ਪੰਜਾਬ ਵਿੱਚੋਂ ਖ਼ਤਮ ਹੋਣ ਕੰਢੇ ਆਮ ਆਦਮੀ ਪਾਰਟੀ : ਗੁਰਮੇਲ ਬਾੜਾ, ਪਰਮਿੰਦਰ ਚਲਾਕੀ

ਆਗੂਆਂ ਵੱਲੋਂ ਖ਼ਹਿਰਾ ਦੀ ਅਗਵਾਈ ’ਚ ਪੰਜਾਬੀ ਏਕਤਾ ਪਾਰਟੀ ਨੂੰ ਮਜਬੂਤ ਕਰਨ ਦਾ ਐਲਾਨ

ਮੋਰਿੰਡਾ, 24 ਜਨਵਰੀ (ਹਰਜਿੰਦਰ ਸਿੰਘ ਛਿੱਬਰ)- ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਦੇ ਤਾਨਾਸ਼ਾਹ ਰਵੱਈਏ ਕਾਰਨ ਆਮ ਆਦਮੀ ਪਾਰਟੀ ਪੰਜਾਬ ਰਾਜ ਵਿੱਚ ਖਤਮ ਹੋਣ ਕੰਢੇ ਹੈ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਗੁਰਮੇਲ ਸਿੰਘ ਬਾੜਾ ਸਾਬਕਾ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਅਤੇ ਪਰਮਿੰਦਰ ਸਿੰਘ ਚਲਾਕੀ ਸਾਬਕਾ ਚੇਅਰਮੈਨ ਮਿਲਕ ਪਲਾਂਟ ਮੋਹਾਲੀ ਨੇ ਸਥਾਨਕ ਗੁਰਦੁਆਰਾ ਸ਼੍ਰੀ ਸ਼ਹੀਦ ਗੰਜ਼ ਸਾਹਿਬ ਵਿਖੇ ਆਪਣੇ ਵੱਡੀ ਗਿਣਤੀ ਸਾਥੀਆਂ ਦੀ ਹਾਜ਼ਰੀ ’ਚ ਕੀਤੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਕੋਲੋਂ ਵਿਰੋਧੀ ਧਿਰ ਦਾ ਅਹੁੱਦਾ ਵੀ ਖੁੱਸ ਸਕਦਾ ਹੈ। ਉਪਰੋਕਤ ਆਗੂਆਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਅਤੇ ਪੰਜਾਬੀਆਂ ਦੀ ਨਹੀ ਬਲਕਿ ਸਿਰਫ਼ ’ਤੇ ਸਿਰਫ਼ ਭਗਵੰਤ ਮਾਨ ਦੀ ਹੀ ਚਿੰਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਗਰਾਊਂਡ ਪੱਧਰ ’ਤੇ ਫੇਲ੍ਹ ਹੋਣ ਦਾ ਕਾਰਨ ਪਾਰਟੀ ਸੁਪਰੀਮੋਂ ਵੱਲੋਂ ਪਾਰਟੀ ਲਈ ਦਿਨ ਰਾਤ ਕੰਮ ਕਰਨ ਵਾਲੇ ਮਿਹਨਤੀ ਵਰਕਰਾਂ ਨੂੰ ਅਣਡਿੱਠਾ ਕੀਤਾ ਜਾਣਾ ਹੈ। ਗੁਰਮੇਲ ਸਿੰਘ ਬਾੜਾ ਅਤੇ ਪਰਮਿੰਦਰ ਸਿੰਘ ਚਲਾਕੀ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਪਾਰਟੀਆਂ ਦੀਆਂ ਲੋਕ ਮਾਰੂ ਨੀਤੀਆਂ ਤੋਂ ਦੁੱਖੀ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਤੀਜੇ ਬਦਲ ਵੱਜੋਂ ਵੇਖਿਆ ਸੀ। ਪ੍ਰੰਤੂ ਕੇਜਰੀਵਾਲ ਅਤੇ ਉਸਦੀ ਦਿੱਲੀ ਦੀ ਟੀਮ ਨੇ ਤਾਂ ਸਿਰਫ਼ ਚੋਣਾਂ ਸਮੇਂ ਪੰਜਾਬ ਸਮੇਤ ਦੇਸ਼ਾਂ-ਵਿਦੇਸਾਂ ’ਚ ਵਸਦੇ ਪੰਜਾਬੀਆਂ ਤੋਂ ਕਰੋੜਾਂ ਰੁਪਏ ਇਕੱਠੇ ਕਰਨੇ ਸਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ 2 ਸਾਲ ਵਿੱਚ ਕੇਜਰੀਵਾਲ ਨੂੰ ਪੰਜਾਬ ਜਾਂ ਪੰਜਾਬ ਦੇ ਵਰਕਰਾਂ ਦੀ ਯਾਦ ਤੱਕ ਨਹੀ ਆਈ। ਨਸ਼ਿਆਂ ਦੇ ਮੁੱਦੇ ’ਤੇ ਬਿਕਰਮ ਸਿੰਘ ਮਜੀਠੇ ਵਿੱਰੁਧ ਵਰਕਰਾਂ ਕੋਲੋ ਫਲੈਕਸ ਬੋਰਡ ਲਗਵਾਏ ਅਤੇ ਆਪ ਲਿਖਤੀ ਮੁਆਫੀ ਮੰਗ ਕੇ ਵਰਕਰਾਂ ਨੂੰ ਹੀ ਝੂਠਾ ਸਾਬਤ ਕਰ ਦਿੱਤਾ। ਇਸ ਮੋਕੇ ਉਪਰੋਕਤ ਆਗੂਆਂ ਸਮੇਤ ਮੀਟਿੰਗ ’ਚ ਹਾਜ਼ਰ ਆਗੂਆਂ ਅਤੇ ਵਰਕਰਾਂ ਨੇ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਪੰਜਾਬੀ ਏਕਤਾ ਪਾਰਟੀ ਦੀ ਮਜਬੂਤੀ ਲਈ ਇਮਾਨਦਾਰੀ ਨਾਲ ਕੰਮ ਕਰਨ ਦਾ ਐਲਾਨ ਕੀਤਾ। ਇਸ ਮੋਕੇ ਆਮ ਆਦਮੀ ਪਾਰਟੀ ਸ਼੍ਰੀ ਚਮਕੌਰ ਸਾਹਿਬ ਸ਼ਹਿਰੀ ਦੇ ਸਾਬਕਾ ਪ੍ਰਧਾਨ ਦਰਸ਼ਨ ਕੁਮਾਰ ਵਰਮਾਂ, ਟ੍ਰਾਂਸਪੋਰਟ ਵਿੰਗ ਦੇ ਸਾਬਕਾ ਪ੍ਰਧਾਨ ਕੁਲਦੀਪ ਸਿੰਘ ਚੀਮਾ, ਕਿਸਾਨ ਵਿੰਗ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਅਮਰਾਲੀ, ਕੈਪਟਨ ਗੁਰਬਚਨ ਸਿੰਘ ਢਿੱਲੋਂ, ਕੁਲਦੀਪ ਸਿੰਘ ਮੋਰਿੰਡਾ, ਗੁਰਵਿੰਦਰ ਸਿੰਘ ਸ਼੍ਰ੍ਰੀ ਚਮਕੌਰ ਸਾਹਿਬ, ਆਪ ਯੂਥ ਵਿੰਗ ਪੰਜਾਬ ਮਾਲਵਾ ਜੋਨ ਦੇ ਆਗੂ ਨਵਦੀਪ ਸਿੰਘ ਟੋਨੀ ਆਦਿ ਹਾਜ਼ਰ ਸਨ।

Send this to a friend