ਨਵਾਂ ਸਾਲ : ਵਧਾਈ ਕਾਰਡਾਂ ਤੋਂ ਈਮੋ ਤੱਕ

ਕੋਈ ਸਮਾਂ ਸੀ,ਜਦੋਂ ਨਵੇਂ ਸਾਲ ਦੀ ਆਮਦ ਤੇ ਵਧਾਈ- ਕਾਰਡਾਂ ਦਾ ਪ੍ਰਚਲਨ ਬਹੁਤ ਜ਼ਿਆਦਾ ਹੁੰਦਾ ਸੀ। ਬਾਜ਼ਾਰਾਂ ਵਿਚ ਦੁਕਾਨਾਂ ‘ਤੇ ਵਖ- ਵਖ ਰੰਗਾਂ, ਰੂਪਾਂ, ਡਿਜ਼ਾਇਨਾਂ ਵਾਲੇ ਵਧਾਈ- ਕਾਰਡ ਉਪਲਬਧ ਹੁੰਦੇ ਸਨ ਅਤੇ ਇਹ ਆਮ ਤੌਰ ਤੇ ਦਸੰਬਰ ਦੇ ਪਹਿਲੇ ਹਫਤੇ ਤੋਂ ਹੀ ਮਾਰਕੀਟ ਵਿਚ ਉਪਲਬਧ ਹੋ ਜਾਂਦੇ ਸਨ। ਕੁਝ ਸਾਲ ਤਾਂ ਇਨ੍ਹਾਂ ਕਾਰਡਾਂ ਦੀ ਆਮਦੋ- ਰਫਤ ਦਾ ਇੰਨਾ ਜ਼ੋਰ ਰਿਹਾ ਕਿ ਡਾਕਖਾਨੇ ਵਾਲਿਆਂ ਨੂੰ ਵਿਸ਼ੇਸ਼ ਸੂਚਨਾ ਦੇਣੀ ਪੈਂਦੀ ਸੀ ਕਿ ਨਵੇਂ ਸਾਲ ਦੇ ਵਧਾਈ- ਕਾਰਡ ਸਮੇਂ ਸਿਰ ਨਿਸ਼ਚਿਤ ਥਾਂ ਤੇ ਪਹੁੰਚਾਉਣ ਲਈ ਪੰਦਰਾਂ- ਸੋਲਾਂ ਦਸੰਬਰ ਤਕ ਲੈਟਰ ਬਾਕਸਾਂ ਵਿਚ ਪਾ ਦਿਓ। ਉਨ੍ਹਾਂ ਦਿਨਾਂ ਵਿਚ ਡਾਕਖਾਨੇ ਰਾਹੀਂ ਹੀ ਪਤਰ ਇਕ ਦੂਜੀ ਥਾਂ ਜਾਂਦੇ ਸਨ ਅਤੇ ਕੋਰੀਅਰ ਕੰਪਨੀਆਂ ਅਜੇ ਹੋਂਦ ਵਿਚ ਨਹੀਂ ਸਨ ਆਈਆਂ। ਇਹ ਗਲਾਂ ਵੀਹਵੀਂ ਸਦੀ ਦੇ ਅਠਵੇਂ-ਨੌਵੇਂ ਦਹਾਕੇ ਤੋਂ ਪਹਿਲਾਂ ਦੀਆਂ ਹਨ।
ਕਈ ਦੁਕਾਨਾਂ ਤਾਂ ਨਿਰੋਲ ਗਰੀਟਿੰਗ ਕਾਰਡਾਂ ਦੀਆਂ ਹੀ ਹੁੰਦੀਆਂ ਸਨ। ਪਟਿਆਲੇ ਵਿਚ ਮੈਨੂੰ ਦੋ ਅਜਿਹੀਆਂ ਦੁਕਾਨਾਂ ਦਾ ਪਤਾ ਹੈ, ਜਿਥੇ ਸਿਰਫ਼ ਵਧਾਈ- ਕਾਰਡ ਵਿਕਦੇ ਸਨ। ਇਨ੍ਹਾਂ ‘ਚੋਂ ਇਕ ਦੁਕਾਨ ਅਦਾਲਤ ਬਾਜ਼ਾਰ ਵਿਚ ਸੀ ਅਤੇ ਦੂਜੀ ਏ.ਸੀ. ਮਾਰਕੀਟ ਵਿਚ। ਇਨ੍ਹਾਂ ਦੁਕਾਨਾਂ ਤੇ ਹਰ ਮੌਸਮ, ਤਿਉਹਾਰ, ਸਮੇਂ, ਮਿਜ਼ਾਜ਼ ਅਤੇ ਖੁਸ਼ੀ- ਗਮੀ ਵਾਲੇ ਕਾਰਡ ਉਪਲਬਧ ਹੁੰਦੇ ਸਨ ਤੇ ਗਾਹਕ ਉਥੋਂ ਆਪਣੀ ਪਸੰਦ ਦੀ ਭਾਵਨਾ ਵਾਲਾ ਕਾਰਡ ਪ੍ਰਾਪਤ ਕਰ ਸਕਦਾ ਸੀ। ਇਹ ਕਾਫੀ ਪੁਰਾਣੀ ਗਲ ਹੈ।ਹੁਣ ਤਾਂ ਮੈਨੂੰ ਵੀ ਪਟਿਆਲਾ ਛਡਿਆਂ ਤਿੰਨ ਦਹਾਕੇ ਹੋਣ ਵਾਲੇ ਹਨ। ਪਤਾ ਨਹੀਂ, ਉਹ ਦੁਕਾਨਾਂ ਅਜੇ ਵੀ ਕਾਰਜਸ਼ੀਲ ਹਨ ਕਿ ਨਹੀਂ। ਖੈਰ…
ਇਨ੍ਹਾਂ ਕਾਰਡਾਂ ਨੂੰ ਤਿਆਰ ਕਰਨ ਵਾਲੀਆਂ ਪਹਿਲਾਂ ਕੁਝ ਗਿਣਤੀ ਦੀਆਂ ਹੀ ਖ਼ਾਸ ਕੰਪਨੀਆਂ ਸਨ, ਜਿਨ੍ਹਾਂ ਵਿਚ ਆਰਕੀਜ਼ ਅਤੇ ਹੈਂਡੀਕ੍ਰਾਫਟਸ ਦੀ ਕਾਫ਼ੀ ਚੜ੍ਹਤ ਰਹੀ। ਪਰ ਫਿਰ ਹੌਲੀ- ਹੌਲੀ ਹੋਰਨਾਂ ਕੰਪਨੀਆਂ ਨੇ ਵੀ ਇਸ ਖੇਤਰ ਵਿਚ ਪੈਰ ਪਸਾਰਨੇ ਸ਼ੁਰੂ ਕੀਤੇ ਅਤੇ ਖੂਬ ਕਮਾਈ ਕੀਤੀ। ਪੰਜਾਬ ਵਿਚ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ, ਲੁਧਿਆਣਾ ਨੇ ਵੀ ਸਿਖ- ਵਿਰਸੇ ਦੀ ਪਛਾਣ, ਪ੍ਰਸਾਰ ਅਤੇ ਉਭਾਰ ਲਈ ਇਨ੍ਹਾਂ ਕਾਰਡਾਂ ਨੂੰ ਆਪਣਾ ਜ਼ਰੀਆ ਬਣਾਇਆ ਤੇ ਉਨ੍ਹਾਂ ਨੇ ਨਵੇਂ ਸਾਲ ਦੇ ਕਾਰਡਾਂ ਦੇ ਨਾਲ-ਨਾਲ ਗੁਰਪੁਰਬ ਨੂੰ ਸ਼ਾਮਿਲ ਕਰਕੇ, ਪੰਜਾਬੀ ਭਾਸ਼ਾ ਵਿਚ ਕਾਰਡ ਛਾਪ ਕੇ ਇਕ ਵਖਰੇ ਜ਼ਾਵੀਏ ਤੋਂ ਨਵੀਨ ਸੰਭਾਵਨਾਵਾਂ ਪੇਸ਼ ਕੀਤੀਆਂ। ਪੰਜਾਬ ਦੀਆਂ ਕੁਝ ਯੂਨੀਵਰਸਿਟੀਆਂ ਨੇ ਵੀ ਆਪੋ- ਆਪਣੀ ਯੂਨੀਵਰਸਿਟੀ ਵਲੋਂ ਕਾਰਡ ਪ੍ਰਕਾਸ਼ਿਤ ਕੀਤੇ। ਜਿਵੇਂ ਪੰਜਾਬੀ ਯੂਨੀਵਰਸਿਟੀ,ਪਟਿਆਲਾ ਨੇ ਗੁਰੂ ਗੋਬਿੰਦ ਸਿੰਘ ਭਵਨ ਦੀ ਫੋਟੋ ਪ੍ਰਕਾਸ਼ਿਤ ਕਰਕੇ ਅੰਦਰਵਾਰ ਅੰਗਰੇਜ਼ੀ ਤੇ ਪੰਜਾਬੀ ਵਿਚ ਨਵੇਂ ਸਾਲ ਦੀਆਂ ਸ਼ੁਭ-ਇਛਾਵਾਂ ਪ੍ਰਕਾਸ਼ਿਤ ਕੀਤੀਆਂ।
ਮੈਂ ਖੁਦ ਕਰੀਬ ਦੋ- ਤਿੰਨ ਦਹਾਕੇ ਆਪਣੇ ਜਾਣਕਾਰਾਂ ਨੂੰ ਨਵੇਂ ਸਾਲ ਦੇ ਵਧਾਈ ਕਾਰਡ ਭੇਜਦਾ ਰਿਹਾ ਹਾਂ। ਪਹਿਲਾਂ- ਪਹਿਲ ਤਾਂ ਕੰਪਨੀਆਂ ਦੇ ਤਿਆਰ ਕੀਤੇ,ਫਿਰ ਆਪੂੰ ਬਣਾਏ ਹੋਏ। ਮੈਨੂੰ ਖੁਦ ਕਾਰਡ ਬਣਾ ਕੇ ਭੇਜਣੇ ਚੰਗਾ ਲਗਦਾ ਸੀ, ਕਿਉਂਕਿ ਇਸ ਰਾਹੀਂ ਮੇਰੀ ਸਿਰਜਣਾਤਮਕਤਾ ਝਲਕਦੀ ਸੀ।ਇਹ ਕਾਰਡ ਮੈਂ ਸਿਰਫ਼ ਨਵੇਂ ਸਾਲ ਤੇ ਹੀ ਨਹੀਂ, ਸਗੋਂ ਹੋਰ ਸ਼ੁਭ ਮੌਕਿਆਂ ਤੇ ਵੀ ਸਨੇਹੀਆਂ ਨੂੰ ਭੇਜਦਾ ਰਿਹਾ ਹਾਂ। ਉਦੋਂ ਡਾਕ- ਪ੍ਰਬੰਧ ਏਨਾ ਵਧੀਆ ਸੀ ਕਿ ਤਿੰਨ- ਚਾਰ ਦਿਨਾਂ ਵਿਚ ਹੀ ਨਿਸ਼ਚਿਤ ਥਾਂ ਤੇ ਕਾਰਡ ਮਿਲ ਜਾਂਦਾ ਸੀ। ਮੇਰੇ ਖੁਦ ਦੇ ਬਣਾਏ ਕਾਰਡਾਂ ਨੂੰ ਮੇਰੇ ਜਾਣੂੰਆਂ ਨੇ ਅਜੇ ਤਕ ਵੀ ਸੰਭਾਲ ਕੇ ਰਖਿਆ ਹੈ ਤੇ ਉਹ ਗਾਹੇ- ਬਗਾਹੇ ਇਸ ਦਾ ਜ਼ਿਕਰ ਮੇਰੇ ਨਾਲ ਕਰਦੇ ਹਨ।ਮੈਨੂੰ ਉਹ ਦਿਨ ਵੀ ਚੇਤੇ ਹਨ, ਜਦੋਂ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ 1974 ਤੋਂ 1977 ਤਕ ਕੈਲੀਗ੍ਰਾਫਿਸਟ ਵਜੋਂ ਸੇਵਾ ਨਿਭਾਈ। ਉਥੇ ਹਰਚੰਦ ਸਿੰਘ ਬੇਦੀ (ਹੁਣ ਸੇਵਾਮੁਕਤ ਪ੍ਰੋਫੈਸਰ) ਯੂਨੀਵਰਸਿਟੀ ਲਾਇਬ੍ਰੇਰੀ ਵਿਚ ਗੈਰ- ਅਧਿਆਪਨ ਕਰਮਚਾਰੀ ਵਜੋਂ ਕਾਰਜਸ਼ੀਲ ਸੀ। ਉਹ ਮੈਥੋਂ ਸੁੰਦਰ ਲਿਖਾਈ ਵਿਚ ਆਪਣੀਆਂ ਬਣਾਈਆਂ ਇਬਾਰਤਾਂ ਲਿਖਵਾਉਂਦਾ ਤੇ ਸਨੇਹੀਆਂ ਨੂੰ ਭੇਜਦਾ। ਉਨ੍ਹਾਂ ਇਬਾਰਤਾਂ ‘ਚੋਂ ਕੁਝ ਅਜੇ ਵੀ ਮੈਨੂੰ ਇਨਬਿਨ ਚੇਤੇ ਹਨ- ਠ… ਖ਼ੁਦਾ ਤੁਹਾਡੇ ਖਾਬਾਂ ਨੂੰ, ਹਕੀਕਤ ਦੇ ਰੰਗਾਂ ਨਾਲ ਲਬਰੇਜ਼ ਕਰੇ, ਤੇ ਤੁਹਾਨੂੰ ਉਹ ਬਲ- ਅਤਾ ਫ਼ਰਮਾਏ, ਕਿ ਤੁਸੀਂ, ਦਿਸਹਦੇ ਤੋਂ ਪਰ੍ਹਾਂ ਵੀ, ਲੋਕਾਈ ਦੀ ਜ਼ਿੰਦਗੀ ਵਿਚ ਖੁਸ਼ਬੋਈਆਂ ਖਿਲੇਰ ਸਕੋ, ਆਮੀਨ।’’
ਇਹ ਵਧਾਈ ਕਾਰਡ ਮੈਂ ਹੀ ਨਹੀਂ ਸਾਂ ਭੇਜਦਾ, ਸਗੋਂ ਵਖ- ਵਖ ਲੋਕਾਂ, ਜਾਣਕਾਰਾਂ, ਰਿਸ਼ਤੇਦਾਰਾਂ, ਸਨੇਹੀਆਂ, ਸੰਸਥਾਵਾਂ, ਅਖ਼ਬਾਰਾਂ ਦੇ ਸੰਪਾਦਕਾਂ ਤੇ ਲੇਖਕਾਂ ਵਲੋਂ ਸਮੇਂ- ਸਮੇਂ ਸਿਰ ਮੈਨੂੰ ਵੀ ਮਿਲਦੇ ਰਹੇ ਹਨ। ਵੀਹਵੀਂ ਸਦੀ ਦੇ ਅੰਤ ਤਕ ਮੈਂ ਕਰੀਬ ਪਚੀ ਕੁ ਕਾਰਡ ਜ਼ਰੂਰ ਭੇਜਦਾ ਰਿਹਾ ਤੇ ਇੰਨੇ ਹੀ ਮੈਨੂੰ ਮਿਲਦੇ ਰਹੇ। ਫਿਰ ਇਕੀਵੀਂ ਸਦੀ ਵਿਚ ਮੈਨੂੰ ਨਹੀਂ ਲਗਦਾ ਕਿ ਮੈਂ ਕੋਈ ਕਾਰਡ ਪੋਸਟ ਕੀਤਾ ਹੋਵੇ ਜਾਂ ਕਿਸੇ ਵਲੋਂ ਮੈਨੂੰ ਆਇਆ ਹੋਵੇ।
ਆਧੁਨਿਕ ਸਮਾਂ ਤਕਨਾਲੋਜੀ ਦਾ ਹੈ ਤੇ ਹੁਣ ਵਧਾਈ- ਕਾਰਡਾਂ ਦੀ ਖਰੀਦੋ- ਫਰੋਖ਼ਤ ਵਿਚ ਕੋਈ ਆਪਣਾ ‘ਕੀਮਤੀ’ (?) ਸਮਾਂ ਨਸ਼ਟ ਨਹੀਂ ਕਰਨਾ ਚਾਹੁੰਦਾ। ਲੈਂਡਲਾਈਨ ਫੋਨ ਆਏ ਤਾਂ ਵਧਾਈ- ਕਾਰਡਾਂ ਦਾ ਰੁਝਾਨ ਕੁਝ ਘਟ ਗਿਆ। ਜਿਵੇਂ ਇਕ ਗੀਤ ਦੇ ਬੋਲ ਹਨ- ਠਤੁਸੀਂ ਚਿਠੀਆਂ ਪਾਉਣੀਆਂ ਭੁਲ ‘ਗੇ, ਜਦੋਂ ਦਾ ਟੈਲੀਫੋਨ ਲਗਿਆ…।ਠ ਪਰ ਇਸ ਮਾਧਿਅਮ ਨੇ ਕਾਰਡਾਂ ਨੂੰ ਕੋਈ ਬਹੁਤੀ ਢਾਹ ਨਹੀਂ ਲਾਈ। ਵਧੇਰਾ ਖੋਰਾ ਉਦੋਂ ਲਗਾ, ਜਦੋਂ ਮੋਬਾਈਲ ਦੀ ਆਮਦ ਹੋਈ। ਲੋਕਾਂ ਨੇ ਐਸ.ਐਮ.ਐਸ. ਨੂੰ ਚੰਗਾ ਸਾਧਨ ਬਣਾਇਆ ਅਤੇ ਇਸ ਰਾਹੀਂ ਖੂਬ ਮਨੋਭਾਵ ਸਾਂਝੇ ਕੀਤੇ, ਪਰ ਅਜੇ ਵੀ ਗਰੀਟਿੰਗ ਕਾਰਡਾਂ ਦਾ ਪ੍ਰਚਲਨ ਜਾਰੀ ਸੀ। ਹਦ ਤਾਂ ਉਦੋਂ ਹੋਈ,ਜਦੋਂ ਸਮਾਰਟਫੋਨ, ਆਈਫੋਨ, ਐਂਡ੍ਰਾਇਡ, ਟੈਬਲਿਟ ਆਦਿ ਮਾਰਕੀਟ ਵਿਚ ਛਾ ਗਏ ਤਾਂ ਲੋਕਾਂ ਦੇ ਕਰੇਜ਼ ਦੀ ਹਥ ਨਾ ਰਹੀ। ਛੋਟੇ ਤੋਂ ਛੋਟੇ ਅਤੇ ਬੇਰੁਜ਼ਗਾਰ ਵਿਅਕਤੀ ਤਕ ਨੇ ਮੋਬਾਈਲ ਨੂੰ ਲਤ ਮਾਰ ਕੇ ਮਹਿੰਗਾ ਸਮਾਰਟਫੋਨ ਖਰੀਦਿਆ ਅਤੇ ਇਸ ਰਾਹੀਂ ਪ੍ਰਸਤੁਤ ਐਪਸ ਦੁਆਰਾ ਜਾਣਕਾਰਾਂ ਨਾਲ ਮਨੋਭਾਵ ਤੇ ਵਿਚਾਰ ਸਾਂਝੇ ਕੀਤੇ।ਇਹ ਵਧਾਈ- ਸੰਦੇਸ਼ ਦੇਣ ਦਾ ਹੀ ਸਾਧਨ ਨਾ ਰਹੇ,ਸਗੋਂ ਹਰ ਤਰਾਂ ਦੀ ਨਿਕੀ- ਮੋਟੀ ਗਲ ਵੀ ਇਨ੍ਹਾਂ ਰਾਹੀਂ ਕੀਤੀ ਜਾ ਰਹੀ ਹੈ।ਬਸ, ਇਹ ਵਧਾਈ- ਕਾਰਡਾਂ ਦੀ ਧੌਣ ਤੇ ਗੋਡਾ ਰਖਣ ਦੇ ਬਰਾਬਰ ਸੀ। ਹੁਣ ਮਾਰਕੀਟ ਵਿਚ,ਮੈਨੂੰ ਨਹੀਂ ਜਾਪਦਾ ਕਿ ਕੋਈ ਕਾਰਡ ਵੇਚਦਾ ਵੀ ਹੋਵੇਗਾ। ਜੇ ਇਕ- ਅਧ ਦੁਕਾਨ ਹੋਵੇ ਵੀ ਤਾਂ ਉਸ ਦਾ ਖਰੀਦਾਰ ਕੌਣ ਹੋਵੇਗਾ!
ਆਧੁਨਿਕ ਤਕਨਾਲੋਜੀ ਵਿਚ ਆਈਆਂ ਇਨ੍ਹਾਂ ਯੁਗਾਨੁਕੂਲ ਸਹੂਲਤਾਂ ਨੇ ਉਪਭੋਗਤਾ ਨੂੰ ਵਟਸਐਪ, ਫੇਸਬੁਕ, ਮੈਸੰਜਰ, ਹਾਈਕ ਮੈਸੰਜਰ, ਇਮੋ ਆਦਿ ਨਵੀਨਤਮ ਤੇ ਯੁਗ- ਪਲਟਾਊ ਤਕਨੀਕਾਂ ਦੇ ਰੂਬਰੂ ਕੀਤਾ ਹੈ ਅਤੇ ਅਜ ਦੇ ਪ੍ਰਤੀਯੋਗਤਾ ਦੇ ਦੌਰ ਵਿਚ ਕੌਣ ਪਿਛੇ ਰਹਿਣਾ ਚਾਹੁੰਦਾ ਹੈ? ਹਰ ਬੰਦਾ, ਬਚੇ ਤੋਂ ਬੁਢੇ ਤਕ,ਗਭਰੂ ਤੋਂ ਮੁਟਿਆਰ ਤਕ, ਜਵਾਨ ਤੋਂ ਜ਼ਨਾਨੀ ਤਕ, ਹੁਣ ਇਨ੍ਹਾਂ ਤਕਨੀਕਾਂ ਤੋਂ ਜਾਣੂ ਹੈ ਅਤੇ ਨਵੇਂ ਸਾਲ ਜਾਂ ਹੋਰ ਮੌਕਿਆਂ ਲਈ ਕਾਰਡਾਂ ਦੀ ਥਾਂ ਤੇ ਇਨ੍ਹਾਂ ਹੀ ਵਿਧੀਆਂ ਨੂੰ ਵਰਤਣ ਵਿਚ ਸੌਖ ਮਹਿਸੂਸ ਕਰਦਾ ਹੈ। ਕਿਉਂ ਜੋ ਅਸੀਂ ਘਰੇ ਬੈਠੇ- ਬਿਠਾਏ ਆਪਣੇ ਜਾਣਕਾਰ ਨਾਲ ਸਕਿੰਟਾਂ ਦੇ ਸਮੇਂ ਵਿਚ ਆਪਣੀ ਭਾਵਨਾ ਪਹੁੰਚਾ ਸਕਦੇ ਹਾਂ। ਨਾ ਕਾਰਡ ਖਰੀਦਣ,ਨਾ ਐਡਰੈਸ ਲਿਖਣ,ਨਾ ਪੋਸਟ ਕਰਨ ਤੇ ਨਾ ਹੀ ਭੇਜਣ ਵਾਲੇ ਤਕ ਪਹੁੰਚਣ ਲਈ ਉਡੀਕਣ ਦਾ ਸਮਾਂ ਇਸ ਵਿਚ ਖਰਚ ਹੁੰਦਾ ਹੈ। ਬਸ, ਇਥੋਂ ਤੁਸੀਂ ਸੰਪਰਕ ਕੀਤਾ, ਉਧਰੋਂ ਦੂਜੇ ਨੇ ਤੁਹਾਡੀ ਗਲ ਵੇਖੀ/ ਸੁਣੀ ਤੇ ਤੁਰੰਤ ਉਹਦਾ ਜੁਆਬ ਵੀ ਤੁਹਾਨੂੰ ਭੇਜ ਦਿਤਾ।ਇਸ ਪ੍ਰਕਾਰ ਨਵਾਂ ਸਾਲ ਹੁਣ ਵਧਾਈ- ਕਾਰਡਾਂ ਦੇ ਘੇਰੇ ਵਿਚੋਂ ਨਿਕਲ ਕੇ ਬਹੁਤ ਅਗੇਰੇ ਲੰਘ ਚੁਕਾ ਹੈ। ਭਾਵੇਂ ਵਧਾਈ- ਕਾਰਡਾਂ ਰਾਹੀਂ ਸਾਡੀ ਸਮੁਚੀ ਸ਼ਖਸੀਅਤ ਨਜ਼ਰ ਆਉਂਦੀ ਸੀ ਪਰ ਸਮੇਂ ਦੇ ਬਦਲਣ ਨਾਲ ਤਬਦੀਲੀ ਵੀ ਸੰਭਵ ਹੈ, ਜੋ ਐਪਸ ਦੇ ਜ਼ਰੀਏ ਪ੍ਰਗਟ ਹੋ ਰਹੀ ਹੈ।

Send this to a friend