ਗਣਤੰਤਰ ਮਨਾਉਣ ਦੇ ਅਸਲੀ ਮਨੋਰਥ ਨੂੰ ਸਮਝਣਾ ਬਹੁਤ ਜ਼ਰੂਰੀ

ਦੇਸ਼ ਵਾਸੀ ਇਸ ਵਾਰ 70ਵਾਂ ਗਣਤੰਤਰ ਦਿਵਸ ਮਨਾ ਰਹੇ ਹਨ। ਭਾਰਤ ਦੇਸ਼ ਦਾ ਆਪਣਾ ਸੰਵਿਧਾਨ ਜਿਸਨੂੰ ਲਿੱਖਣ ਵਿੱਚ ਦੋ ਸਾਲ ਗਿਆਰਾਂ ਮਹੀਨੇ ਤੇ ਅਠਾਰਾਂ ਦਿਨਾਂ ਦਾ ਸਮਾਂ ਲੱਗਾ। ਇਹ ਸੰਵਿਧਾਨ 26 ਨਵੰਬਰ 1949 ਨੂੰ ਪਾਸ ਹੋਇਆ ਸੀ ਤੇ 26 ਜਨਵਰੀ 1950 ਨੂੰ ਲਾਗੂ ਹੋਇਆ ਸੀ। ਦੂਜੇ ਦੇਸ਼ ਜਿਵੇਂ ਅਮਰੀਕਾ, ਆਸਟਰੇਲੀਆਂ, ਫਰਾਂਸ, ਕੈਨੇਡਾ, ਜਪਾਨ, ਜਰਮਨ, ਅਫਰੀਕਾ ਵਰਗੇ ਦੇਸ਼ਾਂ ਦੇ ਸੰਵਿਧਾਨ ਨੂੰ ਪੜ ਕੇ ਬਾਬਾ ਸਾਹਿਬ ਡਾ: ਭੀਮ ਰਾਉ ਅੰਬੇਦਕਰ ਨੇ ਸੰਵਿਧਾਨ ਲਿੱਖਣ ਦਾ ਇਹ ਕੰਮ ਨੇਪਰੇ ਚਾੜ੍ਹਿਆ। ਪੰਡਿਤ ਜਵਾਹਰ ਲਾਲ ਨਹਿਰੂ, ਡਾ. ਰਜਿੰਦਰ ਪ੍ਰਸਾਦ, ਪਟੇਲ ਤੇ ਕਲਾਮ ਨੇ ਆਪਣੀ ਪ੍ਰਵਾਨਗੀ ਦੀ ਮੋਹਰ ਲਾਈ ਸੀ। ਸੰਵਿਧਾਨ ਵਿੱਚ ਹਰ ਵਰਗ ਦੇ ਨਾਗਰਿਕ ਦਾ ਖਿਆਲ ਰੱਖਿਆ ਗਿਆ।ਸੰਵਿਧਾਨ ਦੀ ਧਾਰਾ 15 ਜੋ ਮੌਲਿਕ ਹੱਕਾਂ ਦੀ ਗੱਲ ਕਰਦੀ ਹੈ ਕਿ ਸਮੇਂ ਦੀ ਹਕੂਮਤ ਦੇਸ਼ ਦੇ ਕਿਸੇ ਵੀ ਨਾਗਰਿਕ ਨਾਲ ਧਰਮ, ਜਾਤ, ਨਸਲ ਤੇ ਲਿੰਗ ਤੇ ਭੇਦ-ਭਾਵ ਨਹੀ ਕਰੇਗੀ। ਦੇਸ਼ ਦੀ ਅਜ਼ਾਦੀ ਤੋਂ ਬਾਦ ਕਈ ਸਰਕਾਰਾਂ ਆਈਆਂ ਤੇ ਕਈ ਚਲੀਆਂ ਗਈਆਂ। 26 ਜਨਵਰੀ 1950 ਨੂੰ ਭਾਰਤ ਦੇਸ਼ ਦਾ ਸੰਵਿਧਾਨ ਲਾਗੂ ਵੀ ਹੋ ਗਿਆ। ਅੱਜ ਦੇਸ਼ ਵਿੱਚ 70ਵਾਂ ਗਣਤੰਤਰ ਦਿਵਸ ਵੀ ਮਨਾਇਆ ਜਾ ਰਿਹਾ ਹੈ। ਦੇਸ਼ ਦੀ ਹਾਲਤ ਕੋਈ ਬਹੁਤੀ ਸੁਧਰੀ ਨਜ਼ਰ ਨਹੀ ਆਉਂਦੀ। ਅੱਜ ਵੀ ਦੇਸ਼ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਮੂੰਹ ਅੱਡੀ ਖੜੀਆਂ ਨਜ਼ਰ ਆ ਰਹੀਆਂ ਹਨ। ਇਸ ਦੇਸ਼ ਵਿੱਚ ਅਮੀਰ ਹੋਰ ਅਮੀਰ ਹੋਇਆ ਤੇ ਗਰੀਬ ਹੋਰ ਗਰੀਬੀ ਦੀ ਦਲਦਲ ਵਿੱਚ ਧੱਸਦਾ ਜਾ ਰਿਹਾ ਹੈ। ਅੱਜ ਵੀ ਕੂੜੇ ਦੇ ਢੇਰਾਂ ਵਿੱਚੋਂ ਰੋਜ਼ੀ ਰੋਟੀ ਤਲਾਸ਼ਦੇ ਕਈ ਗਰੀਬ ਬੱਚੇ ਨਜ਼ਰੀਂ ਪੈਂਦੇ ਹਨ। ਸਭ ਤੋਂ ਵੱਡੀ ਚੁਣੋਤੀ ਇਸ ਵਕਤ ਦੇਸ਼ ਦੀ ਬੜੀ ਹੀ ਤੇਜ਼ੀ ਨਾਲ ਵੱਧਦੀ ਅਬਾਦੀ ਹੈ ਜੇ ਇਸ ਤੇ ਰੋਕ ਨਾ ਲਾਈ ਗਈ ਤਾਂ ਆਪਾਂ ਸਾਰੇ ਭਿਆਨਕ ਨਤੀਜੇ ਭੁਗਤਣ ਲਈ ਤਿਆਰ ਰਹੀਏ। ਸੰਨ 1947 ਵਿੱਚ ਦੇਸ਼ ਦੀ ਅਬਾਦੀ 35 ਕਰੋੜ ਦੇ ਕਰੀਬ ਸੀ ਜੋ ਵੱਧਦੀ-ਵੱਧਦੀ ਹੁਣ ਤੱਕ 150 ਕਰੋੜ ਦੇ ਕਰੀਬ ਪਹੁੰਚ ਗਈ ਹੈ। ਜੇ ਇਸੇ ਤਰ੍ਹਾਂ ਅਬਾਦੀ ਵੱਧਦੀ ਚਲੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਰਹਿਣ ਲਈ ਘਰ, ਖਾਣ ਲਈ ਰੋਟੀ, ਪੀਣ ਲਈ ਪਾਣੀ ਤੇ ਹੋਰ ਜਰੂਰੀ ਵਸਤਾਂ ਦੀ ਪ੍ਰਾਪਤੀ ਲਈ ਤਰਸਣਾ ਪਵੇਗਾ। ਵੱਧਦੀ ਅਬਾਦੀ ਚਿੰਤਾ ਦਾ ਵਿਸ਼ਾ ਹੈ। ਹੋਰ ਸਮੱਸਿਆਵਾਂ ਵਿੱਚ ਖਾਸ ਕਰ ਪੰਜਾਬ ਅੰਦਰ ਪੰਜ ਦਰਿਆਵਾਂ ਤੋਂ ਇਲਾਵਾ ਨਸ਼ੇ ਦਾ ਛੇਵਾਂ ਦਰਿਆ ਵੀ ਵਗ ਰਿਹਾ ਹੈ। ਨਸ਼ਿਆਂ ਦੀ ਦਲਦਲ ਵਿੱਚ ਧੱਸ ਕੇ ਦੇਸ਼ ਪੰਜਾਬ ਦੀ ਨੌਜਵਾਨੀ (ਮੁੰਡੇ-ਕੁੜੀਆਂ) ਬਰਬਾਦ ਹੋ ਗਈ ਹੈ। ਨੌਜਵਾਨ ਨਿਪੁੰਨਸਕ ਹੋ ਰਹੇ।ਇੱਕ ਚੈਨਲ ਮੁਤਾਬਿਕ ਐਨ. ਬੀ. ਪੀ. ਟੀ. ਸੀ ਦੀ ਰਿਪੋਟ ਮੁਤਾਬਿਕ ਪੰਜਾਬ ਵਿੱਚ ਹਰ ਹਫਤੇ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਡਰੱਗਜ਼ ਦਾ ਨਸ਼ਾ ਲੈਣ ਨਾਲ ਹੋ ਰਹੀ ਹੈ। ਪੰਜਾਬ ਵਿੱਚ ਹਰ ਸਾਲ 7500 ਕਰੋੜ ਦੀ ਡਰੱਗਜ਼ ਦੀ ਖਪਤ ਹੋ ਰਹੀ ਹੈ। ਇਸ ਵਿੱਚੋਂ 6500 ਕਰੋੜ ਦੀ ਹੈਰੋਇਨ ਹੈ ਜੋ ਕਿ ਪਾਕਿਸਤਾਨ ਬਾਰਡਰ ਤੋਂ ਸਿੱਧੀ ਭਾਰਤ ਪਹੁੰਚਦੀ ਹੈ।ਪੰਜਾਬ ਦੀ ਜਨ-ਸੰਖਿਆ 2 ਕਰੋੜ 77 ਲੱਖ ਹੈ। ਪੰਜਾਬ ਵਿੱਚ 8 ਲੱਖ 60 ਹਜ਼ਾਰ ਲੋਕ ਅਫੀਮ ਦਾ ਨਸ਼ਾ ਖਾਣ ਦੇ ਆਦੀ ਹਨ। ਪੰਜਾਬ ਵਿੱਚ 1 ਲੱਖ 23 ਹਜ਼ਾਰ ਹੈਰੋਇਨ ਦਾ ਨਸ਼ਾ ਲੈਣ ਦੇ ਆਦੀ ਹਨ। ਪੰਜਾਬ ਵਿੱਚ ਡਰੱਗਜ਼ ਦਾ ਇੰਜ਼ੈਕਸ਼ਨ ਲੈਣ ਵਾਲੇ 75 ਹਜ਼ਾਰ ਨਸ਼ਈ ਹਨ। ਅਠਾਰਾਂ ਸਾਲ ਤੋਂ 35 ਸਾਲ ਦੇ ਹਰ 100 ਚੋਂ 15 ਲੋਕ ਨਸ਼ੇ ਦੇ ਆਦੀ ਹਨ। ਡਰੱਗਜ਼ ਖ੍ਰੀਦਣ ਲਈ ਪੰਜਾਬ ਵਿੱਚ ਹਰ ਰੋਜ਼ 20 ਕਰੋੜ ਰੁਪਏ ਖਰਚ ਹੁੰਦੇ ਹਨ। ਹੈਰੋਇਨ ਲੈਣ ਵਾਲਾ ਹਰ ਨਸ਼ਈ ਹਰ ਰੋਜ਼ ਨਸ਼ੇ ਤੇ 1400 ਰੁ: ਖਰਚ ਕਰਦਾ ਹੈ। ਰਿਪੋਟ ਅਨੁਸਾਰ ਪੰਜਾਬ ਦੇ ਅੱਸੀ ਫੀਸਦੀ ਨਸ਼ੇ ਕਰਨ ਵਾਲੇ ਲੋਕ ਇਸ ਦਲਦਲ ਵਿੱਚੋਂ ਨਿਕਲਣਾ ਚਾਹੁੰਦੇ ਹਨ, ਜਦ ਕਿ 35 ਫੀਸਦੀ ਡਰੱਗਜ਼ ਦੇ ਨਸ਼ੱਈਆਂ ਨੂੰ ਮਦਦ ਦੀ ਜਰੂਰਤ ਹੈ।ਇਹ ਤਾਂ ਦੋ-ਚਾਰ ਗਿਣਤੀ ਦੇ ਨਸ਼ਿਆਂ ਦੀ ਗੱਲ ਹੈ। ਨਸ਼ਈ ਹੋਰ ਵੀ ਬਹੁਤ ਕਿਸਮ ਦੇ ਨਸ਼ੇ ਕਰਦੇ ਹਨ, ਤੁਸੀ ਸੂਝਵਾਨ ਹੋ। ਅੰਦਾਜ਼ਾ ਖੁਦ ਲਗਾ ਸਕਦੇ ਹਨ।ਇਸ ਨਾਲ ਪੰਜਾਬ ਵਿੱਚ ਗੈਂਗਸਟਰਾਂ ਦਾ ਵੱਧਣਾ ਵੀ ਚਿੰਤਾ ਦਾ ਵਿਸ਼ਾ ਹੈ।ਨਸ਼ੇ ਦੀ ਪੂਰਤੀ ਲਈ ਇਹ ਲੋਕ ਦਿਨ-ਦਿਹਾੜੇ ਗੁੰਡਾਗਰਦੀ ਕਰਨ ਤੋਂ ਗੁਰੇਜ਼ ਨਹੀ ਕਰਦੇ। ਸਰਕਾਰੀ ਸ਼ਹਿ ਪ੍ਰਾਪਤ ਇਹ ਗੁੰਡੇ ਸ਼ਰੇਆਮ ਸੜ੍ਹਕਾਂ ਤੇ ਗੋਲੀਆਂ ਚਲਾਉਂਦੇ ਵੱਡੀਆਂ-ਵੱਡੀਆਂ ਵਾਰਦਾਤਾਂ ਨੂੰ ਸ਼ਰੇਆਮ ਅੰਜ਼ਾਮ ਦੇ ਰਹੇ ਹਨ।ਆਮ ਨਾਗਰਿਕ ਦਾ ਜੀਣਾ ਮੁਹਾਲ ਹੋਇਆ ਪਿਆ ਹੈ। ਲੋੜ ਤਾਂ ਇਹ ਸੀ ਕਿ ਸਰਕਾਰਾਂ ਨਸ਼ਿਆਂ ਦੀ ਥਾਂ ਤੇ ਰੋਜ਼ਗਾਰ ਪੈਦਾ ਕਰਦੀਆਂ। ਦੇਸ਼ ਵਿੱਚ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਹਨ ਜਿਵੇਂ, ਭੁੱਖਮਰੀ ਦੀ ਸਮੱਸਿਆ, ਬੇਰੁਜ਼ਗਾਰੀ ਦੀ ਸਮੱਸਿਆ, ਬਿਜਲੀ ਦਾ ਸੰਕਟ ਅਜੇ ਬਹੁਤ ਸਾਰੇ ਇਲਾਕੇ ਐਸੇ ਹਨ, ਜਿੱਥੇ ਬਿਜਲੀ ਪਹੁੰਚੀ ਹੀ ਨਹੀ ਹੈ।ਉਧਰ ਪ੍ਰਧਾਨ ਮੰਤਰੀ ਜੀ ਸਮਰਾਟ ਇੰਡੀਆਂ, ਡਿਜ਼ੀਟਲ ਇੰਡੀਆਂ ਦੀ ਗੱਲ ਕਰਦੇ ਨਹੀ ਥੱਕਦੇ।ਖਾਣ ਪੀਣ ਦੀਆਂ ਚੀਜ਼ਾਂ ਵਿੱਚ ਮਿਲਾਵਟ, ਹਵਾ ਪਾਣੀ ਧਰਤੀ ਪ੍ਰਦੂਸ਼ਿਤ ਹੋ ਰਹੇ ਹਨ, ਗਰੀਬ ਐੇਜ਼ੂਕੇਸ਼ਨ ਤੋਂ ਵਾਝਾਂ ਰਹਿ ਗਿਆ ਹੈ। ਮੈਡੀਕਲ ਸਹੂਲਤ ਨਹੀ ਮਿਲ ਰਹੀ।ਪੀਣ ਲਈ ਸ਼ੁੱਧ ਪਾਣੀ ਨਹੀ ਮਿਲ ਰਿਹਾ। ਹਰ ਸ਼ਹਿਰ, ਹਰ ਕਸਬੇ ਵਿੱਚ ਟਰੈਫਿਕ ਦੀ ਸਮੱਸਿਆ ਹੈ।ਘੰਟਿਆਂਬੱਧੀ ਟਰੈਫਿਕ ਵਿੱਚ ਫਸੇ ਰਹਿਣਾ ਪੈਂਦਾ ਹੈ।ਦੇਸ਼ ਦਾ ਅੰਨ ਦਾਤਾ ਕਿਸਾਨ ਬਹੁਤ ਮੁਸ਼ਕਿਲ ਵਿੱਚ ਹੈ। ਕਿਸਾਨਾਂ ਨੂੰ ਫਸਲਾਂ ਦਾ ਵਾਜ਼ਿਬ ਰੇਟ ਨਹੀ ਮਿਲ ਰਿਹਾ।ਖੇਤੀਬਾੜੀ ਦੇ ਖਰਚੇ ਬਹੁਤ ਵੱਧ ਗਏ ਹਨ ਤੇ ਮੁਨਾਫਾ ਨਾ-ਮਾਤਰ ਰਹਿ ਗਿਆ ਹੈ, ਜਿਸ ਕਾਰਨ ਕਿਸਾਨ ਕਰਜ਼ੇ ਦੀ ਮਾਰ ਨਾ ਝੱਲਦਾ ਹੋਇਆ, ਖੁਦਕੁਸ਼ੀਆਂ ਦੇ ਰਾਹ ਪੈ ਗਿਆ ਹੈ। ਪੁੱਤਾਂ ਵਰਗੀ ਪਾਲੀ ਫਸਲ ਨੂੰ ਸੜਕਾਂ ਤੇ ਸੁੱਟਣ ਲਈ ਮਜ਼ਬੂਰ ਹੈ। ਕਿਸਾਨਾਂ ਸਮੇਤ ਦੇਸ਼ ਦਾ ਹਰ ਆਮ ਨਾਗਰਿਕ ਪੈਸੇ-ਪੈਸੇ ਲਈ ਮੁਹਤਾਜ ਹੈ। ਸੱਤਾ ਤੇ ਕਾਬਜ਼ ਇੰਨ੍ਹਾਂ ਸੱਤਾਧਾਰੀਆਂ ਦੇ ਆਏ ਦਿਨ ਹਜ਼ਾਰਾਂ ਲੱਖਾਂ ਕਰੋੜਾਂ ਰੁਪਿਆਂ ਦੇ ਘੁਟਾਲਿਆਂ ਦਾ ਪਰਦਾਫਾਸ਼ ਹੋ ਰਿਹਾ ਹੈ।ਸਜ਼ਾ ਕਿਸੇ ਨੂੰ ਨਹੀ, ਸਭ ਐਸ਼ ਕਰ ਰਹੇ ਹਨ।ਪਿਛਲੇਂ ਸਮੇਂ ਦੌਰਾਨ ਨੋਟਬੰਦੀ ਦਾ ਡਰਾਮਾ ਕਰਕੇ ਕਾਲੇ ਧੰਨ ਦਾ ਪਤਾ ਲਗਾਉਣ ਦੀ ਪ੍ਰਧਾਨ ਮੰਤਰੀ ਨੇ ਗੱਲ ਕਹੀ, ਪਰ ਕੋਈ ਬਹੁਤੀ ਸਫਲਤਾ ਹੱਥ ਨਹੀ ਲੱਗੀ।ਜੇਹੜਾ ਧੰਨ ਹੈਗਾ ਸੀ, ਉਹ ਵੀ ਗਾਇਬ ਹੋ ਗਿਆ। ਏ.ਟੀ.ਐਮ ਤੇ ਬੈਂਕਾਂ ਵਿੱਚ ਆਪਣੇ ਹੀ ਰੁਪਏ ਲੈਣ ਲਈ ਕੋਈ ਅਮੀਰ ਨਹੀ, ਬਲਕਿ ਗਰੀਬ ਹੀ ਰਾਤ ਦਿਨ ਖੜੇ ਨਜ਼ਰ ਆਏ।ਆਪਣੇ ਹੱਕਾਂ ਦੀ ਪ੍ਰਾਪਤੀ ਲਈ ਦੇਸ਼ ਦੇ ਲੋਕ ਸੜਕਾਂ ਤੇ ਧਰਨੇ ਲਾ ਰਹੇ ਹਨ। ਥਾਂ-ਥਾਂ ਤੇ ਰੈਲੀਆਂ ਕਰ ਰਹੇ ਹਨ। ਮੁਜ਼ਾਹਰੇ ਕਰ ਰਹੇ ਹਨ। ਨੌਕਰੀਆਂ ਪ੍ਰਾਪਤ ਕਰਨ ਲਈ ਟੈਂਕੀਆਂ ਤੇ ਚੜ੍ਹ ਰਹੇ ਹਨ।ਉਹਨਾਂ ਨੂੰ ਸਰਕਾਰੀ ਜ਼ਬਰ ਦਾ ਸਾਹਮਣਾ ਕਰਨਾ ਪਿਆ।ਪੁਲਿਸ ਦੀਆਂ ਡਾਗਾਂ ਖਾਣੀਆ ਪਈਆਂ। ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ।ਉਹਨਾਂ ਦੀ ਅਵਾਜ਼ ਨੂੰ ਦਬਾਉਣ ਦੀ ਹਰ ਕੋਸ਼ਿਸ਼ ਕੀਤੀ ਗਈ।ਲੋੜ ਸੀ ਦੇਸ਼ ਵਿੱਚ ਸਭ ਤੋਂ ਪਹਿਲਾ ਰੋਜ਼ਗਾਰ ਪੈਦਾ ਕਰਨ ਦੀ, ਪਰ ਕਿਸੇ ਵੀ ਸਰਕਾਰ ਨੇ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਨਹੀ ਲਿਆ। ਦੇਸ਼ ਵਿੱਚ ਸੱਤਾ ਤੇ ਕਾਬਜ਼ ਹਾਕਮਾਂ ਨੇ ਜਾਤ-ਪਾਤ ਦੇ ਅਧਾਰ ਤੇ ਦੇਸ਼ ਵਿੱਚ ਵੰਡੀਆ ਪਾਉਣ ਤੋਂ ਵੀ ਗੁਰੇਜ਼ ਨਹੀ ਕੀਤਾ।ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਜਾਣ-ਬੁੱਝ ਕੇ ਅੜਿੱਕਾ ਡਾਹਿਆ ਗਿਆ।ਪੰਜਾਬ ਅੰਦਰ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਹੁੰਦਿਆਂ ਕੁੱਝ ਪਾਪੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਘੋਰ ਬੇਅਦਬੀ ਕੀਤੀ ਗਈ। ਕਿਸੇ ਦੋਸ਼ੀ ਨੂੰ ਨਹੀ ਫੜਿਆ ਗਿਆ, ਸਗੋਂ ਉਲਟਾ ਸਿੱਖਾਂ ਨੂੰ ਹੀ ਗੋਲੀਆਂ ਮਾਰੀਆਂ ਗਈਆਂ ਜੋ ਸ਼ਾਤਮਈ ਰੋਸ ਪ੍ਰਦਰਸ਼ਨ ਕਰ ਰਹੇ ਸਨ ਜੋ ਕਿ ਬਹੁਤ ਸ਼ਰਮ ਦੀ ਗੱਲ ਹੈ।ਸੰਨ 1984 ਦੌਰਾਨ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਇੰਨ੍ਹੇ ਸਾਲ ਬੀਤ ਜਾਣ ਦੇ ਬਾਦ ਸੱਜਣ ਕੁਮਾਰ ਵਰਗੇ ਇੱਕ ਦੋ ਦੋਸ਼ੀਆਂ ਨੂੰ ਹੁਣ ਜਾ ਕੇ ਸਜ਼ਾ ਮਿਲੀ ਹੈ। ਬਾਕੀ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ।ਉਹਨਾਂ ਦੋਸ਼ੀਆ ਨੂੰ ਕੋਈ ਸਜ਼ਾ ਨਹੀ ਦਿੱਤੀ ਗਈ। ਇਸ ਵਕਤ ਸੱਤਾ ਤੇ ਕਾਬਜ਼ ਹਿੰਦੂਤਵੀ ਤਾਕਤਾਂ ਸ਼ਾਇਦ ਇਹ ਸੋਚ ਰਹੀਆਂ ਹਨ ਕਿ ਸਾਡੀ ਅੱਸੀ ਫੀਸਦੀ ਜਨ-ਸੰਖਿਆ ਹੈ ਤੇ ਭਾਰਤ ਦੇਸ਼ ਤੇ ਰਾਜ ਕਰਨ ਦੇ ਹੱਕਦਾਰ ਸਿਰਫ ਅਸੀਂ ਹੀ ਹਾਂ।ਸਿੱਖਾਂ ਦੀ ਜਨ-ਸੰਖਿਆ ਦੋ ਫੀਸਦੀ ਹੈ, ਪਰ ਇਹ ਹਾਕਮ ਜਾਣ ਲੈਣ ਕਿ ਇਸ ਦੋ ਫੀਸਦੀ ਸਿੱਖਾਂ ਵਿੱਚੋਂ 80 ਤੋਂ 90 ਫੀਸਦੀ ਦੇਸ਼ ਦੀ ਅਜ਼ਾਦੀ ਲਈ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਹਨ। ਪਿਛਲੇਂ ਸਾਲਾਂ ਵਿੱਚ ਸਿੱਖ ਰੈਜ਼ੀਮੈਂਟ ਨੂੰ ਪਰੇਡ ਵਿੱਚ ਜਾਣ-ਬੁੱਝ ਕੇ ਸ਼ਾਮਿਲ ਨਹੀ ਕੀਤਾ ਗਿਆ ਸੀ। ਕੀ ਇਹ ਸਰਕਾਰਾਂ ਭੁੱਲ ਗਈਆ ਹਨ ਸ੍ਰ. ਜਗਜੀਤ ਸਿੰਘ ਅਰੋੜਾ ਨੂੰ, ਕੀ ਇਹ ਭੁੱਲ ਗਏ ਹਨ ਸ੍ਰ. ਹਰਬਖਸ਼ ਸਿੰਘ ਨੂੰ, ਕੀ ਇਹ ਭੁੱਲ ਗਏ ਹਨ ਕੁਲਦੀਪ ਸਿੰਘ ਚਾਂਦਪੁਰੀ ਨੂੰ, ਕੀ ਸੋਚ ਕੇ ਇਹਨਾਂ ਨੇ ਪਰੇਡ ਵਿੱਚੋਂ ਸਿੱਖ ਰੈਜ਼ੀਮੈਂਟ ਨੂੰ ਬਾਹਰ ਰੱਖਿਆ।ਇਸ ਤਰ੍ਹਾਂ ਸੱਤਾ ਤੇ ਕਾਬਜ਼ ਇਹ ਤਾਕਤਾਂ ਬਹਾਦਰ ਨਹੀ ਬਣ ਸਕਦੀਆਂ। ਬਹਾਦਰ ਬਣਨ ਲਈ ਕੁਰਬਾਨੀਆਂ ਕਰਨੀਆਂ ਪੈਂਦੀਆਂ ਹਨ। ਚੌਣਾਂ ਦੌਰਾਨ ਭਲਮਾਣਸੀ ਦੇ ਮਖੌਟੇ ਪਾ ਕੇ ਇਹ ਲੀਡਰ ਲੋਕ ਤੁਹਾਡੇ ਦੁਆਰਿਆਂ ਤੇ ਹਾੜੇ ਕੱਢਦੇ ਨਜ਼ਰ ਆਉਂਦੇ ਹਨ।ਫੈਸਲਾ ਤੁਸੀ ਕਰਨਾ ਹੈ। ਸੋਚ ਸਮਝ ਕੇ ਆਪਣੀ ਵੋਟ ਦਾ ਇਸਤੇਮਾਲ ਕਰੋ। ਕਿਸੇ ਦੇ ਲਾਲਚ ਵਿੱਚ ਨਾ ਫਸ ਕੇ ਇੱਕ ਇਮਾਨਦਾਰ ਨੇਤਾ ਦੀ ਚੋਣ ਕਰੋ।ਨਹੀ ਤਾਂ ਪੰਜ ਸਾਲ ਲਈ ਤੁਸੀ ਇੰਨ੍ਹਾਂ ਦੇ ਹਾੜੇ ਕੱਢਦੇ ਨਜ਼ਰ ਆਉਗੇ।ਕੁੱਲ ਮਿਲਾ ਕੇ ਇਹੀ ਕਿਹਾ ਜਾ ਸਕਦਾ ਹੈ ਕਿ ਸੱਤਾ ਤੇ ਕਾਬਜ਼ ਇਹ ਲੋਕ ਦੇਸ਼ ਦੀ ਤਰੱਕੀ ਮੂਹਰੇ ਮੂੰਹ ਅੱਡੀ ਖੜੀਆਂ, ਇਹ ਗੰਭੀਰ ਚੁਣੋਤੀਆਂ ਦਾ ਹੱਲ ਕਰਨ ਵੱਲ ਤੁਰੰਤ ਧਿਆਨ ਦੇਣ। ਗਣਤੰਤਰ ਦਿਵਸ ਮਨਾਉਣ ਦੇ ਅਸਲੀ ਮਨੋਰਥ ਨੂੰ ਸਮਝਣ ਦੀ ਕੋਸ਼ਿਸ਼ ਕਰਨ।

Send this to a friend