Skip to content
Independent perspectives. Global stories.
BREAKING

ਬਾਦਲ ਸਰਕਾਰ ’ਤੇ ਭਾਜਪਾ ਦੇ ਹਮਲੇ ਨੇ ਗਠਜੋੜ ’ਚ ਦਰਾਰਾਂ ਸਾਹਮਣੇ ਲਿਆਂਦੀਆਂ : ਬਾਜਵਾ

Share this story

9 ਹਾਈਟੈਕ ਪ੍ਰਚਾਰ ਵੈਨਾਂ ਨੂੰ ਦਿੱਤੀ ਹਰੀ ਝੰਡੀ

image ਗੁਰਦਾਸਪੁਰ, 9 ਅਪ੍ਰੈਲ (ਅਵਤਾਰ ਸਿੰਘ ਬੋਪਾਰਾਏ, ਪਰਮਜੀਤ ਬਾਜਵਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਲੋਕਾਂ ਦੀ ਆਲੋਚਨਾ ਦਾ ਸਾਹਮਣਾ ਕਰ ਰਹੀ ਪ੍ਰਕਾਸ਼ ਸਿੰਘ ਬਾਦਲ ਸਰਕਾਰ ਦੀ ਇਨ੍ਹਾਂ ਦੀ ਸਾਂਝੀਦਾਰ ਭਾਰਤੀ ਜਨਤਾ ਪਾਰਟੀ ਵੀ ਅਲੋਚਨਾ ਕਰਨ ਲੱਗ ਪਈ ਹੈ, ਜਿਸ ਨਾਲ ਇਸ ਗਠਜੋੜ ’ਚ ਦਰਾਰਾਂ ਸਾਹਮਣੇ ਆ ਗਈਆਂ ਹਨ ਤੇ ਉਨ੍ਹਾਂ ਦੀ ਪਾਰਟੀ ਦਾ ਪੱਖ ਸਾਬਤ ਹੋ ਗਿਆ ਹੈ ਕਿ ਇਸ ਸਰਕਾਰ ਵੱਲੋਂ ਕੀਤੇ ਜਾ ਰਹੇ ਵਾਅਦੇ ਝੂਠੇ ਤੇ ਨਿਰਾਧਾਰ ਹਨ। ਉਨ੍ਹਾਂ ਨੇ ਅੱਜ ਗੁਰਦਾਸਪੁਰ ਤੋਂ ਆਪਣੇ ਲੋਕ ਸਭਾ ਹਲਕੇ ਦੀਆਂ 9 ਵਿਧਾਨ ਸਭਾਵਾਂ ’ਚ ਚੋਣ ਪ੍ਰਚਾਰ ਲਈ ਹਾਈਟੈਕ ਵੈਨਾਂ ਨੂੰ ਹਰੀ ਝੰਡੀ ਦਿੱਤੀ। ਇਸ ਮੌਕੇ ਗੁਰਦਾਸਪੁਰ ਤੋਂ ਮੁੜ ਚੋਣ ਲੜ ਰਹੇ ਕਾਂਗਰਸ ਉਮੀਦਵਾਰ ਬਾਜਵਾ ਨੇ ਕਿਹਾ ਕਿ

ਭਾਜਪਾ ਨੇ ਸੂਬੇ ’ਚ ਮਾੜੀ ਸ਼ਾਸਨ ਵਿਵਸਥਾ ਨੂੰ ਸਾਹਮਣੇ ਲਿਆ ਦਿੱਤਾ ਹੈ, ਜਦਕਿ ਮੁੱਖ ਮੰਤਰੀ ਤੇ ਉਨ੍ਹਾਂ ਦਾ ਡਿਪਟੀ ਮੁੱਖ ਮੰਤਰੀ ਬੇਟਾ ਸੁਖਬੀਰ ਸਿੰਘ ਬਾਦਲ ਸ਼ਾਸਨ ’ਚ ਸੁਧਾਰ ਤੇ ਭ੍ਰਿਸ਼ਟਾਚਰ ’ਚ ਨੱਥ ਪਾਉਣ ਸਬੰਧੀ ਵੱਡੇ ਵੱਡੇ ਦਾਅਵੇ ਕਰਦੇ ਫਿਰ ਰਹੇ ਹਨ। ਪਰ ਭਾਜਪਾ ਵੱਲੋਂ ਖੁੱਲ੍ਹੇਆਮ ਅਲੋਚਨਾ ਨੇ ਸਾਫ ਕਰ ਦਿੱਤਾ ਹੈ ਕਿ ਬਾਦਲ ਸਰਕਾਰ ਸਿਰਫ ਲੋਕਾਂ ਨੂੰ ਧੋਖਾ ਦੇ ਰਹੀ ਹੈ ਤੇ ਹਵਾਈ ਕਿੱਲ੍ਹੇ ਬਣਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਆਖਿਰਕਾਰ ਭਾਜਪਾ ਨੇ ਉਸਦੇ ਸੀਨੀਅਰ ਗਠਜੋੜ ਸਾਂਝੇਦਾਰ ਤੇ ਸੂਬੇ ਦੀ ਅਫਸਰਸ਼ਾਹੀ ਵੱਲੋਂ ਪਾਰਟੀ ਨਾਲ ਅਪਣਾਏ ਜਾਂਦੇ ਰਵੱਈਏ ਪ੍ਰਤੀ ਆਪਣਾ ਗੁੱਸਾ ਦਿਖਾ ਦਿੱਤਾ ਹੈ। ਭਾਜਪਾ ਦੇ ਅਧਿਕਾਰਕ ਪੱਤਰ ਕਮਲ ਸੁਨੇਹਾ ਨੇ ਪਾਰਟੀ ਦੇ ਅਧਿਕਾਰਕ ਰਵੱਈਏ ਨੂੰ ਸਪੱਸ਼ਟ ਕਰ ਦਿੱਤਾ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬਾਦਲ ਤੇ ਸੀਨੀਅਰ ਭਾਜਪਾ ਆਗੂ ਇਸ ਗਠਜੋੜ ਨੂੰ ਸਿਆਸੀ ਤੋਂ ਵੱਧ ਕੇ ਹੋਣ ਦਾ ਦਾਅਵਾ ਕਰ ਰਹੇ ਸਨ, ਜਿਹੜਾ ਸਮਾਜਿਕ ਭਾਈਚਾਰੇ ਦੀ ਅਗਵਾਈ ਕਰਦਾ ਹੈ। ਇਥੋਂ ਤੱਕ ਕਿ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਅਰੁਣ ਜੇਤਲੀ ਨੇ ਵੀ ਇਹੋ ਗੱਲ ਦੁਹਰਾਈ ਸੀ, ਪਰ ਹੁਣ ਸੂਬੇ ਦੇ ਭਾਜਪਾ ਮੰਤਰੀਆਂ ਤੇ ਖੁਦ ਪਾਰਟੀ ਅੰਦਰ ਭਰ ਰਿਹਾ ਗੁੱਸਾ ਸਾਹਮਣੇ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਬਾਦਲ ਆਪਣੀ ਸਰਕਾਰ ਦੀ ਹੋ ਰਹੀ ਅਲੋਚਨਾ ਨੂੰ ਵਿਰੋਧੀ ਧਿਰ ਦੇ ਨਿਰਾਧਾਰ ਦੋਸ਼ ਕਹਿ ਮੂੰਹ ਨਹੀਂ ਫੇਰ ਸਕਦੇ। ਲੋਕਾਂ ਨੂੰ ਉਨ੍ਹਾਂ ਤੋਂ ਸਵਾਲ ਪੁੱਛਣ ਦਾ ਅਧਿਕਾਰ ਹੈ, ਇਥੋਂ ਤੱਕ ਕਿ ਅਕਾਲੀ ਦਲ ਦਾ ਸਿਆਸੀ ਸਾਂਝੇਦਾਰ ਵੀ ਸਰਕਾਰ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਬਹੁਤ ਚਿੰਤਤ ਹੈ। ਇੰਨਾ ਗੰਭੀਰ ਮੁੱਦਾ ਕੀ ਸੀ ਕਿ ਪਾਰਟੀ ਨੂੰ ਖੁੱਲ੍ਹੇਆਮ ਕਹਿਣਾ ਪੈ ਗਿਆ ਕਿ ਸੀਨੀਅਰ ਪੁਲਿਸ ਅਫਸਰ ਭਜਪਾ ਮੰਤਰੀਆਂ ਤੇ ਹੋਰਨਾਂ ਆਗੂਆਂ ਦੀ ਗੱਲ ਨਹੀਂ ਸੁਣ ਰਹੇ। ਨਾ ਸਿਰਫ ਇਥੇ ਪਾਰਟੀ ਨੇ ਅੱਗੇ ਵੱਧਦਿਆਂ ਡਿਪਟੀ ਮੁੱਖ ਮੰਤਰੀ ’ਤੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਨਜ਼ਰਅੰਦਾਜ ਤੱਕ ਕਰਨ ਦਾ ਦੋਸ਼ ਲਗਾ ਦਿੱਤਾ ਹੈ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਹੈ। ਉਨ੍ਹਾਂ ਨੇ ਕਿਹਾ ਕਿ ਇਸ ਆਧੁਨਿਕ ਅਕਾਲੀ ਦਲ ਦੀ ਕਾਰਜਪ੍ਰਣਾਲੀ ’ਤੇ ਹੁਣ ਸਵਾਲ ਖੜ੍ਹੇ ਹੋ ਚੁੱਕੇ ਹਨ ਤੇ ਇਹ ਵੀ ਇਸਦੇ ਸਾਂਝੈਦਾਰ ਨੇ ਕੀਤੇ ਹਨ। ਇਹ ਦਾਅਵੇ ਉਸ ਵੱਲੋਂ ਵੀ ਨਕਾਰੇ ਨਹੀਂ ਜਾ ਸਕਦੇ, ਜਿਹੜਾ ਖੁਦ ਨੂੰ ਸੂਬੇ ਦਾ ਸੀ.ਈ.ਓ. ਦੱਸਦਾ ਹੈ।
ਇਸ ਮੌਕੇ ਬਾਜਵਾ ਵੱੋਲੋਂ ਹਰੀ ਝੰਡੀ ਦਿਖਾਈਆਂ ਗਈਆਂ ਹਾਈ ਟੈਕ ਵੈਨਾਂ ’ਚ ਐਲ.ਸੀ.ਡੀਜ਼ ਤੇ ਜਨਰੇਟਰ ਲੱਗੇ ਹੋਏ ਹਨ, ਜਿਹੜੀਆਂ ਹਰ ਰੋਜ 15 ਤੋਂ 20 ਪੁਆਇੰਟਾਂ ਨੂੰ ਕਵਰ ਕਰਨਗੀਆਂ। ਬਾਜਵਾ ਨੂੰ ਵੋਟ ਕਰਨ ਦੀ ਅਪੀਲ ਕਰਦਿਆਂ ਯੂ.ਪੀ.ਏ ਸਰਕਾਰ ਦੀਆਂ ਪ੍ਰਾਪਤੀਆਂ ਸਬੰਧੀ ਇਕ 22 ਮਿੰਟਾਂ ਦੀ ਫਿਲਮ ਦਿਖਾਈ ਜਾਵੇਗੀ। ਛੇ ਗੀਤ ਵੀ ਤਿਆਰ ਕੀਤੇ ਗਏ ਹਨ।
ਇਸ ਤੋਂ ਪਹਿਲਾਂ ਬਾਜਵਾ ਨੇ ਗੁਰਦਾਸਪੁਰ ਜਿਲ੍ਹੇ ਦੇ ਸੀਨੀਅਰ ਕਾਂਗਰਸੀ ਆਗੂਆਂ ਨਾਲ ਜ਼ਿਲ੍ਹਾ ਕਾਂਗਰਸ ਭਵਨ ਗੁਰਦਾਸਪੁਰ ਵਿਖੇ ਮੁਲਾਕਾਤ ਕੀਤੀ। ਉਨ੍ਹਾਂ ਨੇ ਹਲਕੇ ’ਚ ਆਗੂਆਂ ਵੱਲੋਂ ਪ੍ਰਚਾਰ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਨੂੰ ਆਗੂਆਂ ਨੂੰ ਇਕਜੁੱਟ ਹੋਣ ਤੇ ਫਿਰਕੂ ਤਾਕਤਾਂ ਖਿਲਾਫ ਲੜਨ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੀਤਮ ਸਿੰਘ ਭਿੰਡਰ, ਚੰਦਰ ਪਾਲ, ਅਜੈ ਵਰਮਾ, ਇੰਦਰ ਪਾਲ ਸਿੰਘ ਧੰਨਾ, ਸਲਾਮਤ ਮਸੀਹ, ਗੁਰਮੀਤ ਸਿੰਘ ਪਾਹੜਾ, ਰਮਨ ਬਹਿਲ, ਭੁਪਿੰਦਰ ਸਿੰਘ ਠੇਕੇਦਾਰ, ਰਾਜੂ ਘੜਾਲਾ, ਨਰਿੰਦਰ ਸਿੰਘ ਪੰਧੇਰ, ਬਘੇਲ ਸਿੰਘ, ਅੰਨੂ ਮਲਹੋਤਰਾ, ਨੀਰਜ ਸਲਹੋਤਰਾ, ਜਰਨੈਲ ਸਿੰਘ ਭੁਮਲੀ, ਹਰਦੇਵ ਸਿੰਘ, ਗੁਰਪ੍ਰਤਾਪ ਸਿੰਘ ਮਾਨ ਤੇ ਦਿਲਬਾਗ ਸਿੰਘ ਮੌਜ਼ੂਦ ਰਹੇ।

WRITTEN BY