June 27, 2026 5:03 am

ਬਾਜਵਾ ਨੇ ਮੰਨਿਆ ਕਿ ਬਠਿੰਡਾ ਵਿੱਚ ਪੰਜਾਬ ਸਰਕਾਰ ਨੇ ਵਿਕਾਸ ਕੀਤਾ ਹੈ : ਬੀਬੀ ਬਾਦਲ

index ਬਠਿੰਡਾ, 6 ਅਪ੍ਰੈਲ (ਅਵਤਾਰ ਸਿੰਘ ਕੈਂਥ/ਜਸਵਿੰਦਰ ਸਿੰਘ ਜੱਸੀ)-ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਸੁਬਾ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦਾ ਧੰਨਵਾਦ ਕੀਤਾ ਹੈ ਕਿ ਉਸ ਨੇ ਸਵਿਕਾਰ ਕੀਤਾ ਹੈ ਕਿ ਬਠਿੰਡਾ ਵਿੱਚ ਪੰਜਾਬ ਸਰਕਾਰ ਨੇ ਵਿਕਾਸ ਕੀਤਾ ਹੈ, ਅਸਲ ਵਿਚ ਉਸ ਨੇ ਸੱਚ ਬੋਲਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀ ਪਿੱਠ ਠੋਕੀ ਹੈ ਜਿਸ ਨਾਲ ਸਾਡਾ ਕੰਮ ਹੋਰ ਵੀ ਸੁਖਾਲਾ ਹੋਗਿਆ ਹੈ, ਇਹ ਸ਼ਬਦ ਬੀਬੀ ਹਰਸਿਮਰਤ ਕੌਰ ਬਾਦਲ ਨੇ ਬਿਆਨ ਜਾਰੀ ਕਰਦਿਆਂ ਕਿਹੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਬਾਜਵਾ ਨੇ ਇਹ ਤਾਂ ਕਹਿ ਦਿਤਾ ਹੈ ਕਿ ਸਿਰਫ ਬਠਿੰਡਾ ਵਿਚ ਵਿਕਾਸ ਹੋਇਆ ਹੈ ਪਰ ਉਨ੍ਹਾਂ ਨੂੰ ਝਿਜਕਣਾ ਨਹੀਂ ਚਾਹੀਦਾ ਤੇ ਕਹਿ ਦੇਣਾ ਚਾਹੀਦਾ ਹੈ ਕਿ ਸਾਰੇ ਪੰਜਾਬ ਵਿਚ ਵਿਕਾਸ ਹੋਇਆ ਹੈੇ। ਬੀਤੇ

ਕਲ ਪ੍ਰਤਾਪ ਸਿੰਘ ਬਾਜਵਾ ਨੇ ਸਵਿਕਾਰ ਕੀਤਾ ਹੈ ਕਿ ਸੱਤਾਧਾਰੀ ਪਾਰਟੀ ਨੇ ਬਠਿੰਡਾ ‘ਚ ਹੀ ਵਿਕਾਸ ਕੀਤਾ ਹੈ। ਬੀਬੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਦੇ ਲੋਕਾਂ ਨੂੰ ਕਿਹਾ ਕਿ ਬਾਜਵਾ ਹੋਰੀਂ ਇਹ ਤਾਂ ਸਵੀਕਾਰ ਕਰ ਚੁੱਕੇ ਹਨ ਕਿ ਬਠਿੰਡਾ ਦਾ ਵਿਕਾਸ ਹੋਇਆ ਹੈ ਫਿਰ ਮਨਪ੍ਰੀਤ ਬਾਦਲ ਹੁਣ ਕਿਸ ਵਿਨਾਹ ਤੇ ਵੋਟਾਂ ਦੀ ਮੰਗ ਕਰੇਗਾ।
ਜਦੋਂ ਬਠਿੰਡਾ ਦੇ ਬਜੁਰਗਾਂ, ਵਿਧਵਾਵਾਂ ਨੂੰ ਪੈਨਸ਼ਨ ਮਿਲ ਰਹੀ ਹੈ, ਜਦੋਂ ਬਠਿੰਡਾ ਦੇ ਸਾਡੇ ਘੱਟ ਆਮਦਨ ਵਾਲੇ ਪਰਵਾਰਾਂ ਨੂੰ ਹੁਣ ਤੱਕ 4 ਰੁਪਏ ਕਿਲੋ ਕਣਕ ਤੇ 20 ਰੁਪਏ ਕਿਲੋ ਦਾਲ ਮਿਲਦੀ ਰਹੀ ਹੈ, ਜਦੋਂ ਬਠਿੰਡਾ ਦੀਆਂ ਮੇਰੀਆਂ ਛੋਟੀਆਂ ਭੈਣਾਂ ਨੂੰ ਸਕੂਲ ਜਾਣ ਲਈ ਸਾਇਕਲ ਮਿਲਦੇ ਰਹੇ ਹਨ, ਜਦੋਂ ਸਾਡੇ ਗਰੀਬ ਪਰਿਵਾਰਾਂ ਦੀਆਂ ਧੀਆਂ ਨੂੰ ਪੰਜਾਬ ਸਰਕਾਰ ਆਪਣੀਆਂ ਬਣਾ ਕੇ ਸ਼ਗਨ ਸਕੀਮ ਘਰੋ ਘਰੀ ਪਹੁੰਚਾਂਦੀ ਰਹੀ ਹੈ, ਜਦੋਂ ਕਿਸਾਨਾਂ ਨੂੰ ਅਪਣੇ ਖੇਤਾਂ ਨੂੰ ਪਾਣੀ ਦੇਣ ਲਈ ਬਿਜਲੀ ਮੁਫਤ ਮਿਲਦੀ ਰਹੀ ਹੈ, ਜਦੋਂ ਸਾਡੇ ਬਠਿੰਡਾ ਵਿਚ ਆਰ.ਓ. ਸਿਸਟਮ ਲਾ ਕੇ ਸਾਫ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ, ਇਕ ਲੱਖ ਮੋਟਰਾਂ ਦੇ ਕੁਨੈਕਸਨ ਦਿਤਾ ਜਾ ਰਹੇ ਸੀ, ਚੋਣ ਜਾਬਤਾ ਲੱਗਣ ਕਰਕੇ ਹਾਲੇ ਉਹ ਅੱਗੇ ਪਾ ਦਿਤੇ ਗਏ  ਹਨ। ਜਦੋਂ ਇਥੇ ਨੌਕਰੀਆਂ ਦੇ ਪ੍ਰਬੰਧ ਕੀਤੇ ਗਏ ਹਨ, ਜਦੋਂ ਤੇਲ ਸੋਧਕ ਕਾਰਖਾਨਾ ਬਠਿੰਡਾ ਵਾਸੀਆਂ ਦੇ ਹਵਾਲੇ ਕੀਤਾ ਜਾ ਚੁੱਕਾ ਹੈ ਜਦੋਂ ਤਲਵੰਡੀ ਸਾਬੋ ਵਿਚ ਬਿਜਲੀ ਵਾਧੂ ਪੈਦਾ ਕਰਨ ਵਾਲਾ ਥਰਮਲ ਪਲਾਂਟ ਲੱਗ ਚੁੱਕਾ ਹੈ, ਤਾਂ ਮੈਂ ਹੋਰ ਕੀ ਕੀ ਗਿਣਾਵਾਂ ਕਿ ਬਠਿੰਡਾ ਹੀ ਨਹੀਂ ਸਗੋਂ ਪੂਰੇ ਪੰਜਾਬ ਵਿਚ ਹੁਣ ਹਰੇਕ ਵਰਗ ਖੁਸ਼ਹਾਲ ਹੈ, ਤਾਂ ਫਿਰ ਇਹ ਤਾਂ ਹੱਕ ਬਣਦਾ ਹੀ ਹੈ ਕਿ ਅਕਾਲੀ ਦਲ ਤੇ ਭਾਜਪਾ ਦੇ ਉਮੀਦਵਾਰਾਂ ਨੂੰ ਪੰਜਾਬ ਦੀ ਜਨਤਾ ਵੋਟਾਂ ਪਾਵੇ ਤੇ ਜਿਤਾਵੇ ਤਾਂ ਕਿ ਕੇਂਦਰ ਵਿਚ ਸਰਕਾਰ ਐਨ ਡੀ ਏ ਦੀ ਬਣ ਜਾਵੇ ਫੇਰ ਤਾਂ ਪੰਜਾਬ ਨੂੰ ਖੁਸਹਾਲ ਕਰਨ ਲਈ ਕੇਂਦਰ ਵੀ ਆਪਣੇ ਖਜਾਨੇ ਦਾ ਮੂੰਹ ਖੋਹਲ ਦੇਵੇਗੀ। ਬੀਬਾ ਨੇ ਕਿਹਾ ਕਿ  ਮਨਪ੍ਰੀਤ ਤਾਂ ਵਾਧੂ ਦਾ ਪ੍ਰਚਾਰ ਕਰਦਾ ਫਿਰਦਾ ਹੈ ਲੋਕਾਂ ਨੇ ਹੁਣ ਕਾਂਗਰਸ ਦਾ ਸਫਾਇਆ ਕਰ ਦੇਣਾ ਹੈ, ਇਸ ਕਰਕੇ ਮਨਪ੍ਰੀਤ ਘਰ ਬੈਠ ਜਾਵੇ ਜੋ ਬੰਦਾ ਹਾਰ ਰਿਹਾ  ਹੁੰਦਾ ਹੈ ਉਸ ਨੂੰ ਬਹੁਤ ਰੌਲਾ ਪਾਉਣ ਦੀ ਲੋੜ ਨਹੀਂ ਹੁੰਦੀ।

Send this to a friend