ਬੌਬ ਢਿੱਲੋਂ ਵੱਲੋਂ ਸਭ ਲਈ ਨੁਮਾਇਸ਼ ਲਾਉਣ ਦਾ ਦਾਅਵਾ
ਲੰਡਨ, 6 ਅਪ੍ਰੈਲ (ਪੀ.ਟੀ.)-ਕੈਨੇਡਾ ਦੇ ਇਕ ਪੰਜਾਬੀ ਕਾਰੋਬਾਰੀ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਇਕ ਇਤਿਹਾਸਕ ਤਲਵਾਰ ਖਰੀਦਣ ਵਿੱਚ ਕਾਮਯਾਬ ਰਿਹਾ ਹੈ। ਇਹ ਤਲਵਾਰ ਜਿਸ ਦੀ ਧਾਰ ‘ਤੇ ਗੁਰਮੁਖੀ ਵਿੱਚ ‘ਅਕਾਲ ਸਹਾਇ ਰਣਜੀਤ ਸਿੰਘ ਲਾਹੌਰ‘ ਲਿਖਿਆ ਹੋਇਆ ਸੀ। ਪਹਿਲੀ ਵਾਰ ਪਿਛਲੇ ਮਹੀਨੇ ਬਰਤਾਨੀਆ ਦੇ ਮੁਲੌਕ‘ਜ਼ ਨਿਲਾਮਘਰ ਵਿੱਚ ਨਿਲਾਮੀ ਲਈ ਰੱਖੀ ਗਈ ਸੀ ਪਰ ਫੇਰ ਇਸ ਬਾਰੇ ਵਿਆਪਕ ਦਿਲਚਸਪੀ ਹੋਣ ਕਰਕੇ ਆਖਰੀ ਪਲਾਂ ‘ਤੇ ਇਸ ਨੂੰ ਨਿਲਾਮੀ ‘ਚੋਂ ਹਟਾ ਲਿਆ ਗਿਆ ਸੀ। ਕੁਝ ਹਫਤੇ ਬਾਅਦ ਇਸ ਨੂੰ ਦੁਬਾਰਾ ਜ਼ਾਤੀ ਨਿਲਾਮੀ ‘ਚ ਰੱਖਿਆ ਗਿਆ ਅਤੇ ਇਸ ਲਈ ਪੰਜਾਬ, ਲੰਡਨ, ਹਾਂਗਕਾਗ, ਨਿਊਯਾਰਕ ਅਤੇ ਮੰਗੋਲੀਆ ਸਮੇਤ ਦੁਨੀਆਂ ਭਰ ‘ਚੋਂ ਬੋਲੀਆਂ ਆਈਆਂ। ਇਸ ਇਤਿਹਾਸਕ ਤਲਵਾਰ ਲਈ ਬੌਬ ਢਿੱਲੋਂ ਦੀ ਬੋਲੀ ਚੁਣ ਲਈ ਗਈ ਹੈ ਅਤੇ ਇਸ ‘ਤੇ ਉਨ੍ਹਾਂ ਖੁਸ਼ੀ
ਜ਼ਾਹਰ ਕਰਦਿਆਂ ਦੱਸਿਆ, ‘ਮੈਨੂੰ ਇਸ ਗੱਲ ਦਾ ਮਾਣ ਮਿਲਿਆ ਹੈ ਕਿ 165 ਸਾਲਾਂ ਬਾਅਦ ਮੇਰਾ ਪਰਿਵਾਰ ਭਾਈਚਾਰੇ ਦੇ ਕੰਮ ਆ ਸਕਿਆ। ਸ਼ਾਇਦ ਪਹਿਲੀ ਵਾਰ ਇਸ ਤਰ੍ਹਾਂ ਦੀ ਵਿਰਾਸਤੀ ਸ਼ੈਅ ਕੈਨੇਡਾ ਪੁੱਜੇਗੀ ਅਤੇ ਜਦੋਂ ਇਹ ਇੱਥੇ ਲਿਆਂਦੀ ਜਾਵੇਗੀ ਤਾਂ ਸਭ ਨੂੰ ਇਸ ਨੂੰ ਦੇਖਣ ਦਾ ਮੌਕਾ ਦਿੱਤਾ ਜਾਵੇਗਾ।’ ਸ੍ਰੀ ਢਿੱਲੋਂ ਕੈਨੇਡਾ ਦੇ ਗਵਰਨਰ ਜਨਰਲ ਦੇ ਵਫ਼ਦ ਦੇ ਮੈਂਬਰ ਵਜੋਂ ਲੰਘੇ ਫਰਵਰੀ ਮਹੀਨੇ ਭਾਰਤ ਗਏ ਸਨ। ਉਨ੍ਹਾਂ ਦੱਸਿਆ ਕਿ ਬਰਤਾਨੀਆ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸੌਗਾਤ ਤਲਵਾਰ ਦੀ ਨਿਲਾਮੀ ਬਾਰੇ ਪੜ੍ਹਨ ਤੋਂ ਬਾਅਦ ਉਨ੍ਹਾਂ ਕੈਨੇਡਾ ਪਹੁੰਚ ਕੇ ਨਿਲਾਮਘਰ ਦੇ ਪ੍ਰਬੰਧਕਾਂ ਨਾਲ ਸੰਪਰਕ ਕੀਤਾ ਸੀ ਜਿਨ੍ਹਾਂ ਉਸ ਨੂੰ ਦੱਸਿਆ ਸੀ ਕਿ ਤਲਵਾਰ ਨਿਲਾਮੀ ‘ਚੋਂ ਹਟਾ ਲਈ ਗਈ ਹੈ। ਸ੍ਰੀ ਢਿਲੋਂ ਕੈਨੇਡਾ ਦੀ ਰੀਅਲ ਅਸਟੇਟ ਫਰਮ ਮੇਨਸਟਰੀਟ ਇਕੁਇਟੀ ਕੋਰਪ ਦੇ ਮਾਲਕ ਹਨ।