ਸਮਾਣਾ, 28 ਜਨਵਰੀ (ਪ੍ਰੇਮ ਵਧਵਾ)- ਪਟਿਆਲਾ ਵਿਖੇ ਗਣਤੰਤਰ ਦਿਵਸ ਦੇ ਸ਼ੁੱਭ ਮੌਕੇ ’ਤੇ ਰਾਜਕੀਯ ਪੱਧਰ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮਹਿਮਾਨ ਵੱਜੋਂ ਪਧਾਰੇ। ਇਸ ਖਾਸ ਮੌਕੇ ’ਤੇ ਮੁੱਖ ਮੰਤਰੀ ਜੀ ਵੱਲੋਂ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਸਮਾਜ ਸੇਵਕ ਪ੍ਰਿੰ. ਡਾ. ਮੋਹਨ ਲਾਲ ਸ਼ਰਮਾ ਜੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਪ੍ਰਿੰ. ਡਾ. ਮੋਹਨ ਲਾਲ ਸ਼ਰਮਾ ਜੀ ਨੂੰ ਇਹ ਸਨਮਾਣ ਉਨ੍ਹਾਂ ਵੱਲੋਂ ਪਿਛਲੇ 25 ਵਰ੍ਹਿਆਂ ਦੌਰਾਨ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਆਪਣੀਆਂ ਅਣਥੱਕ ਸੇਵਾਵਾਂ ਪ੍ਰਦਾਨ ਕਰਨ ਖਾਤਰ ਦਿੱਤਾ ਗਿਆ ਹੈ। ਡਾ. ਮੋਹਨ ਲਾਲ ਸ਼ਰਮਾ ਜੀ ਪਿਛਲੇ 25 ਸਾਲਾਂ ਤੋਂ ਸਮਾਣਾ/ ਪਾਤੜਾਂ ਸਬ ਡਿਵੀਜਨ ਵਿੱਚ ਸਥਿਤ ਡੀ. ਏ. ਵੀ.ਸੰਸਥਾਵਾਂ ਵਿੱਚ ਬਤੌਰ ਪ੍ਰਿੰਸੀਪਲ ਕੰਮ ਕਰ ਰਹੇ ਹਨ। ਇਸ ਪਿਛੜੇ ਤੇ ਸਰਹੱਦੀ ਇਲਾਕੇ ’ਚ ਉਨ੍ਹਾਂ ਵੱਲੋਂ 5-6 ਡੀ. ਏ. ਵੀ. ਸਕੂਲ ਸਥਾਪਿਤ ਕੀਤੇ ਗਏ ਹਨ। ਹੁਣ ਤੱਕ 2000 ਤੋਂ ਵੱਧ ਲੋੜਵੰਦ ਬੱਚਿਆਂ ਨੂੰ ਗੋਦ ਲੈ ਕੇ ਮੁਫਤ ਸਿੱਖਿਆ ਇਨ੍ਹਾਂ ਵੱਲੋਂ ਪ੍ਰਦਾਨ ਕੀਤੀ ਜਾ ਚੁਕੀ ਹੈ।ਆਸ- ਪਾਸ ਦੇ ਇਲਾਕੇ ਦੇ ਲੋੜਵੰਦ ਲੋਕਾਂ ਨੂੰ ਮੁਫਤ ਹੋਮਿਓਪੈਥਿਕ ਡਿਸਪੈਂਸਰੀ ਦੀ ਸਹੂਲਤ ਪ੍ਰਦਾਨ ਕੀਤੀ ਹੈ ਜਿੱਥੇ ਮੁਫਤ ਦਵਾਈਆਂ ਮਿਲਦੀਆਂ ਹਨ ਤੇ ਆਉਣ- ਜਾਣ ਦੇ ਸਾਧਨ ਵੀ ਉਪਲਬਧ ਹਨ। ਡਾ. ਸਾਹਿਬ ਵੱਲੋਂ ਸਮੇਂ- ਸਮੇਂ ‘ਤੇ ਅਨੇਕਾਂ ਚੇਤਨਾ ਸ਼ਿਵਰ, ਚਰਿੱਤਰ ਨਿਰਮਾਣ ਸ਼ਿਵਰ ਤੇ ਸ਼ਾਂਤੀ ਮੋਰਚੇ ਸੰਗਠਿਤ ਕੀਤੇ ਗਏ ਹਨ। ਆਮ ਲੋਕਾਂ ਨੂੰ ਜਾਗਰੁਕ ਕਰਨ ਲਈ ਬਹੁਤ ਹੀ ਖਾਸ ਮੁੱਦਿਆਂ ਸੰਬੰਧੀ ਇਨ੍ਹਾਂ ਵੱਲੋਂ ਲਿਖੇ ਅਨੇਕਾਂ ਲੇਖ ਅਖਬਾਰਾਂ ਵਿੱਚ ਛਪਦੇ ਰਹਿੰਦੇ ਹਨ। ਇੱਕ ਸੱਚਾ ਅਧਿਆਪਕ ਹੋਣ ਦੇ ਨਾਤੇ ਇਹ ਬੱਚਿਆਂ ਨੂੰ ਵੈਦਿਕ ਪਰੰਪਰਾ ਨਾਲ ਜੋੜਦੇ ਹੋਏ ਮਨੁੱਖੀ ਕਦਰਾਂ- ਕੀਮਤਾਂ ਸਿਖਾਉਣ ਦੇ ਸਦਾ ਤੋਂ ਹੀ ਇੱਛੁਕ ਹਨ।ਇਨ੍ਹਾਂ ਵੱਲੋਂ ਸਾਫ-ਸਫਾਈ, ਰੁੱਖ ਲਗਾਓ ਅਤੇ ਐਂਟੀ ਡਰੱਗ ਦੇ ਸੰਬੰਧ ਵਿੱਚ ਅਨੇਕਾਂ ਅਭਿਆਨ ਚਲਾ ਕੇ ਜਾਗਰੁਕਤਾ ਲਿਆਉਣ ਦਾ ਬੀੜਾ ਚੁੱਕਿਆ ਗਿਆ ਹੈ।ਅੱਜ ਵੀ ਇਹ ਅਣਗਿਣਤ ਸਮਾਜਿਕ ਤੇ ਸਿੱਖਿਆ ਸੰਸਥਾਵਾਂ ਦੇ ਮੈਂਬਰ ਵੱਜੋਂ ਕਾਰਜਸ਼ੀਲ ਹਨ।ਪ੍ਰਿੰ. ਡਾ. ਮੋਹਨ ਲਾਲ ਸ਼ਰਮਾ ਜੀ ਨੇ ਆਪਣਾ ਸਾਰਾ ਜੀਵਨ ਲੋਕ- ਭਲਾਈ ਦੇ ਕੰਮਾਂ ਲਈ ਹੀ ਸਮਰਪਿਤ ਕਰ ਦਿੱਤਾ।ਇਨ੍ਹਾਂ ਦੀ ਇਹ ਵਿਲੱਖਣ ਪ੍ਰਾਪਤੀ ਸਭ ਲਈ ਬੜੀ ਹੀ ਖੁਸ਼ੀ ਦੀ ਗੱਲ ਹੈ ਜਿਸ ਨੂੰ ਲੈ ਕੇ ਇਲਾਕੇ ਭਰ ਦੇ ਲੋਕ ਬੜਾ ਮਾਣ ਮਹਿਸੂਸ ਕਰ ਰਹੇ ਹਨ।