June 27, 2026 9:12 am

ਬੀਬਾ ਹਰਸਿਮਰਤ ਕੌਰ ਬਾਦਲ ਤੇ ਹੋਰਨਾਂ ਵੱਲੋਂ ਨਾਮਜ਼ਦਗੀਆਂ ਦਾਖਲ

Page-2 ਬਠਿੰਡਾ, 7 ਅਪਰੈਲ (ਅਵਤਾਰ ਸਿੰਘ ਕੈਂਥ, ਵੀਰ ਸਿੰਘ ਕਾਲਾ, ਜਸਵੰਤ ਮਾਨ, ਰਾਕੇਸ਼ ਗੋਇਲ, ਜੀਵਨ ਸਿੰਘ)-ਬਠਿੰਡਾ ਤੋ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਬਠਿੰਡਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਭਰਿਆ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਰਾਜ ਸਭਾ ਮੈਂਬਰ ਸ. ਬਲਵਿੰਦਰ ਸਿੰਘ ਭੂੰਦੜ ਅਤੇ ਕੈਬਿਨਟ ਮੰਤਰੀ ਸ. ਬਿਕਰਮਜੀਤ ਸਿੰਘ ਮਜੀਠੀਆ ਸਮੇਤ ਭਾਰੀ ਗਿਣਤੀ ਵਿਚ ਅਕਾਲੀ ਨੇਤਾ ਅਤੇ ਵਰਕਰ ਮੌਜੂਦ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਬੀਬਾ ਹਰਸਿਮਰਤ ਬਾਦਲ ਨੇ ਵਿਸ਼ਵਾਸ

ਜਤਾਇਆ ਕਿ ਲੋਕਾਂ ਦੇ ਭਾਰੀ ਸਮਰਥਨ ਨਾਲ ਉਹ ਬਠਿੰਡਾ ਸੀਟ ਤੋਂ ਜਿੱਤਣ ਵਿਚ ਕਾਮਯਾਬ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਵਿਚ ਮੋਦੀ ਦੀ ਲਹਿਰ ਹੈ ਅਤੇ ਲੋਕ ਸਭਾ ਚੋਣ ਦੇ ਬਾਅਦ ਐਨਡੀਏ ਦੀ ਸਰਕਾਰ ਹੀ ਬਣੇਗੀ।  ਲੋਕ ਸਭਾ ਹਲਕਾ ਬਠਿੰਡਾ-11 ਲਈ ਅੱਜ ਹੋਈਆਂ ਨਾਮਜ਼ਦਗੀਆਂ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬਾ ਹਰਸਿਮਰਤ ਕੌਰ ਬਾਦਲ ਅਤੇ  ਸ. ਬਿਕਰਮ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ  ਸ. ਗੁਰਦਾਸ ਸਿੰਘ, ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਿਸਟ-ਲੈਨਿਨਨਿਸਟ ਲਿਬਰੇਸ਼ਨ) ਵੱਲੋਂ ਸ. ਭਗਵੰਤ ਸਿੰਘ, ਅਖਿਲ ਭਾਰਤੀਯ ਸ਼ਿਵ ਸੈਨਾ ਰਾਸ਼ਟਰਵਾਦੀ ਵੱਲੋਂ ਗੀਤਾ ਰਾਣੀ, ਸ਼ਿਵ ਸੈਨਾ ਵੱਲੋਂ ਨਵਨੀਤ, ਇੰਡੀਅਨ ਕ੍ਰਾਂਤੀਕਾਰੀ ਲਹਿਰ ਵੱਲੋਂ ਸ. ਗੁਰਦੀਪ ਸਿੰਘ, ਨਵ ਭਾਰਤ ਡੈਮੋਕਰੈਟਿਕ ਪਾਰਟੀ ਵੱਲੋਂ ਜਗਦੀਸ਼ ਰਾਏ ਸ਼ਰਮਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸ. ਰਾਜਿੰਦਰ ਸਿੰਘ ਦੁਆਰਾ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਜਦੋਂਕਿ ਗੁਰਚਰਨ ਸਿੰਘ ਅਤੇ ਕਰਤਾਰ ਸਿੰਘ ਨੇ ਬਤੌਰ ਆਜ਼ਾਦ ਉਮੀਦਵਾਰ ਨਾਮਜ਼ਦਗੀ ਪੱਤਰ ਦਾਖਲ ਕੀਤੇ।

Send this to a friend