ਸਿੱਖਾਂ ਦੀ ਰਿਹਾਈ ਅਤੇ ਸ੍ਰੀ ਅਖੰਡ ਪਾਠ ਸਾਹਿਬ ਪਛਤਾਵੇ ਦੇ ਰੂਪ ਵਿੱਚ ਕਰਵਾਉਣ ਦੀ ਹਾਲਤ ਵਿੱਚ ਹੀ ਹਟੇਗਾ ਧਰਨਾ
ਨਵੀਂ ਦਿੱਲੀ, 3 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਤਿਲਕ ਵਿਹਾਰ ਕਾਲੋਨੀ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਨੂੰ ਬੀਤੀ ਰਾਤ ਦਿੱਲੀ ਪੁਲਿਸ ਵੱਲੋਂ ਜਬਰਦਸਤੀ ਪੁਲਿਸ ਫੋਰਸ ਦੇ ਸਹਾਰੇ ਰੁਕਵਾਉਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਾਲ ਲੈ ਕੇ ਜਾਣ ’ਤੇ ਸਖ਼ਤ ਵਿਰੋਧ ਪ੍ਰਗਟ ਕਰਦੇ ਹੋਏ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਨੇ ਇਸ ਮਸਲੇ ਨੂੰ ਆਤਮ ਸਨਮਾਨ ਦਾ ਸਵਾਲ ਦੱਸਦੇ ਹੋਏ ਗ੍ਰਿਫ਼ਤਾਰ ਕੀਤੇ ਗਏ ਆਗੂਆਂ ਦੀ ਫੌਰੀ ਰਿਹਾਈ ਅਤੇ ਪਛਤਾਵੇ ਦੇ ਰੂਪ ਵਿੱਚ ਦੁਬਾਰਾ ਸ੍ਰੀ ਅਖੰਡ ਸਾਹਿਬ ਉਸੇ ਸਥਾਨ ’ਤੇ ਰੱਖਣ ਦੀ ਮੰਗ ਪੂਰੀ ਨਾ ਹੋਣ ਤੱਕ ਤਿਲਕ ਨਗਰ ਥਾਣੇ ਦੇ ਬਾਹਰ ਅਣਮਿੱਥੇ ਸਮੇਂ ਦਾ ਧਰਨਾ
ਦੇਣ ਦਾ ਐਲਾਨ ਕਰ ਦਿੱਤਾ ਹੈ। ਤਿਲਕ ਵਿਹਾਰ ਜੋ ਕਿ1984 ਦੀਆਂ ਪੀੜਤ ਵਿਧਵਾਵਾਂ ਦੀ ਕਾਲੋਨੀ ਦੇ ਤੌਰ ’ਤੇ ਜਾਣਿਆ ਜਾਂਦਾ ਹੈ ਅਤੇ ਇੱਥੋਂ ਦੇ ਸਮਾਜ ਕਲਿਆਣ ਵਿਭਾਗ ਦੇ ਪਾਰਕਨੁਮਾ ਖੰਡਰ ਪਲਾਟ ਉੱਪਰ ਦਿੱਲੀ ਕਮੇਟੀ ਵੱਲੋਂ ਨਸ਼ਾ ਮੁਕਤੀ ਕੇਂਦਰ, ਸਿਲਾਈ ਕੇਂਦਰ, ਡਿਸਪੈਂਸਰੀ ਅਤੇ ਬਿਰਧ ਆਸ਼ਰਮ ਪੀੜਤ ਪਰਿਵਾਰਾਂ ਦੇ ਸਮਾਜਿਕ ਕਲਿਆਣ ਦੇ ਲਈ ਖੋਲ੍ਹਣ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਅਰੰਬ ਕਰਨ ਦੇ ਨਾਲ ਹੀ ਸਰਕਾਰੀ ਦਫ਼ਤਰਾਂ ਤੋਂ ਜ਼ਮੀਨ ਪ੍ਰਾਪਤ ਕਰਨ ਦੇ ਲਈ ਕਾਨੂੰਨੀ ਕਾਰਵਾਈ ਵੀ ਅਰੰਭ ਕਰ ਦਿੱਤੀ ਸੀ।
ਇਸ ਲੜੀ ਵਿੱਚ ਚੱਲ ਰਹੇ ਦੂਸਰੇ ਸ੍ਰੀ ਅਖੰਡ ਪਾਠ ਸਾਹਿਬ ਨੂੰ ਦਿੱਲੀ ਪੁਲਿਸ ਵੱਲੋਂ ਰੁਕਵਾਏ ਜਾਣ ਨੂੰ ਸ਼ਰਮਨਾਕ ਕਰਾਰ ਦਿੱਤੇ ਜਾਣ ਦੇ ਨਾਲ ਹੀ ਸ. ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਜੇਕਰ ਅਸੀਂ 1984 ਦੇ ਪੀੜਤ ਪਰਿਵਾਰਾਂ ਦੀ ਭਲਾਈ ਅਤੇ ਮੁੜ ਵਸੇਬੇ ਦੇ ਲਈ ਕੋਈ ਸਾਕਾਰਆਤਮਿਕ ਪਹਿਲ ਕਰ ਰਹੇ ਹਾਂ ਤਾਂ ਦਿੱਲੀ ਪੁਲਿਸ ਨੂੰ ਉਸ ਵਿੱਚ ਲੱਤ ਫਸਾਉਣ ਦੀ ਕੀ ਜ਼ਰੂਰਤ ਸੀ? ਦਿੱਲੀ ਪੁਲਿਸ ਨੂੰ ਜੰਮ ਕੇ ਕੋਸਦੇ ਹੋਏ ਉਨ੍ਹਾਂ ਨੇ ਕਿਹਾ ਕਿ 1984 ਵਿੱਚ ਕਾਂਗਰਸ ਦੀ ਪਿੱਠ ਪਿੱਛੇ ਖੜੇ ਹੋ ਕੇ ਦਿੱਲੀ ਪੁਲਿਸ ਨੇ ਸਿੱਖ ਮਰਵਾਏ ਸਨ ਅਤੇ ਅੱਜ ਫੇਰ 30 ਸਾਲ ਦੇ ਬਾਅਦ ਕਾਂਗਰਸ ਦੀ ਸ਼ਹਿ ’ਤੇ ਸਿੱਖਾਂ ਦੇ ਸਮਾਜਿਕ ਹੱਕਾਂ ਉੱਪਰ ਡਾਕਾ ਮਾਰਿਆ ਜਾ ਰਿਹਾ ਹੈ। ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦਿੱਲੀ ਕਮੇਟੀ ਦੇ ਸਥਾਨਿਕ ਮੈਂਬਰ ਚਮਨ ਸਿੰਘ ਸਾਹਿਬਪੁਰਾ, ਸਥਾਨਿਕ ਨਿਵਾਸੀ ਜਗਦੀਸ਼ ਸਿੰਘ, ਪਾਠੀ ਭਾਈ ਬਹਾਦੁਰ ਸਿੰਘ ਅਤੇ ਬੀਬੀ ਛਬਨੀ ਕੌਰ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕਰਦੇ ਹੋਏ ਸ. ਜੀ.ਕੇ. ਨੇ ਦਾਅਵਾ ਕੀਤਾ ਕਿ ਕੱਲ੍ਹ ਉਨ੍ਹਾਂ ਦੀ ਦਿਨ ਸਮੇਂ ਡੀ.ਸੀ.ਪੀ. ਵੈਸਟ ਦੇ ਨਾਲ ਗੱਲ ਹੋਈ ਸੀ ਜਿਸ ਵਿੱਚ ਉਨ੍ਹਾਂ ਨੇ ਇਸ ਪਲਾਟ ਦੇ ਸਿਲਸਿਲੇ ਵਿੱਚ ਲੈਫਟੀਨੈਂਟ ਗਵਰਨਰ ਨਾਲ ਮਿਲਣ ਦੇ ਲਈ ਸਮਾਂ ਮੰਗਣ ਦਾ ਜ਼ਿਕਰ ਕੀਤਾ ਸੀ ਪਰ ਦਿੱਲੀ ਪੁਲਿਸ ਨੇ ਬੇਭਰੋਸਗੀ ਦਾ ਇਜ਼ਹਾਰ ਕਰਦੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਨੂੰ ਖੰਡਿਤ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਆਪਣੇ ਹਿਰਾਸਤ ਵਿੱਚ ਲਏ ਜਾਣ ਤੋਂ ਵੀ ਸੰਕੋਚ ਨਹੀਂ ਕੀਤਾ। ਦਿੱਲੀ ਪੁਲਿਸ ਨੂੰ ਗੋਲੀ, ਅੱਥਰੂ ਗੈਸ, ਅਤੇ ਲਾਠੀਚਾਰਜ ਕਰਨ ਦੀ ਚੁਣੌਤੀ ਦਿੰਦੇ ਹੋਏ ਜੀ.ਕੇ. ਨੇ ਜੈਕਾਰਿਆਂ ਦੀ ਗੂੰਜ ਵਿੱਚ ਮੰਗਾਂ ਨਾ ਮੰਨਣ ਤੱਕ ਨਜ਼ਫਗੜ੍ਹ ਰੋਡ ਤੋਂ ਹਟਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਨਜ਼ਫਗੜ੍ਹ ਰੋਡ ’ਤੇ ਤਿਲਕ ਨਗਰ ਤੋਂ ਰਾਜਾ ਗਾਰਡਨ ਤੱਕ ਆਵਾਜਾਈ ਵਿੱਚ ਵਿਘਨ ਪਿਆ। ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪੁਲਿਸ ਦੀ ਇਸ ਕਾਰਵਾਈ ਨੂੰ ਘਿਨੌਣੀ ਹਰਕਤ ਕਰਾਰ ਦਿੰਦੇ ਹੋਏ ਦਿੱਲੀ ਪੁਲਿਸ ਨੂੰ ਪਹਿਲਾਂ ਵਿਧਾਇਕਾਂ ਦੇ ਕਬਜ਼ੇ ’ਚੋਂ ਸਰਕਾਰੀ ਜ਼ਮੀਨਾਂ ਛੁਡਾਉਣ ਦੀ ਸਲਾਹ ਵੀ ਦਿੱਤੀ।