ਫੂਡ ਸੇਫਟੀ ਟੀਮ ਵੱਲੋਂ ਵੱਡੀ ਕਾਰਵਾਈ-ਅੰਮ੍ਰਿਤਸਰ ਵਿੱਚ ਦੇਸੀ ਘਿਓ ਦੇ 1 ਲੱਖ ਨਕਲੀ ਡੱਬੇ ਜ਼ਬਤ

ਦੋਸ਼ੀਆਂ ਵਿਰੁੱਧ ਐਫ.ਆਈ.ਆਰ. ਦਰਜ

ਅੰਮ੍ਰਿਤਸਰ/ਚੰਡੀਗੜ੍ਹ, 15 ਜਨਵਰੀ- ਛੇਹਰਟਾ, ਅੰਮ੍ਰਿਤਸਰ ਦੇ ਮਾਡਲ ਟਾਊਨ ਏਰੀਏ ਵਿੱਚ ਦੇਰ ਰਾਤ ਛਾਪੇਮਾਰੀ ਵਿੱਚ ਫੂਡ ਸੇਫਟੀ ਟੀਮ ਵੱਲੋਂ 1 ਕਿਲੋ, 500 ਗ੍ਰਾਮ ਅਤੇ 200 ਗ੍ਰਾਮ ਦੇਸੀ ਘਿਓ ਦੇ 1 ਲੱਖ ਨਕਲੀ ਡੱਬੇ ਜ਼ਬਤ ਕੀਤੇ ਗਏ, ਜਿਨ੍ਹਾਂ ’ਤੇ ਡੇਅਰੀ ਸ਼ਾਈਨ ਦੇਸੀ ਘਿਓ ਦਾ ਲੇਬਲ ਲੱਗਾ ਹੋਇਆ ਸੀ ਅਤੇ ਇਸਦੇ ਨਾਲ ਦੇਸੀ ਘਿਓ ਬਣਾਉਣ ਲਈ ਰੱਖੀ ਮਿਲਾਵਟੀ ਸਮੱਗਰੀ ਵੀ ਵੱਡੀ ਮਾਤਰਾ ਵਿੱਚ ਜ਼ਬਤ ਕੀਤੀ ਗਈ। ਇਹ ਜਾਣਕਾਰੀ ਫੂਡ ਸੇਫਟੀ ਕਮਿਸ਼ਨਰ, ਪੰਜਾਬ ਸ੍ਰੀ ਕੇ.ਐਸ. ਪੰਨੂੰ ਨੇ ਦਿੱਤੀ। ਜਾਣਕਾਰੀ ਦਿੰਦਿਆਂ ਕਮਿਸ਼ਨਰ ਨੇ ਦੱ੍ਯਸਿਆ ਕਿ ਛਾਪੇਮਾਰੀ ਦੌਰਾਨ 5000 ਕਿਲੋਗ੍ਰਾਮ ਪਾਮ ਤੇਲ, ਘਿਓ ਦੀ ਬੀ. ਆਰ. (ਬੁਟਾਇਰੋ ਰੀਫਰੈਕਟੋਮੀਟਰ) ਮਿਕਦਾਰ ਵਧਾਉਣ ਲਈ 200 ਲੀਟਰ ਕੈਮੀਕਲ ਅਤੇ 1650 ਕਿਲੋਗ੍ਰਾਮ ਮਿਲਾਵਟੀ ਮੱਖਣ ਮੌਕੇ ’ਤੇ ਮਿਲਿਆ। ਸਾਰੇ ਉਤਪਾਦਾਂ ਦੇ ਨਮੂਨੇ ਲੈ ਕੇ ਸਟੇਟ ਲੈਬ ਨੂੰ ਜਾਂਚ ਲਈ ਭੇਜ ਦਿੱਤੇ ਗਏ ਹਨ। ਇਹ ਛਾਪੇਮਾਰੀ ਸਥਾਨਕ ਪੁਲੀਸ ਦੇ ਸਹਿਯੋਗ ਨਾਲ ਕੀਤੀ ਗਈ ਅਤੇ ਜਗ੍ਹਾ ਨੂੰ ਸੀਲ ਕਰ ਦਿੱਤਾ ਗਿਆ ਹੈ। ਪੁਲੀਸ ਵੱਲੋਂ ਦੋਸ਼ੀ ਕੁਲਬੀਰ ਸਿੰਘ ਪੁੱਤਰ ਯੁਵਰਾਜ ਸਿੰਘ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 272,273 ਅਤੇ 420 ਅਧੀਨ ਐਫ.ਆਈ.ਆਰ. ਦਰਜ ਕਰ ਲਈ ਗਈ ਹੈ। ਇਸ ਤੋਂ ਬਾਅਦ ਦੀ ਕਾਰਵਾਈ ਵਿੱਚ ਡੇਅਰੀ ਸ਼ਾਈਨ ਦੇਸੀ ਘਿਓ, ਅੰਗਦ ਮਿਲਕ ਫੂਡ ਪ੍ਰਾਈਵੇਟ ਲਿਮਟਿਡ, ਪੰਜਵਾਦ ਜ਼ਿਲ੍ਹਾ ਤਰਨ ਤਾਰਨ ਦੇ ਅਸਲ ਟਿਕਾਣੇ ਦਾ ਨਿਰੀਖਣ ਕੀਤਾ ਗਿਆ ਤਾਂ ਜੋ ਅੰਮ੍ਰਿਤਸਰ ਦੇ ਮਿਲਾਵਟਖੋਰਾਂ ਨਾਲ ਇੱਥੋਂ ਦੇ ਉਤਪਾਦਕ ਦੀ ਮਿਲੀਭੁਗਤ ਦਾ ਪਤਾ ਲਗਾਇਆ ਜਾ ਸਕੇ। ਸਟਾਕ ਦੇ ਨਮੂਨੇ ਲੈ ਕੇ ਘਿਓ ਦੀ ਗੁਣਵੱਤਾ ਦੀ ਜਾਂਚ ਲਈ ਲੈਬ ਨੂੰ ਭੇਜ ਦਿੱਤੇ ਗਏ ਹਨ। ਮਾਲਕ ਵੱਲੋਂ ਸਟਾਕ ਨਾਲ ਛੇੜਛਾੜ ਨਾ ਕਰਨ ਦੀਆਂ ਸਖ਼ਤ ਹਦਾਇਤਾਂ ਨਾਲ ਸਮਝੌਤੇ ਦੇ ਮੱਦੇਨਜ਼ਰ ਜ਼ਬਤ ਕੀਤੇ ਗਏ ਦੇਸੀ ਘਿਓ ਦਾ ਪੂਰਾ ਸਟਾਕ ਉਤਪਾਦਨ ਇਕਾਈ ਵਾਲੀ ਜਗ੍ਹਾ ’ਤੇ ਹੀ ਰੱਖਿਆ ਗਿਆ ਹੈ। ਸ੍ਰੀ ਪੰਨੂੰ ਨੇ ਕਿਹਾ ਕਿ ਸਟੇਟ ਫੂਡ ਲੈਬਾਟਰੀ ਪਾਸੋਂ ਜਾਂਚ ਰਿਪੋਰਟ ਪ੍ਰਾਪਤ ਹੋਣ ਤੋਂ ਬਾਅਦ ਦੋਸ਼ੀ ਨਾਲ ਨਜਿੱਠਿਆ ਜਾਵੇਗਾ।

Send this to a friend