ਤਰਕਾਲ਼ਾਂ ਪੈ ਗਈਆਂ ਸਨ। ਮਜਾਰੀ ਪਿੰਡ ਦੇ ਲੋਕ ਕੱਚੇ ਪਹੇ ਪਹੇ ਖੇਤਾਂ ਤੋਂ ਘਰਾਂ ਨੂੰ ਪਰਤ ਰਹੇ ਸੀ। ਖ਼ੁਸ਼ੀ ਮੁਹੰਮਦ ਨੇ ਆਪਣਾ ਗੱਡਾ ਬਾਹਰਲੇ ਘਰ ਅੰਦਰ ਬਰਾਂਡੇ ਵਿਚ ਖੜਾ ਕਰ ਦਿੱਤਾ। ਬਲਦਾਂ ਨੂੰ ਮੱਝਾਂ ਵਾਲੀ ਖੁਰਲੀ ਤੇ ਬੰਨ੍ਹ ਕੇ ਬਰਾਂਡੇ ਦੇ ਆਲੇ ਵਿਚੋਂ ਖਰਖਰਾ ਚੁੱਕ ਲਿਆ। ਬਲਦਾਂ ਦੇ ਪਿੰਡੇ ਤੇ ਜਦੋਂ ਖਰਖਰਾ ਫਿਰਦਾ ਤਾਂ ਬਲਦਾਂ ਨੂੰ ਆਰਾਮ ਆਉਂਦਾ। ਵੱਡਾ ਬਲਦ ਤਾਂ ਖੜ੍ਹਾ ਖੜ੍ਹਾ ਨੀਂਦ ਦੇ ਟੂਲੇ ਲੈਣ ਲੱਗ ਪਿਆ ਸੀ। ਵੀਹੀ ਵਿਚੋਂ ਲੰਘੇ ਜਾਂਦੇ ਮੱਲ ਸਿੰਘ ਨੰਬਰਦਾਰ ਦੀ ਨਿਗ੍ਹਾ ਖ਼ੁਸ਼ੀ ਮੁਹੰਮਦ ਤੇ ਪਈ ਤੇ ਉਹ ਜਾਂਦਾ ਜਾਂਦਾ ਉਸ ਦੇ ਬਾਰ ਅੱਗੇ ਰੁਕ ਗਿਆ। ਮੱਲ ਸਿੰਘ ਪਿੰਡ ਦਾ ਨੰਬਰਦਾਰ ਸੀ। ਬੇਸ਼ੱਕ ਉਹ ਜੱਟਾਂ ਦਾ ਨੰਬਰਦਾਰ ਸੀ। ਪਰ ਖ਼ੁਸ਼ੀ ਮੁਹੰਮਦ ਨਾਲ ਉਹ ਦੀ ਦਿਲੀ ਸਾਂਝ ਸੀ। ਉਹ ਦੁੱਖ ਦੇ ਸੁੱਖ ਦੇ ਇੱਕ ਦੂਜੇ ਦੇ ਨਾਲ ਖੜਦੇ ਸਨ।
ਠਓ ਵਾਹ ਬਈ ਖ਼ੁਸ਼ੀ ਮੁਹੰਮਦ…ਲੱਗਿਆ ਪਿਆ ਬਲਦਾਂ ਤੇ ਖਰਖਰਾ ਫੇਰਨ। ਪਤੰਦਰਾਂ ਮਾੜਾ ਮੋਟਾ ਦਮ ਦੁਮ ਲੈ ਲਿਆ ਕਰੂ। ਬਾਹਰ ਖੜੇ ਖੜੇ ਮੱਲ ਸਿੰਘ ਨੰਬਰਦਾਰ ਨੇ ਕਿਹਾ।
ਆਜਾ ਲੰਘਿਆ ਮੱਲ ਸਿਆ। ਦਮ ਤਾਂ ਹੁਣ ਮਰੇ ਤੋਂ ਹੀ ਆਊ ਗਾ ਭਰਾਵਾਂ। ਸਿਆਣੇ ਕਹਿੰਦੇ ਆ ਨਾ ਕਿ ਕੰਮ ਤਾਂ ਬੰਦੇ ਦੇ ਮਰੇ ਤੇ ਹੀ ਮੁੱਕਦੇ ਨੇ। ਤੂੰ ਸੁਣਾ ਕਿਵੇਂ ਚੱਲਦਾ ਕੰਮਕਾਰ। ਨਿਆਣੇ ਕਿਵੇਂ ਆ।ਖ਼ੁਸ਼ੀ ਮੁਹੰਮਦ ਨੇ ਖਰਖਰੇ ਨੂੰ ਆਲੇ ਵਿਚ ਰੱਖਦਿਆਂ ਕਿਹਾ।
ਨਿਆਣੇ ਤਕੜੇ ਮੁਹੰਮਦਾ! ਸੋਚ ਦਾ ਵੀ ਜਗਰਾਵੀਂ ਲਾ ਦਿਆ ਪੜ੍ਹਨ ਕਿਸੇ ਕੋਲ। ਪੜ੍ਹ ਲਿਖ ਜਾਣਗੇ ਭੋਰਾ ਸੁੱਖ ਹੋ ਜਾਊ ਗਾ। ਤੂੰ ਦੱਸ ਤੇਰੇ ਵਾਲੇ ਹੈਦਰ ਦਾ ਕੀ ਹਾਲ ਏ…ਲਾਇਆ ਪੜ੍ਹਨ ਜਾਂ ਫਿਰ ਅਜੇ ਵੀ ਘਰ ਹੀ ਬਿਠਾ ਰੱਖਿਆ। ਨਾ ਨਾ ਨੰਬਰਦਾਰਾਂ। ਲਾ ਤਾ ਉਹ ਨੂੰ ਪੜ੍ਹਨ। ਪਿੰਡ ਵਾਲੀ ਮਸੀਤ ਵਿਚ ਜਾਂਦਾ ਮੌਲਵੀ ਕੋਲ। ਕਈ ਅੱਖਰ ਠਾਅ ਲੈਂਦਾ ਹੁਣ ਤਾਂ ਕੈਦੇ ਦੇ। ਬਸ ਇੱਕ ਗੱਲ ਦਾ ਝੋਰਾ ਜਿਹੜਾ ਉਹ ਨੂੰ ਦਸ ਸਾਲ ਦੀ ਉਮਰ ਵਿਚ ਪੜ੍ਹਨੇ ਪਾਇਆ। ਜੇ ਕਿਤੇ ਪਹਿਲਾਂ ਮੌਲਵੀ ਕੋਲ ਭੇਜਿਆ ਹੁੰਦਾ ਤਾਂ ਅੱਜ ਉਸ ਨੇ ਵਧੀਆ ਪੜ੍ਹ ਜਾਣਾ ਸੀ। ਚੱਲ ਉਹ ਜਾਣੇ। ਜਿੱਦਾਂ ਉਸ ਖ਼ੁਦਾ ਦੀ ਮਰਜ਼ੀ। ਖ਼ੁਸ਼ੀ ਮੁਹੰਮਦ ਨੇ ਆਪਣੇ ਆਪ ਤੇ ਪਛਤਾਵਾ ਮਹਿਸੂਸ ਕੀਤਾ।
ਕੋਈ ਗੱਲ ਨੀਂ ਖ਼ੁਸ਼ੀ ਮੁਹੰਮਦਾ। ਅਜੇ ਵੀ ਕੋਈ ਹੈਦਰ ਬੁੜ੍ਹਾ ਨੀ ਹੋ ਚੱਲਿਆ। ਬਹੁਤ ਸਮਾਂ ਪਿਆ। ਬਥੇਰਾ ਪੜ੍ਹ ਜਾਊ ਗਾ। ਠੀਕ ਆ ਫੇਰ ਕੱਲ੍ਹ ਨੂੰ ਖੇਤ ਖੂਹ ਤੇ ਬੈਠਦੇ ਆ…ਮੈਂ ਮਾੜਾ ਜਾ ਬਿਸ਼ਨ ਸਿਹੁੰ ਵੱਲ ਨੂੰ ਚੱਲਿਆ ਕਹਿੰਦਾ ਹੋਇਆ ਮੱਲ ਸਿੰਘ ਕਾਹਲੀ ਕਾਹਲੀ ਕਦਮਾਂ ਨਾਲ ਸੱਥ ਵਾਲਾ ਮੋੜ ਟੱਪ ਗਿਆ। ਖ਼ੁਸ਼ੀ ਮੁਹੰਮਦ ਨੇ ਬਾਹਰਲੇ ਘਰ ਦੇ ਬੂਹੇ ਨੂੰ ਕੁੰਢਾ ਲਾਇਆ ਤੇ ਆਪ ਅੰਦਰਲੇ ਘਰ ਆ ਗਿਆ। ਨਹਾ ਧੋ ਕੇ ਵਿਹੜੇ ਵਿਚ ਪਏ ਮੰਜੇ ਤੇ ਬੈਠ ਗਿਆ। ਘਰ ਵਾਲੀ ਨਿਆਮੋ ਨੇ ਰੋਟੀ ਫੜਾ ਦਿੱਤੀ। ਹੈਦਰ ਘਰ ਨਹੀਂ ਸੀ। ਉਹ ਸੱਥ ਵਿਚ ਬਣੇ ਥੜ੍ਹੇ ਤੇ ਬੱਚਿਆਂ ਨਾਲ ਛਾਲਾਂ ਲਾਉਣ ਖੇਡ ਰਿਹਾ ਸੀ। ਥੜ੍ਹੇ ਤੋਂ ਜਦੋਂ ਹੈਦਰ ਨੇ ਛਾਲ ਮਾਰੀ ਤਾਂ ਉਹ ਸਾਹਮਣੇ ਪਈ ਇੱਟ ਤੇ ਜਾ ਵੱਜਾ। ਜਿਸ ਨਾਲ ਬਾਂਹ ਵਿਚੋਂ ਰੱਤ ਵਗਣੀ ਸ਼ੁਰੂ ਹੋ ਗਈ। ਕੁੱਝ ਚਿਰ ਬਾਅਦ ਹੈਦਰ ਰੋਂਦਿਆਂ ਨੂੰ ਘਰ ਵੜਿਆ। ਹੈਦਰ ਦਾ ਇੱਕ ਹੱਥ ਸੱਜੀ ਕੂਹਣੀ ਨੂੰ ਪਾਇਆ ਸੀ। ਜਿਸ ਵਿਚੋਂ ਰੱਤ ਵਗ ਰਹੀ ਸੀ। ਖ਼ੁਸ਼ੀ ਮੁਹੰਮਦ ਨੇ ਰੋਟੀ ਥੈਂ ਛੱਡ ਦਿੱਤੀ ਤੇ ਹੈਦਰ ਦੀ ਬਾਂਹ ਨੂੰ ਫੜ ਲਿਆ। ਰੱਤ ਕੂਹਣੀ ਕੋਲੋਂ ਬਹਿੰਦੀ ਬਹਿੰਦੀ ਹੈਦਰ ਦੇ ਹੱਥ ਤੱਕ ਆ ਗਈ ਸੀ। ਨਿਆਮੋ ਹੈਦਰ ਦੀ ਕੂਹਣੀ ਦੇਖ ਕੇ ਚੱਕਰ ਆ ਗਿਆ। ਖ਼ੁਸ਼ੀ ਮੁਹੰਮਦ ਨੇ ਸਿਰ ਦਾ ਸਮੋਸਾ ਪਾੜ ਕੇ ਹੈਦਰ ਦੀ ਕੂਹਣੀ ਤੇ ਬੰਨ੍ਹ ਦਿੱਤਾ। ਹੈਦਰ ਦੀਆਂ ਚੀਕਾਂ ਸੁਣ ਕੇ ਗੁਆਂਢੀ ਵੀ ਆ ਗਏ। ਜਿਨ੍ਹਾਂ ਨੇ ਨਿਆਮੋ ਨੂੰ ਸੰਭਾਲਿਆ। ਖ਼ੁਸ਼ੀ ਮੁਹੰਮਦ ਹੈਦਰ ਨੂੰ ਪਿੰਡ ਦੇ ਹਕੀਮ ਕੋਲ ਲੈ ਗਿਆ। ਜਿਸ ਨੇ ਦੱਸਿਆ ਕਿ ਬਾਹਰੀ ਸੱਟ ਦੇ ਨਾਲ ਨਾਲ ਅੰਦਰੋਂ ਹੱਡੀ ਵੀ ਟੁੱਟ ਗਈ ਹੈ। ਜਿਸ ਨੂੰ ਹਕੀਮ ਨੇ ਬੰਨ੍ਹ ਦਿੱਤਾ। ਕਈ ਦਿਨਾਂ ਬਾਅਦ ਹੈਦਰ ਨੂੰ ਆਰਾਮ ਆਇਆ। ਹੁਣ ਹੈਦਰ ਸਿਰਫ਼ ਪੜਾਈ ਵੱਲ ਹੀ ਧਿਆਨ ਦਿੰਦਾ ਸੀ। ਹੈਦਰ ਹੁਣ ਚੌਦਾਂ ਸਾਲਾਂ ਦਾ ਹੋ ਗਿਆ ਸੀ। ਠੰਢੀ ਠੰਢੀ ਹਵਾ ਚੱਲ ਰਹੀ ਸੀ। ਪਿੰਡ ਵਾਲੇ ਘਰਾਂ ਵਿਚ ਬੰਦ ਸਨ। ਠੱਕਾ ਇੰਨਾ ਵਗਦਾ ਸੀ ਕਿ ਅੱਖ ਦੇ ਝਪਕੇ ਨਾਲ ਹੱਥ ਪੈਰ ਸੁੰਨ ਹੋ ਰਹੇ ਸਨ। ਖ਼ੁਸ਼ੀ ਮੁਹੰਮਦ ਬਾਹਰਲੇ ਘਰ ਪਸ਼ੂਆਂ ਦੀ ਰਾਖੀ ਪਿਆ ਸੀ। ਬਾਹਰਲੇ ਘਰ ਇੱਕ ਬਰਾਂਡਾ ਤੇ ਇੱਕ ਸਬਾਤ ਸੀ। ਸਬਾਤ ਵੀਹੀ ਦੇ ਨੁੱਕਰ ਤੇ ਸੀ। ਖ਼ੁਸ਼ੀ ਮੁਹੰਮਦ ਅੱਧ ਸੁੱਤਾ ਜਾ ਪਿਆ ਸੀ। ਇੱਕ ਦਮ ਕਿਸੇ ਮਸ਼ੀਨਰੀ ਦੇ ਲੰਘਣ ਦੀ ਆਵਾਜ਼ ਆਈ। ਮਸ਼ੀਨਰੀ ਲੰਘ ਕਈ ਤਾਂ ਉਸ ਨੂੰ ਬੰਦਿਆਂ ਦੀ ਪੈੜ ਚਾਲ ਸੁਣਾਈ ਦਿੱਤੀ। ਉਹ ਸਹਿਮ ਗਿਆ। ਸਬਾਤ ਵਾਲੀ ਮੋਰੀ ਦਾ ਲੀੜਾ ਚੁੱਕ ਕੇ ਦੇਖਿਆ ਤਾਂ ਭਾਰੀ ਗਿਣਤੀ ਵਿਚ ਫ਼ੌਜ ਰਫ਼ਲਾਂ ਲੈ ਕੇ ਤੁਰੀ ਜਾ ਰਹੀ ਸੀ। ਉਹ ਨੇ ਬਿਨਾਂ ਕੋਈ ਖੜਕਾ ਕੀਤਿਆਂ ਦੱਬੇ ਪੈਰੀਂ ਆਪਣੇ ਬਿਸਤਰੇ ਵਿਚ ਬੈਠ ਗਿਆ। ਕਈ ਭੈਅ ਵਾਲੇ ਖਿਆਲ ਉਸ ਦੇ ਜ਼ਿਹਨ ਵਿਚ ਘੁੰਮਣ ਲੱਗੇ। ਬਈ ਇਹ ਕੀ ਹੋ ਗਿਆ। ਕੁੱਝ ਚਿਰ ਬਾਅਦ ਗੁਰੂ ਘਰ ਤੋਂ ਸਪੀਕਰ ਦੀ ਆਵਾਜ਼ ਆਈ ਕਿ ਭਾਈ ਦੇਸ਼ ਦਾ ਬਟਵਾਰਾ ਹੋਣ ਲੱਗਿਆ ਹੈ। ਜਿਨ੍ਹੇ ਵੀ ਮੁਸਲਮਾਨ ਪਿੰਡ ਵਿਚ ਬੈਠੇ ਹਨ ਉਹ ਪਿੰਡ ਖਾਲੀ ਕਰ ਦੇਣ। ਫ਼ੌਜ ਉਨ੍ਹਾਂ ਨੂੰ ਲੈਣ ਆਈ ਹੈ। ਆਪੋ ਆਪਣਾ ਜ਼ਰੂਰੀ ਸਮਾਨ ਲੈ ਲੈਣ। ਜੇ ਕੋਈ ਗ਼ੌਰ ਨਹੀਂ ਕਰੂ ਗਾ ਤਾਂ ਉਹ ਆਪਣਾ ਨੁਕਸਾਨ ਕਰਵਾ ਸਕਦਾ ਹੈ। ਹੋਕਾ ਸੁਣ ਕੇ ਖ਼ੁਸ਼ੀ ਮੁਹੰਮਦ ਸੁੰਨ ਹੋ ਗਿਆ। ਇਹ ਕੀ ਹੋ ਗਿਆ। ਉਸ ਨੇ ਆਪਣੇ ਆਪ ਨੂੰ ਹੀ ਕਈ ਸਵਾਲ ਕੀਤੇ। ਵੱਸਦੇ ਹੀ ਉੱਜੜਨ ਲੱਗੇ ਆ। ਇਹ ਲੋਕ ਕੌਣ ਨੇ ਜੋ ਮੁਲਕ ਦੀਆਂ ਵੰਡੀਆਂ ਪਾ ਰਹੇ ਹਨ? ਇੰਨੀ ਮਨੁੱਖੀ ਸਾਂਝ ਤੇ ਪਿਆਰ ਦੀ ਕਿਸੇ ਨੂੰ ਕੀ ਤਕਲੀਫ਼ ਹੋ ਸਕਦੀ ਹੈ। ਉਸ ਨੂੰ ਕੁੱਝ ਸੁੱਝ ਨਹੀਂ ਰਿਹਾ ਸੀ। ਉਹ ਬਿਸਤਰੇ ਵਿਚੋਂ ਉੱਠ ਕੇ ਵੀਹੀ ਵਿਚ ਆ ਗਿਆ। ਲੋਕ ਅੱਧੀ ਰਾਤ ਨੂੰ ਦਬਾ ਦੱਬ ਆਪਣਾ ਸਮਾਨ ਬੰਨ੍ਹ ਰਹੇ ਸਨ। ਖ਼ੁਸ਼ੀ ਮੁਹੰਮਦ ਨੇ ਅੰਦਰਲੇ ਘਰ ਜਾ ਕੇ ਦੇਖਿਆ ਤਾਂ ਨਿਆਮੋ ਹੈਦਰ ਨੂੰ ਬੁੱਕਲ ਵਿਚ ਲਈ ਬੈਠੀ ਸੀ। ਆਪਣੇ ਅੱਬਾ ਨੂੰ ਦੇਖ ਕੇ ਹੈਦਰ ਉਸ ਨੂੰ ਚੰਬੜ ਗਿਆ। ਖ਼ੁਸ਼ੀ ਮੁਹੰਮਦ ਨੇ ਨਿਆਮੋ ਨੂੰ ਜ਼ਰੂਰੀ ਜ਼ਰੂਰੀ ਸਮਾਨ ਬੰਨ੍ਹਣ ਨੂੰ ਕਿਹਾ। ਨਿਆਮੋ ਨੇ ਦਬਾ ਦੱਬ ਆਪਣੇ ਗਹਿਣੇ ਤੇ ਕੱਪੜੇ ਬੰਨ੍ਹ ਲਏ। ਖ਼ੁਸ਼ੀ ਮੁਹੰਮਦ ਨਿਆਮੋ ਤੇ ਹੈਦਰ ਨੂੰ ਨਾਲ ਲੈ ਕੇ ਬਾਹਰਲੇ ਘਰ ਆ ਗਿਆ। ਉੱਥੇ ਆ ਕੇ ਗੱਡਾ ਜੋੜਿਆ ਤੇ ਜਗਰਾਵਾਂ ਵੱਲ ਨੂੰ ਜਾਂਦੇ ਕੱਚੇ ਪਹੇ ਪਾ ਲਿਆ। ਲੋਕ ਸਿਰੇ ਤੇ ਸਮਾਨ ਰੱਖ ਕੇ ਨੇਰੇ ਵਿਚ ਤੁਰੇ ਜਾ ਰਹੇ ਸਨ। ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿੱਧਰ ਨੂੰ ਜਾ ਰਹੇ ਹਨ। ਦਿਨ ਚੜ੍ਹਦੇ ਲੋਕ ਜਗਰਾਵੀਂ ਪਹੁੰਚ ਗਏ। ਜਗਰਾਵੀਂ ਫ਼ੌਜ ਨੇ ਇੱਕ ਰਿਫ਼ਿਊਜੀ ਕੈਂਪ ਬਣਾ ਰੱਖਿਆ ਸੀ। ਨੇੜੇ ਤੇੜੇ ਪਿੰਡਾਂ ਦੇ ਹੋਰ ਵੀ ਲੋਕ ਪਹੁੰਚ ਰਹੇ ਸਨ। ਦੋ ਦਿਨ ਖ਼ੁਸ਼ੀ ਮੁਹੰਮਦ ਪਰਿਵਾਰ ਸਮੇਤ ਰਿਫ਼ਿਊਜੀ ਕੈਂਪ ਵਿਚ ਬੈਠਾ ਰਿਹਾ। ਤੀਜੇ ਦਿਨ ਭੜਕੀ ਹੋਈ ਭੀੜ ਨੇ ਕੈਂਪ ਤੇ ਹਮਲਾ ਕਰ ਦਿੱਤਾ। ਕਾਫੀ ਕਤਲੋਗਾਰਤ ਹੋਈ। ਲੋਕ ਭੱਜੇ ਨਿਕਲੇ। ਖ਼ੁਸ਼ੀ ਮੁਹੰਮਦ ਤੇ ਭੀੜ ਨੇ ਹਮਲਾ ਕਰ ਦਿੱਤਾ। ਜਿਸ ਵਿਚ ਉਸ ਦੀ ਇੱਕ ਬਾਂਹ ਵੱਢੀ ਗਈ। ਪਰ ਜਾਨ ਬਚ ਗਈ। ਫ਼ੌਜ ਲੋਕਾਂ ਨੂੰ ਇਕੱਠਾ ਕਰਕੇ ਧਰਮਕੋਟ ਕੋਲ ਬਣੇ ਕੈਂਪ ਵਿਚ ਲੈ ਗਈ। ਦੋ ਮਹੀਨੇ ਲੋਕ ਕੈਂਪ ਵਿਚ ਬੈਠਾ ਰਹੇ। ਹਾਲਾਤ ਦਿਨੋਂ ਦਿਨ ਮਾੜੇ ਹੁੰਦੇ ਗਏ। ਲੋਕਾਂ ਨੂੰ ਪੂਰਾ ਰਾਸ਼ਨ ਵੀ ਨਾ ਮਿਲਦਾ। ਖ਼ੁਸ਼ੀ ਮੁਹੰਮਦ ਨੇ ਸਾਰੇ ਗਹਿਣੇ ਵੇਚ ਦਿੱਤੇ ਤੇ ਬਦਲੇ ਵਿਚ ਇੱਕ ਮਣ ਕਣਕ ਲੈ ਲਈ। ਕੁੱਝ ਦਿਨਾਂ ‘ਚ ਉਹ ਵੀ ਮੁੱਕ ਗਈ। ਭੜਕੀ ਭੀੜ ਨੇ ਆਸੇ ਪਾਸੇ ਪੀਣ ਵਾਲੇ ਪਾਣੀ ਵਿਚ ਜ਼ਹਿਰ ਘੋਲ ਦਿੱਤੀ। ਲੋਕ ਤਿਹਾਏ ਮਰਨ ਲੱਗੀ। ਫ਼ੌਜ ਕੈਂਪ ਵਿਚੋਂ ਲੋਕਾਂ ਨੂੰ ਉਠਾ ਕੇ ਰਾਵੀ ਦੇ ਕੰਢੇ ਲੈ ਗਈ। ਛੀ ਮਹੀਨੇ ਉੱਥੇ ਗੁਜ਼ਾਰੇ ਖ਼ੁਸ਼ੀ ਮੁਹੰਮਦ ਨੇ। ਬਾਂਹ ਦੀ ਪੀੜਾ ਦਿਨੋਂ ਦਿਨ ਉਸ ਨੂੰ ਖਾ ਰਹੀ ਸੀ ਤੇ ਆਖ਼ਰਕਾਰ ਇੱਕ ਦਿਨ ਉਹ ਜਹਾਨੋਂ ਰੁਖ਼ਸਤ ਹੋ ਗਿਆ। ਉਸ ਨੂੰ ਰਾਵੀ ਦੇ ਕੋਲ ਹੀ ਦਫ਼ਨਾ ਦਿੱਤਾ ਗਿਆ। ਹੈਦਰ ਅਤੇ ਉਸ ਦੀ ਮਾਂ ਨਿਆਮੋ ਨੂੰ ਫ਼ੌਜ ਨੇ ਲਾਹੌਰ ਛੱਡ ਦਿੱਤਾ। ਜਿੱਥੇ ਨਿਆਮੋ ਨੂੰ ਉੱਥੋਂ ਦੀ ਸਰਕਾਰ ਨੇ ਮੁਰੱਬਾ ਦਿੱਤਾ। ਹੌਲੀ ਹੌਲੀ ਸਮਾਂ ਲੰਘਦਾ ਗਿਆ। ਦੋਵੇਂ ਮੁਲਕਾਂ ਵਿਚ ਲਕੀਰ ਖਿੱਚ ਦਿੱਤੀ ਗਈ। ਹੈਦਰ ਹੁਣ ਜਵਾਨ ਹੋ ਗਿਆ ਸੀ। ਦੇਸ਼ ਦੇ ਬਟਵਾਰਾ ਵਾਲਾ ਸਮਾਂ ਅਕਸਰ ਹੀ ਉਸ ਦੀ ਅੱਖਾਂ ਮੂਹਰੇ ਘੁੰਮਦਾ ਰਹਿੰਦਾ। ਕਤਲੋਗਾਰਤ ਵਿਚ ਮਾਰੇ ਗਏ ਲੋਕਾਂ ਦੀ ਲੋਥਾਂ ਅਤੇ ਆਪਣੇ ਅੱਬੂ ਖ਼ੁਸ਼ੀ ਮੁਹੰਮਦ ਦੀ ਤੜਫ਼ਦੀ ਦੇਹ ਬਾਰੇ ਸੋਚ ਕੇ ਉਦਾਸ ਹੋ ਜਾਂਦਾ। ਮਨ ਹੀ ਮਨ ਸੋਚਦਾ ਕਿ ਕਿਉਂ ਮਨੁੱਖ ਮਿੱਟੀ ਦਾ ਪੁਤਲਾ ਹੋ ਕੇ ਮਿੱਟੀ ਲਈ ਹੀ ਮਾਰ ਰਿਹਾ ਹੈ।