ਅੰਮ੍ਰਿਤਸਰ, 17 ਜੁਲਾਈ (ਨਰਿੰਦਰਪਾਲ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਇਓ-ਟੈਕਨਾਲੋਜੀਵਿਭਾਗ ‘ਚ ਐੱਮ.ਐੱਸ.ਸੀ. ਤੀਸਰੇ ਸਮੈਸਟਰ ਦੀ ਵਿਦਿਆਰਥਣ ਇੰਦਰਪ੍ਰੀਤ ਕੌਰ ਪੁੱਤਰੀ ਹਰਦੇਵ ਸਿੰਘ ਵਾਸੀ ਕੱਲੂ ਦਾ ਅਖਾੜਾ ਅੰਮ੍ਰਿਤਸਰ ਨੇ ਯੂਨੀਵਰਸਿਟੀ ਦੇ ਵੈਟਰਨਰੀ ਵਿਭਾਗ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਆਤਮਹੱਤਿਆ ਕਰ ਲਈ। ਇੰਦਰਪ੍ਰੀਤ ਕੌਰ ਆਪਣੀਆਂ ਤਿੰਨ ਭੈਣਾਂ ‘ਚੋਂ ਸਭ ਤੋਂ ਛੋਟੀ ਸੀ, ਜਿਸਦੇ ਪਿਤਾ ਟਰਾਂਸਪੋਰਟ ਦਾ ਕਾਰੋਬਾਰ ਕਰਦੇ ਹਨ। ਵਿਦਿਆਰਥਣ ਦੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਹੇਠਾਂ ਡਿੱਗਦਿਆਂ ਹੀ ਜਿਥੇ ਯੂਨੀਵਰਸਿਟੀ ਕੰਪਲੈਕਸ ‘ਚ ਸਨਸਨੀ ਫੈਲ ਗਈ, ਉਥੇ ਹੀ ਯੂਨੀਵਰਸਿਟੀ ਪ੍ਰਬੰਧਨ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ। ਉਸ ਨੂੰ ਤੁਰੰਤ ਇਲਾਜ ਲਈ ਸਥਾਨਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਕੰਟੋਨਮੈਂਟ ਤੇ ਚੌਕੀ ਮਾਹਿਲ ਦੀ ਪੁਲਿਸ ਮੌਕੇ ‘ਤੇ ਪੁੱਜ ਗਈ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਲਈ ਭੇਜ ਦਿੱਤਾ। ਪੁਲਸ ਅਧਿਕਾਰੀ ਆਤਮਹੱਤਿਆ ਦੇ ਕਾਰਨਾਂ ਦੀ ਜਾਂਚ ‘ਚ ਜੁਟ ਗਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇੰਦਰਪ੍ਰੀਤ ਕੌਰ ਆਪਣੇ ਸਹਿਪਾਠੀ ਲਈ ਤੋਹਫਾ ਲੈ ਕੇ ਆਈ ਸੀ, ਜਿਸ ਦੌਰਾਨ ਦੋਹਾਂ ‘ਚ ਤਕਰਾਰ ਹੋ ਗਈ ਤੇ ਇੰਦਰਪ੍ਰੀਤ ਕੌਰ ਨੇ ਆਪਣੀ ਜੀਵਨ ਲੀਲਾ ਖਤਮ ਕਰਨ ਲਈ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਆਤਮਹੱਤਿਆ ਦੇ ਅਸਲ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ।



