ਨਵਾਂਸ਼ਹਿਰ, 11 ਜਨਵਰੀ (ਨਵਕਾਂਤ ਭਰੋਮਜਾਰਾ)- ਪੰਜਾਬ ਦੇ ਤਕਨੀਕੀ ਸਿਖਿਆ ਤੇ ਉਦਯੋਗਿਕ ਸਿਖਲਾਈ, ਸਾਇੰਸ ਤੇ ਤਕਨਾਲੋਜੀ ਤੇ ਰੋਜ਼ਗਾਰ ਸਿਰਜਣ ਬਾਰੇ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਜ਼ਿਲ੍ਹੇ ਦੇ ਪੰਚਾਂ-ਸਰਪੰਚਾਂ, ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਅਹੁਦੇ ਦਾ ਹਲਫ਼ ਤੇ ਨਸ਼ਿਆਂ ਖਿਲਾਫ਼ ਸਹੁੰ ਚੁਕਵਾਈ। ਉਨ੍ਹਾਂ ਇਸ ਮੌਕੇ ਨਵੀਂਆਂ ਬਣੀਆਂ ਪੰਚਾਇਤਾਂ, ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਪਾਸੋਂ ਸਰਕਾਰ ਦੇ ਨਸ਼ਾ ਮੁਕਤ ਪੰਜਾਬ ਸਿਰਜਣ ਪ੍ਰੋਗਰਾਮ ’ਚ ਸਹਿਯੋਗ ਦੀ ਮੰਗ ਵੀ ਕੀਤੀ। ਸਥਾਨਕ ਦਾਣਾ ਮੰਡੀ ਵਿਖੇ ਇਕਤਰ ਹੋਏ ਜ਼ਿਲ੍ਹੇ ਦੇ 3300 ਤੋਂ ਵਧੇਰੇ ਪੰਚਾਂ-ਸਰਪੰਚਾਂ, ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਸਹੁੰ ਚੁਕਵਾਉਣ ਆਏ ਤਕਨੀਕੀ ਸਿਖਿਆ ਮੰਤਰੀ ਨੇ ਮੁਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਐਮ ਐਲ ਏ/ਐਮ ਪੀ ਬਣਨਾ ਤਾਂ ਸੌਖਾ ਹੁੰਦਾ ਹੈ ਪਰ ਪਿੰਡ ਦੀ ਪੰਚੀ ਤੇ ਸਰਪੰਚੀ ਦੀ ਚੋਣ ਲੜਨਾ ਤੇ ਜਿਤਣਾ ਬਹੁਤ ਔਖਾ ਹੁੰਦਾ ਹੈ ਕਿਉਂ ਜੋ ਲੋਕ ਕਿਰਦਾਰ, ਕੀਤੇ ਕੰਮਾਂ ਤੇ ਸਹਿਚਾਰ ਨੂੰ ਦੇਖ ਕੇ ਹੀ ਵੋਟ ਦਿੰਦੇ ਹਨ।