਮੁੱਚੇ ਪਾਰਕ ਦਾ ਵਧੀਆ ਰੱਖ ਰਖਾਓ ਕਰਵਾਉਣ ਦਾ ਬੀੜਾ ਚੁੱਕਿਆ ਸੀ, ਉਸੇ ਕਰਕੇ ਇਹ ਪਾਰਕ ਅੱਜ ਹਰ ਸ਼ਹਿਰੀ ਦੇ ਰੋਜ਼ਾਨਾਂ ਜੀਵਨ ਦਾ ਹਿੱਸਾ ਬਣ ਗਿਆ ਹੈ ਤੇ ਹਰ ਸ਼ਹਿਰੀ ਦੀ ਇਹ ਕੌਸ਼ਿਸ਼ ਹੁੰਦੀ ਹੈ ਕਿ ਉਹ ਸਵੇਰੇ ਜਾਂ ਸ਼ਾਮ ਨੂੰ ਇੱਥੇ ਜਰੂਰ ਆਵੇ।
ਪਰ ਇਸ ਅਧਿਕਾਰੀ ਨੂੰ ਸ਼ਹਿਰੀਆਂ ਤੇ ਸ਼ਰਧਾਲੂਆਂ ਦੇ ਹਿੱਤਾਂ ਲਈ ਪਾਰਕ ਸਵਾਰਨ ਪਿੱਛੇ ਕੀਤੀ ਮਿਹਨਤ ਦਾ ਸਿਲਾ ਬਦਲੀ ਕਰਵਾ ਕੇ ਮਿਲਣਾ ਬੁਹਤ ਹੀ ਗ਼ਲਤ ਹੈ। ਇਸ ਲਈ ਅਸੀਂ ਸਾਰੇ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਇਹ ਅਪੀਲ ਕਰਦੇ ਹਾਂ ਕਿ ਉਹ ਤੁਰੰਤ ਇਸ ਅਧਿਕਾਰੀ ਦੀ ਬਦਲੀ ਰੱਦ ਕਰਵਾਉਣ ਤਾਂ ਜੋ ਪਾਰਕ ਹੋਰ ਵੀ ਸੁੰਦਰ ਬਣ ਸਕੇ।

Send this to a friend