ਸੁਨਾਮ ਉਧਮ ਸਿੰਘ ਵਾਲਾ 18 ਜਨਵਰੀ- ਕਸਬਾ ਲੌਂਗੋਵਾਲ ਵਿਖੇ ਇਕ ਗਰੀਬ ਕਿਸਾਨ ਦੇ ਘਰ ਵਿੱਚ ਬੀਤੀ ਰਾਤ ਚੋਰਾਂ ਵੱਲੋਂ ਛੇ ਵੱਡੀਆਂ ਮੱਝਾਂ (ਜਿਨ੍ਹਾਂ ਵਿਚ 3 ਲਵੇਰੀਆਂ ਸਨ) ਅਤੇ ਦੋ ਛੋਟੇ ਪਸ਼ੂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਬਲਵੰਤ ਸਿੰਘ ਨੇ ਦੱਸਿਆ ਕਿ ਪੀੜਤ ਕਿਸਾਨ ਮਹਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਲੌਂਗੋਵਾਲ (ਪੱਤੀ ਬੜਿਆਣੀ) ਬੀਤੀ ਰਾਤ ਉਹ ਆਪਣੇ ਘਰੋਂ ਆਪਣੀ ਕੁੜੀ ਦੇ ਸਹੁਰੇ ਪਿੰਡ ਗਿਆ ਹੋਇਆ ਸੀ। ਜਦੋਂ ਉਸਦਾ ਸਪੁੱਤਰ ਸਵੇਰੇ ਅੰਦਰਲੇ ਘਰੋਂ ਮੱਝਾਂ ਨੂੰ ਪੱਠੇ ਪਾਉਣ ਲਈ ਗਿਆ ਤਾਂ ਦੇਖਿਆ ਕਿ ਜਿੰਦਰਾ ਟੁੱਟਾ ਹੋਇਆ ਸੀ ਅਤੇ ਮੱਝਾਂ ਗਾਇਬ ਸਨ, ਜਿਸ ਸਬੰਧੀ ਉਨ੍ਹਾਂ ਨੇ ਥਾਣਾ ਲੌਂਗੋਵਾਲ ਨੂੰ ਇਤਲਾਹ ਦਿੱਤੀ। ਇਸ ਸਬੰਧੀ ਗੱਲਬਾਤ ਦੌਰਾਨ ਥਾਣਾ ਮੁਖੀ ਬਲਵੰਤ ਸਿੰਘ ਨੇ ਕਿਹਾ ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਉਨ੍ਹਾਂ ਉਪਰ ਬਣਦੀ ਕਾਰਵਾਈ ਕੀਤੀ ਜਾਵੇਗੀ। ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਵੀ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਪੰਜਾਬ ਪੁਲਸ ਨੂੰ ਜਿੱਥੇ ਕਿਤੇ ਵੀ ਸਾਡੀ ਮਦਦ ਦੀ ਲੋੜ ਹੈ ਅਸੀਂ ਵੀ ਉਨ੍ਹਾਂ ਦੇ ਨਾਲ ਦੋਸ਼ੀਆਂ ਦੀ ਭਾਲ ਕਰਨ ਵਿੱਚ ਪੂਰਾ ਸਹਿਯੋਗ ਦੇਵਾਂਗੇ। ਇੱਥੇ ਜਿਕਰਯੋਗ ਹੈ ਕਿ ਥਾਣਾ ਧਰਮਗੜ੍ਹ ਦੀ ਹਦੂਦ ਵਿਚ ਪੈਂਦੇ ਪਿੰਡ ਗੰਢੂਆਂ ਵਿਖੇ ਪਿਛਲੇ ਦਿਨੀਂ 4 ਕਿਸਾਨਾਂ ਦੇ ਘਰਾਂ ਵਿਚੋਂ ਰਾਤ ਸਮੇਂ 13 ਪਸ਼ੂ (ਜਿਨ੍ਹਾਂ ਵਿਚ 7 ਦੁਧਾਰੂ ਪਸ਼ੂ ਵੀ ਸ਼ਾਮਿਲ ਸਨ) ਚੋਰੀ ਹੋਏ। ਜਿਸ ਸਬੰਧੀ ਥਾਣਾ ਧਰਮਗੜ੍ਹ ਦੇ ਮੁਖੀ ਵਿਜੇ ਪਾਲ ਨੇ ਦੱਸਿਆ ਕਿ ਇਸ ਚੋਰੀ ਦੀ ਘਟਨਾ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ਼ ਦਿੱਤਾ ਗਿਆ ਹੈ। ਗ੍ਰਿਫਤਾਰ ਕੀਤੇ ਵਿਅਕਤੀ ਦੀ ਨਿਸ਼ਾਨਦੇਹੀ ’ਤੇ ਦੋ ਹੋਰ ਦੋਸ਼ੀਆਂ ਨੂੰ ਫੜਨ ਲਈ ਪਿਛਲੇ ਦਿਨੀਂ ਪੁਲਿਸ ਦਸਤਾ ਉਤਰ ਪ੍ਰਦੇਸ਼ ਲਈ ਰਵਾਨਾ ਹੋ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸ਼ਾਤਿਰ ਚੋਰਾਂ ਨੇ ਉਥੇ ਜਾ ਕੇ ਕੋਈ ਛੋਟੀ-ਮੋਟੀ ਘਟਨਾ ਕਰਕੇ ਪੁਲਿਸ ਕਸਟਡੀ ਵਿਚ ਜਾ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਰਾਂ ਨੂੰ ਮਾਨਯੋਗ ਅਦਾਲਤ ਰਾਹੀਂ ਪ੍ਰੋਡੱਕਸ਼ਨਲ ਵਰੰਟਾਂ ’ਤੇ ਲਿਆਂਦਾ ਜਾ ਰਿਹਾ ਹੈ। ਜਿਸਦੀ ਤੈਅ ਤੱਕ ਪੁੱਛ-ਪੜਤਾਲ ਕੀਤੀ ਜਾਵੇਗੀ।