ਕਾਂਗਰਸ ਪਾਰਟੀ ਵੱਲੋਂ 2019 ਦੀਆਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਨੂੰ ਐਲਾਨਣ ਦੀਆਂ ਤਿਆਰੀਆਂ

ਸੁਨਾਮ ਊਧਮ ਸਿੰਘ ਵਾਲਾ 18 ਜਨਵਰੀ (ਰੋਹਿਤ ਗਰਗ, ਸੁਖਦੇਵ ਸਿੰਘ ਦੇਬੀ)- 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਮਜਬੂਤ ਉਮੀਦਵਾਰ ਉਤਾਰਨ ਲਈ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਪਾਰਟੀ ਹਾਈ ਕਮਾਂਡ ਵੱਲੋਂ ਪਹਿਲਾਂ 2014 ਦੇ ਉਮੀਦਵਾਰਾਂ ਦੀ ਫੀਡਬੈਕ ਲੈਣੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਨਾਲੋ-ਨਾਲ ਦੂਜੇ ਪੱਖ ਤੋਂ 2019 ਵਿਚ ਵਿਰੋਧੀ ਪਾਰਟੀਆਂ ਦੇ ਸੰਭਾਵੀ ਉਮੀਦਵਾਰਾਂ ਦੀ ਆਪਣੇ ਸੂਤਰਾਂ ਮੁਤਾਬਕ ਫੀਲਡ ਅੰਦਰ ਕਾਰਗੁਜਾਰੀ ਨਾਪੀ ਜਾ ਰਹੀ ਹੈ। ਜਿੱਥੇ ਸਾਰੇ ਪੰਜਾਬ ਦੇ 13 ਲੋਕ ਸਭਾ ਹਲਕਿਆਂ ਲਈ ਤਿਆਰੀਆਂ ਜੋਰਾਂ ’ਤੇ ਹਨ, ਉਥੇ ਹੀ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਵੱਲੋਂ ਵੱਡੇ ਚਿਹਰੇ ਬੀਬੀ ਰਾਜਿੰਦਰ ਕੌਰ ਭੱਠਲ, ਕੇਵਲ ਸਿੰਘ ਢਿੱਲੋਂ ਅਤੇ ਅਮਰਗੜ੍ਹ ਤੋਂ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਫਰਜੰਦ ਜਸਵਿੰਦਰ ਸਿੰਘ ਧੀਮਾਨ ਵੀ ਜੋਰ ਅਜਮਾਈ ਕਰ ਰਹੇ ਹਨ। ਬੀਬੀ ਰਾਜਿੰਦਰ ਕੌਰ ਭੱਠਲ ਨੂੰ ਦਾਖਾ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਲੜਾਉਣ ਦੀਆਂ ਚਰਚਾਵਾਂ ਵੀ ਜੋਰਾਂ ’ਤੇ ਹਨ, ਕਿਉਂਕਿ ਵਿਰੋਧੀ ਧਿਰ ਦੇ ਸਾਬਕਾ ਲੀਡਰ ਹਰਵਿੰਦਰ ਸਿੰਘ ਫੂਲਕਾ ਦੇ ਅਸਤੀਫਾ ਦੇਣ ਕਾਰਨ ਦਾਖਾ ਸੀਟ ਖਾਲੀ ਹੋਈ ਹੈ। ਸੂਤਰਾਂ ਮੁਤਾਬਕ ਜਿੱਥੇ ਲੋਕ ਸਭਾ ਦੀ ਚੋਣ ਦੇ ਨਾਲ-ਨਾਲ ਦਾਖਾ ਸੀਟ ’ਤੇ ਜਿਮਨੀ ਚੋਣ ਕਰਾਉਣ ਦੀਆਂ ਤਿਆਰੀਆਂ ਵੀ ਮੁੱਖ ਚੋਣ ਕਮਿਸ਼ਨ ਵੱਲੋਂ ਆਰੰਭੀਆਂ ਹੋਈਆਂ ਹਨ, ਉਥੇ ਹੀ ਇਹ ਦਿੱਗਜ਼ ਨੇਤਾ ਲੋਕ ਸਭਾ ਹਲਕਾ ਸੰਗਰੂਰ ਦੇ ਲਈ ਵੀ ਵਿਚਾਰੇ ਜਾ ਰਹੇ ਹਨ। ਆਮ ਆਦਮੀ ਪਾਰਟੀ ਵੱਲੋਂ ਮੌਜੂਦਾ ਸੰਸਦ ਮੈਂਬਰ ਭਗਵੰਤ ਮਾਨ ਨੂੰ ਪਹਿਲਾਂ ਹੀ ਅਰਵਿੰਦ ਕੇਜਰੀਵਾਲ ਥਾਪੜਾ ਦੇ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਮਾਝਾ, ਮਾਲਵਾ ਅਤੇ ਦੁਆਬੇ ਵਿਚ ਤਿੰਨ ਵੱਡੀਆਂ ਰੈਲੀਆਂ ਕਰਕੇ ਲੋਕ ਸਭਾ ਚੋਣਾਂ 2019 ਦਾ ਆਗਾਜ਼ ਕਰਨ ਲਈ ਆ ਰਹੇ ਹਨ। ਇੱਥੇ ਵਿਸ਼ੇਸ਼ ਜਿਕਰਯੋਗ ਹੈ ਕਿ ਲੋਕ ਸਭਾ ਸੰਗਰੂਰ ਦੇ ਕਾਂਗਰਸ ਦੇ ਤਿੰਨੇ ਉਮੀਦਵਾਰਾਂ ਵਿਚੋਂ ਜਸਵਿੰਦਰ ਸਿੰਘ ਧੀਮਾਨ ਦੇ ਪੱਖ ਵਿਚ ਪੰਜਾਬ ਭਰ ਵਿਚੋਂ ਬੀ.ਸੀ. ਕੋਟਾ (ਰਾਮਗੜ੍ਹੀਆ ਭਾਈਚਾਰਾ) ਅਤੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਲਗਾਤਾਰ ਤਿੰਨ ਵਾਰ ਵਿਧਾਨ ਸਭਾ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਅਤੇ ਤਿੰਨ ਵਾਰ ਵਿਧਾਇਕ ਹੋਣ ਦੇ ਬਾਵਜੂਦ ਕੈਬਨਿਟ ਦੇ ਰੈਂਕ ਤੋਂ ਵਾਂਝੇ ਹਨ। ਇਸ ਕਾਰਨ ਵੀ ਜਸਵਿੰਦਰ ਸਿੰਘ ਧੀਮਾਨ ਨੂੰ ਟਿਕਟ ਮਿਲਣੀ ਸਹਾਈ ਹੋਵੇਗੀ ਅਤੇ ਸਭ ਤੋਂ ਅਹਿਮ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਨੌਜਵਾਨ ਵਰਗ ਨੂੰ ਵੱਧ ਤੋਂ ਵੱਧ ਟਿਕਟਾਂ ਦੇਣ ਦੀ ਕੀਤੀ ਵਕਾਲਤ ਦਾ ਠੁੱਲ੍ਹਾ ਵੀ ਜਸਵਿੰਦਰ ਧੀਮਾਨ ਦੇ ਹੱਕ ਵਿਚ ਢੁੱਕ ਸਕਦਾ ਹੈ, ਬਾਕੀ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਹਾਈ ਕਮਾਂਡ ਦਾ ਕੀ ਫੈਸਲਾ ਹੁੰਦਾ ਹੈ। ਸੂਤਰਾਂ ਮੁਤਾਬਕ 26 ਜਨਵਰੀ ਤੱਕ ਕਾਂਗਰਸ ਪਾਰਟੀ ਪੰਜ ਉਮੀਦਵਾਰ ਐਲਾਨਣ ਦੇ ਮੂਡ ਵਿਚ ਹੈ। ਜਿਨ੍ਹਾਂ ਵਿਚੋਂ ਲੋਕ ਸਭਾ ਹਲਕਾ ਬਠਿੰਡਾ, ਲੁਧਿਆਣਾ, ਸ਼੍ਰੀ ਆਨੰਦਪੁਰ ਸਾਹਿਬ, ਸੰਗਰੂਰ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਸ਼ੇਸ਼ ਤੌਰ ’ਤੇ ਵਿਚਾਰੇ ਜਾ ਰਹੇ ਹਨ।

Send this to a friend