ਹੈਦਰਾਬਾਦ, 6 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਅੱਜ ਕੌਮੀ ਜ਼ਮਹੂਰੀ ਗੱਠਜੋੜ ਨੂੰ ਵੱਡਾ ਹੁਲਾਰਾ ਦਿੰਦਿਆਂ ਤੇਲਗੂ ਦੇਸਮ ਪਾਰਟੀ ਗੱਠਜੋੜ ਵਿੱਚ ਸ਼ਾਮਿਲ ਹੋ ਗਈ ਹੈ ਅਤੇ ਆਂਧਰਾ ਪ੍ਰਦੇਸ਼ ਵਿੱਚ ਲੋਕ ਸਭਾ ਅਤੇ ਸੂਬਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਨਾਲ ਗੱਠਜੋੜ ਕਾਇਮ ਕੀਤਾ ਹੈ। ਅੱਜ ਇੱਥੇ ਪ੍ਰੈੱਸ ਕਾਨਫਰੰਸ ਵਿੱਚ ਦੋਵਾਂ ਪਾਰਟੀਆਂ ਵਿਚਕਾਰ ਗੱਠਜੋੜ ਹੋਣ ਬਾਰੇ ਐਲਾਨ ਪਿਛਲੇ 15 ਦਿਨਾਂ ਤੋਂ ਸਮਝੌਤਾ ਗੱਲਬਾਤ ਵਿੱਚ ਲੱਗੇ ਤੇਲਗੂ ਦੇਸਮ ਪਾਰਟੀ ਦੇ ਮੁਖੀ ਐਨ. ਚੰਦਰਬਾਬੂ ਨਾਇਡੂ ਅਤੇ ਭਾਜਪਾ ਦੇ ਬੁਲਾਰੇ ਪ੍ਰਕਾਸ਼ ਜਾਵੜਕਰ ਨੇ ਕੀਤਾ। ਅਕਾਲੀ ਦਲ ਦੇ ਸੰਸਦ ਮੈਂਬਰ ਨਰੇਸ਼ ਗੁਜਰਾਲ ਜਿਨ੍ਹਾਂ ਨੇ ਦੋਵਾਂ ਪਾਰਟੀਆਂ ਵਿਚਕਾਰ ਸਮਝੌਤਾ ਕਰਵਾਉਣ ਲਈ ਵਿਚੋਲਗੀ ਕੀਤੀ ਨੇ ਕਿਹਾ ਕਿ ਉਨ੍ਹਾਂ ਨੂੰ ਤੁਹਾਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ
ਹੈ ਕਿ ਸ੍ਰੀ ਨਾਇਡੂ ਦੀ ਪਾਰਟੀ ਕੌਮੀ ਜ਼ਮਹੂਰੀ ਗੱਠਜੋੜ ਵਿਚ ਸ਼ਾਮਿਲ ਹੋ ਗਈ ਹੈ। ਦੋਵਾਂ ਪਾਰਟੀਆਂ ਵਿਚਕਾਰ ਸੀਟਾਂ ਦੀ ਵੰਡ ਬਾਰੇ ਹੋਏ ਸਮਝੌਤੇ ਮੁਤਾਬਕ ਭਾਜਪਾ ਸੀਮਾਂਧਰ ਵਿਚ 7 ਲੋਕ ਸਭਾ ਅਤੇ 15 ਵਿਧਾਨ ਸਭਾ ਸੀਟਾਂ ਅਤੇ ਤੇਲੰਗਾਨਾ ਵਿਚ 8 ਲੋਕ ਸਭਾ ਅਤੇ 47 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜੇਗੀ। ਸ੍ਰੀ ਨਾਇਡੂ ਨੇ ਕਿਹਾ ਕਿ ਦੋਵਾਂ ਪਾਰਟੀਆਂ ਵਲੋਂ ਕਿਹੜੀ-ਕਿਹੜੀ ਸੀਟ ਤੋਂ ਚੋਣ ਲੜਨਗੀਆਂ ਬਾਰੇ ਐਲਾਨ ਦੋ ਦਿਨਾਂ ਵਿਚ ਕਰ ਦਿੱਤਾ ਜਾਵੇਗਾ।