ਚੰਡੀਗੜ੍ਹ, 28 ਜਨਵਰੀ- ਤਿਹਾੜ ਜੇਲ੍ਹ ਵਿੱਚ ਬੰਦ ਸ੍ਰੀ ਅਕਾਲ ਤਖਤ ਸਾਹਿਬ ਦੇ ਮਤਵਾਜੀ ਜੱਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੀਆਂ ਹਦਾਇਤਾਂ ਉਪਰ ਕਾਇਮ ਕੀਤੀ ਗਈ 5 ਮੈਂਬਰੀ ਕਮੇਟੀ ਵੱਲੋਂ ਚੰਡੀਗੜ੍ਹ ਵਿਖੇ ਐਤਵਾਰ ਨੂੰ ਬੁਲਾਈ ਗਈ ਪੰਥਕ ਮੀਟਿੰਗ ਦੀ ਅਸਫਲਤਾ ਨੇ ਖੁਦ ਜੱਥੇਦਾਰ ਹਵਾਰਾ ਲਈ ਵੱਡੀਆਂ ਮੁਸ਼ਕਿਲਾਂ ਅਤੇ ਚੁਣੌਤੀਆਂ ਪੈਦਾ ਕਰ ਦਿੱਤੀਆਂ ਹਨ। ਇਸ ਮੀਟਿੰਗ ਵਿੱਚ ਉਮੀਦ ਤੋਂ ਘੱਟ ਹਾਜ਼ਰੀ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਕਈ ਪੰਥਕ ਜੱਥੇਬੰਦੀਆਂ ਅਤੇ ਪੰਥਕ ਹਸਤੀਆਂ ਵੱਲੋਂ ਇਸ ਮੀਟਿੰਗ ਤੋਂ ਦੂਰੀ ਬਣਾਉਣਾ ਕਾਫੀ ਹੈਰਾਨੀਜਨਕ ਹੈ। ਜੱਥੇਦਾਰ ਹਵਾਰਾ ਨੇ ਕੁਝ ਲੋਕਾਂ ਦੀ ਸਲਾਹ ਨਾਲ ਇੱਕ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਵਿੱਚ ਬਰਗਾੜੀ ਮੋਰਚੇ ਨਾਲ ਸਬੰਧਿਤ ਪ੍ਰਮੁੱਖ ਆਗੂਆਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ। ਜੱਥੇਦਾਰ ਹਵਾਰਾ ਦੇ ਨਾਂਅ ਉਪਰ ਬਰਗਾੜੀ ਮੋਰਚੇ ਦਾ ਬੇਲੋੜਾ ਵਿਵਾਦ ਸ਼ਾਇਦ ਸੰਗਤ ਨੇ ਪਸੰਦ ਨਹੀਂ ਕੀਤਾ। ਬੇਸ਼ੱਕ ਬਰਗਾੜੀ ਮੋਰਚਾ ਸਮੇਂ ਤੋਂ ਪਹਿਲਾਂ ਉਠਾ ਦਿੱਤਾ ਗਿਆ ਸੀ, ਪ੍ਰੰਤੂ ਉਸ ਦੀਆਂ ਪ੍ਰਾਪਤੀਆਂ ਕਾਫੀ ਜ਼ਿਕਰਯੋਗ ਹਨ। ਮਤਵਾਜੀ ਜੱਥੇਦਾਰਾਂ ਭਾਈ ਧਿਆਨ ਸਿੰਘ ਮੰਡ ਅਤੇ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਹੇਠ ਚੱਲੇ ਬਰਗਾੜੀ ਮੋਰਚੇ ਕਾਰਨ ਹੀ ਹੁਣ ਹਾਈਕੋਰਟ ਵੱਲੋਂ ਹਰੀ ਝੰਡੀ ਦੇਣ ਮਗਰੋਂ ਦੋਸ਼ੀਆਂ ਦੀ ਗ੍ਰਿਫਤਾਰੀ ਸ਼ੁਰੂ ਹੋ ਚੁੱਕੀ ਹੈ। ਚੰਡੀਗੜ੍ਹ ਮੀਟਿੰਗ ਵਿੱਚ ਬੁਲਾਰਿਆਂ ਵੱਲੋਂ ਪ੍ਰਗਟ ਕੀਤੇ ਗਏ ਵਿਚਾਰ ਇੱਕ ਦੂਜੇ ਨਾਲ ਟਕਰਾਅ ਪੈਦਾ ਕਰਨ ਵਾਲੇ ਸਨ। ਇਸ ਮੀਟਿੰਗ ਦੀ ਸਮੁੱਚੀ ਕਾਰਵਾਈ ਉਤਸ਼ਾਹਜਨਕ ਨਹੀਂ ਰਹੀ। ਮੀਟਿੰਗ ਦੀ ਅਸਫਲਤਾ ਨੇ ਜੱਥੇਦਾਰ ਹਵਾਰਾ ਵੱਲੋਂ ਕਾਇਮ ਕੀਤੀ ਪੰਜ ਮੈਂਬਰੀ ਕਮੇਟੀ ਦੀ ਭਰੋਸੇਯੋਗਤਾ ਉਪਰ ਵੀ ਪ੍ਰਸ਼ਨ ਚਿੰਨ੍ਹ ਲਾਏ ਹਨ। ਕਮੇਟੀ ਵਿੱਚ ਸ਼ਾਮਿਲ ਮੈਂਬਰਾਂ ਦਾ ਕੋਈ ਜਨਤਕ ਜਾਂ ਪੰਥਕ ਆਧਾਰ ਨਾ ਹੋਣ ਕਾਰਨ ਉਨ੍ਹਾਂ ਦੇ ਸੱਦੇ ਨੂੰ ਸੰਗਤ ਅਤੇ ਪੰਥਕ ਜੱਥੇਬੰਦੀਆਂ ਵੱਲੋਂ ਯੋਗ ਹੁੰਗਾਰਾ ਨਹੀਂ ਭਰਿਆ ਗਿਆ। ਪੰਥਕ ਹਲਕਿਆਂ ਦਾ ਕਹਿਣਾ ਹੈ ਕਿ ਕੁਝ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਲਈ ਇੱਕ ਲੁਕਵੀਂ ਖੇਡ ਖੇਡ ਰਹੇ ਹਨ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਇਸ ਪੰਥਕ ਮੀਟਿੰਗ ’ਚ ਕੁਝ ਵਕੀਲਾਂ ਵੱਲੋਂ ਖੁਦ ਦੇ ਕਾਰੋਬਾਰੀ ਹਿੱਤਾਂ ਲਈ ਮਤੇ ਪਾਸ ਕਰਵਾਏ ਗਏ। ਜੇਕਰ ਜੱਥੇਦਾਰ ਹਵਾਰਾ ਨੇ ਆਪਣੇ ਮੌਜੂਦਾ ਆਪੇ ਬਣੇ ਸਲਾਹਕਾਰਾਂ ਵਿੱਚ ਤਬਦੀਲੀ ਨਾ ਕੀਤੀ ਤਦ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਲਈ ਹੋਰ ਵਧੇਰੇ ਮਾੜੇ ਹਾਲਾਤ ਪੈਦਾ ਹੋ ਸਕਦੇ ਹਨ। ਮੌਜੂਦਾ ਹਾਲਾਤਾਂ ਵਿੱਚ ਜੱਥੇਦਾਰ ਹਵਾਰਾ ਵੱਲੋਂ ਕਾਇਮ ਕੀਤੀ ਗਈ ਕਮੇਟੀ ਰਾਹੀਂ ਬਰਗਾੜੀ ਮੋਰਚੇ ਨੂੰ ਸੁਰਜੀਤ ਕਰਨਾ ਅਤੇ ਸੰਗਤ ਦਾ ਭਰੋਸਾ ਜਿੱਤਣਾ ਸੰਭਵ ਨਹੀਂ ਲਗ ਰਿਹਾ। ਲਗਦਾ ਹੈ ਜੇਕਰ ਜੱਥੇਦਾਰ ਹਵਾਰਾ ਸਾਰੀਆਂ ਪੰਥਕ ਧਿਰਾਂ ਨੂੰ ਨਾਲ ਲੈ ਕੇ ਨਾ ਚੱਲੇ ਤਦ ਵਿਸਾਖੀ ਦਾ ਸਰਬੱਤ ਖਾਲਸਾ ਵੀ ਅਸਫਲ ਹੋ ਜਾਵੇਗਾ।