ਕੌੜਾ ਸੱਚ

ਜਿਥੇ ਆਧੁਨਿਕ ਯੁਗ ਦਾ ਮਨੁਖ ਪੜ ਲਿਖ ਕੇ ਆਪਣੇ ਦਿਮਾਗੀ ਵਿਕਾਸ ਨੂੰ ਵਧਾ ਰਿਹਾ ਹੈ ਉਥੇ ਹੀ ਲਗਾਤਾਰ ਵਧ ਰਹੀ ਬਿਰਧ ਆਸ਼ਰਮਾਂ ਦੀ ਗਿਣਤੀ ਮਨੁਖਤਾ ਨੂੰ ਸ਼ਰਮਸਾਰ ਕਰ ਰਹੀ ਹੈ ਅਤੇ ਅਜਿਹੇ ਬੌਧਿਕ ਵਿਕਾਸ ਤੇ ਸਵਾਲ ਖੜਾ ਕਰਦੀ ਹੈ। ਇਸ ਵਿਸ਼ੇ ਬਾਰੇ ਆਰ ਐਸ ਸੁਕਲਾ ਜੀ ਬੜਾ ਸੋਹਣਾ ਲਿਖਦੇ ਹਨ ਕਿ ਜੇਕਰ ਤੁਸੀਂ ਕਦੇ ਕਿਸੇ ਬਿਰਧ ਆਸ਼ਰਮ ਵਿਚ ਜਾਓ ਤਾਂ ਓਥੇ ਮੌਜੂਦ ਬਜ਼ੁਰਗਾਂ ਤੋਂ ਪੁਛਣਾ ਕਿ ਤੁਹਾਡੇ ਬੇਟੇ ਕੀ ਕਰਦੇ ਹਨ ਤਾਂ ਜਵਾਬ ਮਿਲੇਗਾ ਕਿ ਮੇਰਾ ਬੇਟਾ ਅਫ਼ਸਰ ਹੈ, ਡਾਕਟਰ ਹੈ, ਵਕੀਲ ਹੈ, ਇੰਜੀਨੀਅਰ ਹੈ, ਪ੍ਰੋਫੈਸਰ ਹੈ। ਪਰ ਇਕ ਵੀ ਬਜੁਰਗ ਅਜਿਹਾ ਨਹੀਂ ਮਿਲੇਗਾ ਜੋ ਕਹੇ ਕਿ ਮੇਰਾ ਬੇਟਾ ਅਨਪੜ੍ਹ ਜਾਂ ਗਰੀਬ ਹੈ ਕਿਉਂਕਿ ਅਨਪੜ੍ਹ ਅਤੇ ਗਰੀਬ ਦੇ ਮਾਂ ਬਾਪ ਕਦੇ ਬਿਰਧ ਆਸ਼ਰਮ ਤਕ ਨਹੀਂ ਪਹੁੰਚਦੇ, ਇਹ ਅਜ ਦੇ ਯੁਗ ਦਾ ਸਚ ਹੈ।ਹੁਣ ਕੀ ਇਥੇ ਇਹ ਸਮਝ ਲਿਆ ਜਾਵੇ ਕਿ ਪੜਾਈ ਨਾਲ ਨੈਤਿਕਤਾ ਦਾ ਕੋਈ ਸੰਬੰਧ ਨਹੀਂ ਹੈ ਜਾਂ ਇਹ ਸਮਝ ਲੈਣਾ ਵਾਜਿਬ ਹੈ ਕਿ ਪੜ ਲਿਖ ਕੇ ਉਚੇ ਅਹੁਦਿਆਂ ਤੇ ਪਹੁੰਚਣ ਵਾਲੇ ਮਨੁਖ ਐਨੇ ਜਿਆਦਾ ਅਮੀਰ ਹੋ ਜਾਂਦੇ ਹਨ ਕਿ ਉਹਨਾਂ ਕੋਲ ਪੈਸੇ ਤੋਂ ਬਿਨਾਂ ਕੁਝ ਬਚਦਾ ਹੀ ਨਹੀਂ। ਹਰ ਸਾਲ ਬਿਰਧ ਆਸ਼ਰਮਾਂ ਵਿਚ ਅਨੇਕਾਂ ਅਜਿਹੇ ਬਜੁਰਗਾਂ ਦੀ ਮੌਤ ਵੀ ਹੁੰਦੀ ਹੈ ਜਿੰਨਾਂ ਦੇ ਦਾਹ ਸੰਸਕਾਰ ਸਮੇੰ ਵੀ ਕੋਈ ਸਾਕ ਸੰਬੰਧੀ ਨਹੀਂ ਪਹੁੰਚਦਾ। ਮਨੁਖ ਐਨਾ ਬੇਈਮਾਨ ਕਿਸਮ ਦਾ ਪ੍ਰਣੀ ਹੈ ਜੋ ਝੂਠੀ ਸ਼ਾਨੋ ਸ਼ੌਕਤ ਦੇ ਭੁਲੇਖਿਆਂ ਭਰੀ ਜਿੰਦਗੀ ਲਈ ਆਪਣੇ ਮਾਂ-ਬਾਪ ਨੂੰ ਵੀ ਮਿਟੀ ਵਿਚ ਮਿਲਾਉਣ ਲਗਿਆਂ ਪਲ ਨਹੀਂ ਲਾਉੰਦਾ।ਹਰ ਮਨੁਖ ਨੂੰ ਇਹ ਗਲ ਆਪਣੇ ਅੰਦਰ ਪਕੀ ਕਰ ਲੈਣੀ ਚਾਹੀਦੀ ਹੈ ਕਿ ਜੇਕਰ ਤੁਸੀਂ ਆਪਣੇ ਮਾਂ-ਬਾਪ ਨੂੰ ਰੋਲ ਕੇ ਵੀ ਕੋਈ ਬਾਹਰੀ ਲੋਕਾਈ ਤੋਂ ਇਜਤ ਲੈ ਕੇ ਖੁਸ਼ ਹੋ ਰਹੇ ਹੋ ਤਾਂ ਤੁਸੀਂ ਕਿਸੇ ਵਡੇ ਭੁਲੇਖੇ ਵਿਚ ਜੀ ਰਹੇ ਹੋ, ਇਹ ਇਜਤ ਝੂਠ ਦੀ ਬੁਨਿਆਦ ਤੇ ਖੜੀ ਹੈ ਜੋ ਕਦੇ ਸਚ ਹੋ ਹੀ ਨਹੀਂ ਸਕਦੀ।
ਬੁਢੇ ਮਾਂ ਨੂੰ ਪਿੰਡ ਚ ਰੁਲਦੇ ਛਡ ਕੇ ਸਹਿਰ ਕੋਠੀ ਪਾਉਣ ਵਾਲਾ ਕਹਿੰਦਾ, ਮੈਂ ਬੜੀ ਇਜ਼ਤ ਕਮਾ ਲਈ ਤੇ ਬੜੀ ਤਰਕੀ ਕਰ ਲਈ। ਅਗੋਂ ਜਵਾਬ ਆਇਆ, ਬੜੀ ਚੰਗੀ ਗਲ ਆ ਭਾਈ, ਮਾਲਕ ਬਿਲਕੁਲ ਇਸੇ ਤਰ੍ਹਾਂ ਦੀ ਤਰਕੀ ਤੇ ਇਜ਼ਤ ਤੇਰੇ ਬਚਿਆਂ ਨੂੰ ਵੀ ਦਵੇ। ਜਿਸ ਨੇ ਜਨਮ ਦਿਤਾ ਉਸ ਮਾਂ ਨੂੰ ‘ਟੁਕ ਤੇ ਡੇਲਾ‘ ਹੀ ਸਮਝਿਆ ਜਾਣ ਲਗਾ ਐ, ਦੋ ਡੰਗ ਦੀ ਰੋਟੀ ਛਡੋ ਆਖ਼ਰੀ ਸਮੇ ਪਾਣੀ ਦੀ ਘੁਟ ਤਕ ਤਰਸਦੀ, ਪਰ ਕਦੇ ਬਦ-ਅਸੀਸ ਨੀਂ ਮੂੰਹੋਂ ਕਢੇਗੀ…।
ਗਲਾਂ ਦੋ ਹੀ ਨੇ ਬਸ, ਜਾਂ ਤੇ ਅਪਣੇ ਮਾਂ ਬਾਪ ਦੀ ਕਦਰ ਕਰੋ ਅਤੇ ਜਾਂ ਫਿਰ ਅਪਣੇ ਮਨ ਕੈੜੇ ਕਰ ਲਉ। ਜ਼ਮਾਨਾ ਬਦਲ ਰਿਹਾ, ਬਚੇ ਸਮਝਦਾਰ ਹੋ ਰਹੇ ਹਨ…।

Send this to a friend