ਲੋਕਾਂ ਦੀ, ਲੋਕਾਂ ਲਈ ਤੇ ਲੋਕਾਂ ਦੁਆਰਾ ਜਿਸ ਮੁਲਕ ਵਿਚ ਸਰਕਾਰ ਬਣਦੀ ਹੈ ਉਸ ਮੁਲਕ ਨੂੰ ਲੋਕਤੰਤਰਿਕ ਦੇਸ਼ ਕਿਹਾ ਜਾਂਦਾ ਹੈ।ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰਿਕ ਗਣਰਾਜ ਹੋਣ ਦਾ ਮਾਣ ਭਾਰਤ ਨੂੰ ਮਿਲਿਆ ਹੈ। ਲੋਕਤੰਤਰਿਕ ਦੇਸ਼ ਵਿਚ ਲੋਕਾਂ ਦਾ ਸ਼ਾਸ਼ਨ ਹੁੰਦਾ ਹੈ। ਪੂਰੇ ਵਿਸ਼ਵ ਦਾ ਸਭ ਤੋਂ ਵੱਡਾ ਲਿਖਿਤ ਸੰਵਿਧਾਨ ਵੀ ਭਾਰਤ ਦਾ ਹੈ । ਭਾਰਤੀ ਸੰਵਿਧਾਨ ਦੀ ਧਾਰਾ 326 ਅਤੇ ਰੀਪ੍ਰੈਜ਼ਨਟੇਸ਼ਨ ਆਫ਼ ਪੀਪਲਜ਼ ਐਕਟ, 1951 ਦੇ ਅੰਤਰਗਤ ਭਾਰਤ ਦੇ ਲੋਕ ਜਿੰਨਾਂ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋਵੇ, ਉਨ੍ਹਾਂ ਨੂੰ ਸਰਕਾਰ ਚੁਣਨ ਦਾ ਹੱਕ ਮਿਲਿਆ ਹੈ ਭਾਵ ਵੋਟ ਦਾ ਅਧਿਕਾਰ ਮਿਲਿਆ ਹੈ।
ਲੋਕਤੰਤਰਿਕ ਮੁਲਕ ਵਿਚ ਹਰ ਇਕ ਮਤਦਾਤਾ ਦੀ ਵੋਟ ਦੀ ਅਹਿਮੀਅਤ ਵਧੇਰੇ ਹੁੰਦੀ ਹੈ ਕਿਉਂਕਿ ਇਕ ਵਿਅਕਤੀ ਦੀ ਇਕ ਹੀ ਵੋਟ ਹੁੰਦੀ ਹੈ, ਇਕ-ਇਕ ਮਿਲ ਕੇ ਹੀ ਸੌ ਬਣਦੇ ਹਨ ਫਿਰ ਹਜ਼ਾਰ ਬਣਦੇ, ਹਜ਼ਾਰ ਮਿਲ ਕੇ ਲੱਖ ਬਣਦੇ ਤਾਂ ਕਿਤੇ ਜਾ ਕਿ ਕੋਈ ਉਮੀਦਵਾਰ ਜਿੱਤਦਾ ਹੈ।ਇਕ ਵੋਟ ਕਿੰਨੀ ਕੀਮਤੀ ਹੁੰਦੀ ਹੈ ਤੇ ਹਰ ਵੋਟ ਕਿੰਨੀ ਅਹਿਮ ਹੁੰਦੀ ਹੈ ਇਸਦੀਆਂ ਸਾਨੂੰ ਅਨੇਕਾਂ ਮਿਸਾਲਾਂ ਮਿਲਦੀਆਂ ਹਨ। 17 ਅਪ੍ਰੈਲ 1999 ਨੂੰ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਮਹਿਜ਼ ਇਕ ਵੋਟ ਕਾਰਨ ਹੀ ਡਿੱਗ ਪਈ ਸੀ ।2008 ਵਿਚ ਰਾਜਸਥਾਨ ਦੇ ਮੁੱਖ ਮੰਤਰੀ ਦੇ ਦਾਅਵੇਦਾਰ ਸੀ.ਪੀ ਜੋਸ਼ੀ ਦੀਆਂ ਜਿੱਤ ਦੀਆਂ ਉਮੀਦਾਂ ਉਤੇ ਪਾਣੀ ਇਕ ਵੋਟ ਨੇ ਹੀ ਫੇਰਿਆ ਸੀ।2004 ਵਿਚ ਕਰਨਾਟਕਾ ਦੇ ਕ੍ਰਿਸ਼ਣਮੂਰਤੀ ਨੂੰ ਧਰੁਵ ਨਾਰਾਇਣ ਨੇ ਇਕ ਵੋਟ ਦੇ ਫ਼ਰਕ ਨਾਲ ਹੀ ਤਾਂ ਹਰਾਇਆ ਸੀ।
ਇਕ ਵੋਟ ਦੇ ਇੰਨੇ ਕੀਮਤੀ ਹੋਣ ਦੇ ਬਾਵਜੂਦ ਵੀ ਬਹੁਤ ਸਾਰੇ ਭਾਰਤੀ ਲੋਕ ਆਪਣੀ ਵੋਟ ਦਾ ਇਸਤੇਮਾਲ ਨਹੀ ਕਰਦੇ ਹਨ। ਲੋਕਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਭਾਰਤੀ ਚੋਣ ਸਮੇਂ ਸਮੇਂ ਤੇ ਬਹੁਤ ਸਾਰੇ ਉਪਰਾਲੇ ਵਿੱਢਦਾ ਰਹਿੰਦਾ ਹੈ। ਇੰਨ੍ਹਾ ਵਿੱਢੇ ਜਾਂਦੇ ਉਪਰਾਲਿਆਂ ਵਿੱਚੋਂ ਹੀ ਇਕ ਉਪਰਾਲਾ ਭਾਰਤੀ ਚੋਣ ਕਮਿਸ਼ਨ ਨੇ ਆਪਣੇ ਡਾਇਮੰਡ ਜੁਬਲੀ ਦੇ ਸਮਾਪਤੀ ਸਮਾਰੋਹ ਤੇ ਇਹ ਐਲਾਨ ਕਰਕੇ ਕੀਤਾ ਕੇ ਹਰ ਸਾਲ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਮਨਾਇਆ ਜਾਵੇਗਾ ਤਾਂ ਜੋ ਨੌਜਵਾਨ ਵੋਟਰਾਂ ਨੂੰ ਵੋਟ ਪਾਉਣ ਦੇ ਲਈ ਉਤਸ਼ਾਹਿਤ ਕੀਤਾ ਜਾ ਸਕੇ। 25 ਜਨਵਰੀ 2011 ਨੂੰ ਇਹ ਐਲਾਨ ਕੀਤਾ ਗਿਆ ਤੇ 2012 ‘ਚ ਇਹ ਪਹਿਲੀ ਵਾਰੀ ਮਨਾਇਆ ਗਿਆ।ਇਸ ਦਿਨ ਨਵੇਂ ਬਣੇ ਵੋਟਰਾਂ ਨੂੰ ਸ਼ਨਾਖ਼ਤੀ ਕਾਰਡ ਵੰਡਣ ਦੇ ਨਾਲ ਨਾਲ ਇਕ ਬੈਜ ਵੀ ਦਿੱਤਾ ਜਾਂਦਾ ਹੈ ਜਿਸ ਉਪਰ ਲਿਖਿਆ ਹੁੰਦਾ ਠਵੋਟਰ ਬਣ ਕੇ ਮਾਣ ਮਹਿਸੂਸ ਕਰੋ ਅਤੇ ਇਸ ਦੀ ਵਰਤੋਂ ਲਈ ਤਿਆਰ ਬਰ ਤਿਆਰ ਰਹੋੂ ।ਇਸ ਦਿਨ ਵੋਟ ਪਾਉਣ ਦੇ ਲਈ ਉਤਸ਼ਾਹਿਤ ਵੀ ਕੀਤਾ ਜਾਂਦਾ ਹੈ ਤਾਂ ਜੋ ਵੋਟਿੰਗ ਦੀ ਦਰ ਨੂੰ ਵਧਾਇਆ ਜਾ ਸਕੇ।
ਚੋਣ ਕਮਿਸ਼ਨ ਦੇ ਬਹੁਤ ਸਾਰੇ ਯਤਨਾਂ ਦੇ ਬਾਵਜੂਦ ਵੀ 2014 ਦੀਆਂ ਲੋਕ ਸਭਾ ਚੋਣਾਂ ਵਿਚ 66.4 ਪ੍ਰਤੀਸ਼ਤ ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਜਿੰਨ੍ਹਾਂ ਵਿਚ 67.09 ਪ੍ਰਤੀਸ਼ਤ ਮਰਦ ਅਤੇ 65.63 ਪ੍ਰਤੀਸ਼ਤ ਔਰਤਾਂ ਸਨ। ਅਨੇਕ ਸੰਘਰਸ਼ ਤੋਂ ਬਾਅਦ ਮਿਲੇ ਵੋਟ ਦੇ ਅਧਿਕਾਰ ਨੂੰ ਬਹੁਤੇ ਲੋਕ ਵਰਤਦੇ ਹੀ ਨਹੀਂ। ਕੁਝ ਲੋਕ ਇਹ ਕਹਿ ਕਿ ਵੋਟ ਪਾਉਣ ਤੋਂ ਕੰਨੀ ਕਤਰਾਉਂਦੇ ਸਨ ਕਿ ਉਨ੍ਹਾਂ ਨੂੰ ਕੋਈ ਉਮੀਦਵਾਰ ਜਾਂ ਰਾਜਨੀਤਿਕ ਦਲ ਪਸੰਦ ਨਹੀਂ ਇਸ ਲਈ ਉਹ ਪੋਲਿੰਗ ਬੂਥ ਤੇ ਜਾਣ ਤੋਂ ਗੁਰੇਜ਼ ਕਰਦੇ ਹਨ ਅਤੇ ਵੋਟ ਦੇ ਅਧਿਕਾਰ ਨੂੰ ਵਰਤਦੇ ਨਹੀਂ ਹਨ। ਲੋਕਾਂ ਦੀ ਇਸ ਗੱਲ ਤੇ ਗੌਰ ਕਰਦਿਆਂ ਭਾਰਤੀ ਚੋਣ ਕਮਿਸ਼ਨ ਨੇ ਸਰਵਉੁੱਚ ਅਦਾਲਤ ਸੁਪਰੀਮ ਨੂੰ ਸਿਫ਼ਾਰਸ਼ ਕੀਤੀ ਕਿ ਨੋਟਾਂ ਦਾ ਵਿਕਲਪ ਵੀ ਭਾਰਤੀ ਵੋਟਰਾਂ ਨੂੰ ਦਿੱਤਾ ਜਾਵੇਂ ਤਾਂ ਜੋਂ ਵੱਧ ਤੋਂ ਵੱਧ ਲੋਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ। 27 ਸਤੰਬਰ 2013 ਨੂੰ ਭਾਰਤ ਦੇ ਵੋਟਰਾਂ ਨੂੰ ਨੋਟਾ ਦਾ ਅਧਿਕਾਰ ਵੀ ਮਿਲ ਗਿਆ ।ਇਹ ਅਧਿਕਾਰ ਮਿਲਣ ਦੇ ਬਾਵਜੂਦ ਵੀ ਵੋਟਰਾਂ ਵੱਲੋਂ ਵੋਟ ਪਾਉਣ ਸੰਬੰਧੀ ਕੋਈ ਭਰਵਾਂ ਹੁੰਗਾਰਾ ਨਹੀਂ ਮਿਲਿਆ ਤੇ ਹਾਲੇ ਵੀ ਬਹੁਤੇ ਲੋਕ ਵੋਟ ਦੇ ਅਧਿਕਾਰ ਦੀ ਵਰਤੋਂ ਨਹੀ ਕਰਦੇ ਹਨ। ਲੋਕਤੰਤਰ ਦੀ ਜੜ੍ਹ ਵੋਟਰਾਂ ਨੂੰ ਕਿਹਾ ਜਾਂਦਾ ਹੈ ।ਵੋਟਰਾਂ ਸਦਕਾ ਹੀ ਲੋਕਤੰਤਰ ਮਜ਼ਬੂਤ ਬਣਦਾ ਹੈ ਇਸ ਲਈ ਸਾਰੇ ਵੋਟਰਾਂ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ । ਜੋ ਸੰਵਿਧਾਨ ਨੇ ਉਨ੍ਹਾਂ ਨੂੰ ਤਾਕਤ ਦਿੱਤੀ ਹੈ ਉਸਦੀ ਉਚਿੱਤ ਵਰਤੋੰ ਜ਼ਰੂਰ ਕਰਨੀ ਚਾਹੀਦੀ ਹੈ।ਕੁਝ ਕੁ ਚੀਜ਼ਾਂ ਦੇ ਲਾਲਚ ‘ਚ ਆ ਕੇ ਆਪਣੀ ਕੀਮਤੀ ਵੋਟ ਨੂੰ ਕਦੇ ਨਹੀਂ ਵੇਚਣਾ ਚਾਹੀਦਾ ਬਲਕਿ ਮਤਦਾਨ ਆਪਣੀ ਮਤ ਨਾਲ ਕਰਨਾ ਚਾਹੀਦਾ ਹੈ ਨਾ ਕੇ ਲਾਲਚ ਵੱਸ ਆ ਕੇ। ਲੋਕਤੰਤਰਿਕ ਦੇਸ਼ ਦਾ ਭਵਿੱਖ ਉਸਦੇ ਵੋਟਰਾਂ ਦੇ ਹੱਥ ਵਿਚ ਹੁੰਦਾ ਹੈ । ਆਪਣੇ ਦੇਸ਼ ਨੂੰ ਨਵੀਂਆਂ ਬੁਲੰਦੀਆਂ ਤੇ ਪਹੁੰਚਾਉਣ ਦੇ ਲਈ ਅਤੇ ਸਾਰਥਕ ਸਿਸਟਮ ਦੀ ਹੋਂਦ ਦੇ ਲਈ ਵੋਟਰਾਂ ਨੂੰ ਵਧੀਆ ਸਰਕਾਰ ਚੁਣਨ ਲਈ ਸੋਚ ਸਮਝ ਕੇ ਵੋਟ ਪਾਉਣੀ ਚਾਹੀਦੀ ਹੈ। ਦੇਸ਼ ਨੂੰ ਉਜਵੱਲ ਬਣਾਉਣਾ ਹੈ ਜਾਂ ਕੰਗਾਲ ਕਰਨਾ ਹੈ ਇਹ ਵੋਟਰਾਂ ਉਪਰ ਨਿਰਭਰ ਕਰਦਾ ਹੈ ਕਿਉਕਿ ਅਸਿੱਧੇ ਲੋਕਤੰਤਰ ਵਾਲੇ ਗਣਰਾਜ ਵਿਚ ਲੋਕ ਆਪੋ ਆਪਣੇ ਖੇਤਰਾਂ ਵਿੱਚੋ ਉਮੀਦਵਾਰ ਚੁਣ ਕੇ ਭੇਜਦੇ ਹਨ, ਚੁਣੇ ਹੋਏ ਨੁਮਾਇੰਦੇ ਸਰਕਾਰ ਚਲਾਉਂਦੇ ਤੇ ਨੀਤੀਆਂ ਘੜ੍ਹਦੇ ਹਨ।
ਵੋਟਰਾਂ ਦੀ ਵੋਟ ਬਹੁਤ ਕੀਮਤੀ ਹੁੰਦੀ ਹੈ ,ਇਸ ਲਈ ਉਨ੍ਹਾਂ ਨੂੰ ਬਹੁਤ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਉਮੀਦਵਾਰ ਦੀ ਛਵੀ ਨੂੰ ਧਿਆਨ ਵਿਚ ਰੱਖਣ ਦੇ ਨਾਲ ਨਾਲ ਉਨ੍ਹਾਂ ਨੂੰ ਆਪਣੀਆਂ ਉਮੀਦਾਂ ਦੀ ਕਸਵੱਟੀ ਤੇ ਪਰਖਣਾ ਚਾਹੀਦਾ ਹੈ । ਰਾਜਨੀਤਿਕ ਦਲਾਂ ਦੇ ਚੋਣ ਮਨੋਰਥ ਪੱਤਰਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਉਨ੍ਹਾਂ ਨੂੰ ਪੜ੍ਹਨ ਦੇ ਨਾਲ ਨਾਲ ਪਰਖਣਾ ਵੀ ਜ਼ਰੂਰ ਚਾਹੀਦਾ ਹੈ। ਚੋਣ ਮਨੋਰਥ ਪੱਤਰ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੋ ਵਾਅਦੇ ਰਾਜਨੀਤਿਕ ਦਲ ਕਰ ਰਹੇ ਹਨ ਕੀ ਉਨ੍ਹਾਂ ਨੂੰ ਜ਼ਮੀਨੀ ਪੱਧਰ ਉਪਰ ਲਾਗੂ ਕੀਤਾ ਜਾ ਸਕਦਾ ਹੈ ਜਾਂ ਇਹ ਸਿਰਫ਼ ਸੱਤਾ ਹਾਸਲ ਕਰਨ ਲਈ ਹਵਾ ਦੇ ਮਹਿਲ ਬਣਾ ਜਾ ਰਹੇ ਹਨ।
ਸਿਆਣੇ ਅਕਸਰ ਆਖਦੇ ਹਨ ਕਿ ਠਸੁਣੋ ਸਭ ਦੀ ਕਰੋ ਮਨ ਦੀੂ ਠੀਕ ਇਸੇ ਤਰ੍ਹਾਂ ਵੋਟਰਾਂ ਨੂੰ ਵੀ ਸੁਣਨੀ ਸਾਰੇ ਉਮੀਦਵਾਰਾਂ ਦੀ ਚਾਹੀਦੀ ਹੈ ਪਰ ਉਨ੍ਹਾਂ ਵੱਲੋਂ ਵਿਖਾਏ ਜਾਂਦੇ ਸਬਜ਼ਬਾਗਾਂ ਤੋਂ ਪ੍ਰਭਾਵਿਤ ਕਦੇ ਨਹੀਂ ਹੋਣਾ ਚਾਹੀਦਾ ਸਗੋਂ ਆਪਣੀ ਮਤ ਨਾਲ ਮਤਦਾਨ ਕਰਨਾ ਚਾਹੀਦਾ ਹੈ । ਜਿਸ ਦੀ ਵੋਟ ਉਸੇ ਨੇ ਹੀ ਇਸਤੇਮਾਲ ਕਰਨੀ ਹੈ ਅਤੇ ਉਸਦੀ ਮਰਜ਼ੀ ਤੋਂ ਬਿਨਾਂ ਉਸ ਦੇ ਸਿਵਾਏ ਕੋਈ ਨਹੀਂ ਜਾਣ ਸਕਦਾ ਕੇ ਉਸ ਨੇ ਵੋਟ ਕਿਸ ਨੂੰ ਪਾਈ ਹੈ।ਇਸ ਲਈ ਆਪਣੀ ਵੋਟ ਦੀ ਤਾਕਤ ਦੀ ਵਰਤੋਂ ਬਿਨਾਂ ਕਿਸੇ ਲਾਲਚ ਤੇ ਭੈਅ ਤੋਂ ਰਨੀ ਚਾਹੀਦੀ ਹੈ।ਤੁਹਾਡੀ ਵੋਟ ਦੀ ਤਾਕਤ ਤੋਂ ਬਿਨਾਂ ਕੋਈ ਵੀ ਸਰਕਾਰ ਹੋਂਦ ਵਿਚ ਨਹੀਂ ਆ ਸਕਦੀ। ਵੋਟਰ ਲੋਕਤੰਤਰਿਕ ਗਣਰਾਜ ਦੀ ਨੀਂਹ ਹੁੰਦੇ ਹਨ ਜੇ ਨੀਂਹਾਂ ਮਜ਼ਬੂਤ ਹੋਣਗੀਆਂ ਤਾਂ ਹੀ ਵੱਡੇ ਮਹੱਲ ਉਸਾਰੇ ਜਾ ਸਕਦੇ ਹਨ। ਇਸ ਲਈ ਆਪਣੀ ਤਾਕਤ ਨੂੰ ਪਛਾਣੋ, ਉਸਦੀ ਸਾਰਥਕ ਵਰਤੋਂ ਕਰੋਂ ਤੇ ਬਿਨਾਂ ਕਿਸੇ ਮੋਹ ਲਾਲਚ ਦੇ ਲੋਕਤੰਤਰ ਦੀਆਂ ਨੀਹਾਂ ਨੂੰ ਮਜ਼ਬੂਤ ਕਰੋ।
– ਦਮਨਪ੍ਰੀਤ ਕੌਰ
ਐਮ.ਏ. ਪੱਤਰਕਾਰੀ ਅਤੇ ਜਨਸੰਚਾਰ
ਪਿੰਡ ਰਾਏਪੁਰ, ਸ੍ਰੀ ਫ਼ਤਹਿਗੜ੍ਹ ਸਾਹਿਬ