ਜਲੰਧਰ, 21 ਜਨਵਰੀ (ਹਰਪਾਲ ਸਿੰਘ ਬਾਜਵਾ)- ਸਿੱਖਿਆ ਮੰਤਰੀ ਪੰਜਾਬ ਓ.ਪੀ.ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸੰਜੀਦਾ ਯਤਨਾਂ ਸਦਕਾ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਇਕ ਸਾਲ ਦੌਰਾਨ ਨੰਬਰ ਇਕ ਸੂਬਾ ਹੋਵੇਗਾ। ਦੇਸ਼ ਭਗਤ ਯਾਦਗਾਰ ਹਾਲ ਵਿਖੇ ਸੂਫੀਆ ਇੰਸਟੀਚਿਊਟ ਆਫ਼ ਐਕਸੇਲੈਂਸ ਵਲੋਂ ਜੀਨੀਅਰ ਇੰਸਟੀਚਿਊਟ ਆਫ ਪੰਜਾਬ ਸਬੰਧੀ ਕਰਵਾਏ ਗਏ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਰੂਬਰੂ ਹੁੰਦਿਆਂ ਸ੍ਰੀ ਓ.ਪੀ.ਸੋਨੀ ਜਿਨਾਂ ਨਾਲ ਵਿਧਾਇਕ ਸ੍ਰੀ ਸ਼ੁਸ਼ੀਲ ਕੁਮਾਰ ਰਿੰਕੂ, ਸ੍ਰੀ ਰਾਜਿੰਦਰ ਬੇਰੀ ਅਤੇ ਮੇਅਰ ਨਗਰ ਨਿਗਮ ਜਲੰਧਰ ਸ੍ਰੀ ਜਗਦੀਸ਼ ਕੁਮਾਰ ਰਾਜ ਵੀ ਮੌਜੂਦ ਸਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਲੋਂ ਸਿੱਖਿਆ ਦੇ ਖੇਤਰ ਵਿੱਚ ਪਹਿਲਾਂ ਹੀ ਸੰਜੀਦਾ ਯਤਨ ਕਰਕੇ ਸਿੱਖਿਆ ਦੇ ਖੇਤਰ ਵਿੱਚ ਬੁ¦ਦੀਆਂ ਨੂੰ ਛੂਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਸਮੇਂ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਸੱਤਵੇਂ ਨੰਬਰ ’ਤੇ ਹੈ ਅਤੇ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਸੂਬੇ ਨੂੰ ਨੰਬਰ ਇਕ ਬਣਾਉਣ ਲਈ ਵਚਨਬੱਧ ਹੈ। ਸ੍ਰੀ ਸੋਨੀ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਹੈ ਜਦੋਂ ਪੰਜਾਬ ਦੇਸ਼ ਵਿੱਚ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ ਹੋਵੇਗਾ।ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਰਦੀਆਂ ਮੁਹੱਈਆ ਕਰਵਾਉਣ ਦੀ ਪ੍ਰਕਿਰਿਆ ਨੂੰ ਪਹਿਲਾਂ ਹੀ ਦਰੁਸਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਵਿਦਿਆਰਥੀਆਂ ਨੂੰ ਵਰਦੀਆਂ ਤਕਸੀਮ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕ ਪੰਜਾਬ ਸਰਕਾਰ ਸੂਬੇ ਦੇ ਕਮਜ਼ੋਰ ਤੇ ਲੋੜਵੰਦ ਵਰਗਾਂ ਦੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਦੀਆਂ ਨੀਤੀਆਂ ਦਾ ਲਾਭ ਪਹੁੰਚਾਉਣ ਲਈ ਵਚਨਬੱਧ ਹੈ। ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਅਧਿਆਪਕਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਮੰਨ ਲਈਆਂ ਹਨ । ਉਨ੍ਹਾਂ ਕਿਹਾ ਕਿ ਵਿਰੋਧ ਕਰਨ ਦਾ ਹਰੇਕ ਧਿਰ ਨੂੰ ਜਮਹੂਰੀ ਹੱਕ ਹੈ ਪਰ ਕਿਸੇ ਵੀ ਵਿਅਕਤੀ ਨੁ ਇਸ ਜਮਹੂਰੀ ਹੱਕ ਦੀ ਵਰਤੋਂ ਆਪਣੇ ਸੋੜੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਕਰਦੇ ਹੋਏ ਬੱਚਿਆਂ ਦੀ ਪੜ੍ਹਾਈ ਤੇ ਭਵਿੱਖ ਖਰਾਬ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਸ ਉਪਰੰਤ ਆਪਣੇ ਸੰਬੋਧਨ ਵਿੱਚ ਉਨਾਂ ਨੇ ਸੂਫੀਆ ਇੰਸਟੀਚਿਊਟ ਆਫ਼ ਐਕਸੀਲੈਂਸੀ ਵਲੋਂ ਟਰੇਨਿੰਗ ਮੁਹੱਈਆ ਕਰਵਾ ਕੇ ਬੱਚਿਆਂ ਦੇ ਭਵਿੱਖ ਨੂੰ ਸਹੀ ਸੇਧ ਦੇਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਇੰਸਟੀਚਿਊਟ ਬੱਚਿਆਂ ਦੀ ਊਰਜਾ ਨੂੰ ਲਾਮਬੰਧ ਕਰਕੇ ਹਾਂ ਪੱਖੀ ਕੰਮਾਂ ਵਿੱਚ ਵਰਤੋਂ ਕਰਨ ਲਈ ਵਿਦਿਆਰਥੀਆਂ ਨੂੰ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ ਜੋ ਕਿ ਬੱਚਿਆਂ ਦੇ ਭਵਿੱਖ ਨੂੰ ਬਣਾਉਣ ਵਿੱਚ ਸਹਾਈ ਸਿੱਧ ਹੋਵੇਗਾ। ਉਨ੍ਹਾਂ ਨੇ ਵਿਦਿਆਰਥੀਆਂ ਨੁ ਉਸਾਰੂ ਸੋਚ ਅਤੇ ਮਿਹਨਤ ਨੂੰ ਆਪਣੀ ਜਿੰਦਗੀ ਦਾ ਅਹਿਮ ਹਿੱਸਾ ਬਣਾ ਕੇ ਸਫ਼ਲਤਾ ਦੇ ਝੰਡੇ ਗੱਢਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਦੋਵੇਂ ਚੀਜਾਂ ਹੀ ਸਫ਼ਲਤਾ ਦੀ ਕੂੰਜੀ ਹਨ ਜਿਸ ਨਾਲ ਵਿਦਿਆਰਥੀ ਆਪਣਾ ਸਹੀ ਭਵਿੱਖ ਬਣਾ ਸਕਦੇ ਹਨ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਇਹ ਅਦਾਰਾ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀਆਂ ਦੀ ਇਕ ਅਜਿਹੀ ਫੌਜ ਖੜ੍ਹੀ ਕਰੇਗਾ ਜੋ ਕਿ ਆਈ.ਏ.ਐਸ. ਤੇ ਆਈ.ਪੀ.ਐਸ. ਸਮੇਤ ਉਚ ਅਹੁਦਿਆਂ ’ਤੇ ਪਹੁੰਚ ਕੇ ਦੇਸ਼ ਦੀ ਸੇਵਾ ਕਰਨਗੇ। ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਮਪਾਲ ਸੈਣੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਪ੍ਰੀਤ ਕੌਰ, ਡੀ.ਸੀ.ਪੀ. ਪੀ.ਬੀ.ਐਸ.ਪਰਮਾਰ, ਏ.ਡੀ.ਸੀ.ਪੀ.ਪਰਮਿੰਦਰ ਸਿੰਘ ਭੰਡਾਲ, ਏ.ਸੀ.ਪੀ. ਡੀ.ਐਸ.ਬੁੱਟਰ ,ਤਹਿਸੀਲਦਾਰ ਕੇ.ਐਸ.ਭੁੱਲਰ ਅਤੇ ਹੋਰ ਵੀ ਹਾਜ਼ਰ ਸਨ।