June 13, 2026 8:54 am

‘ਤਿੰਨ ਤਲਾਕ’ ਬਿਲ ਲੋਕ ਸਭਾ ’ਚ ਪਾਸ

ਕਾਂਗਰਸ ਵੱਲੋਂ ਸਦਨ ਤੋਂ ਵਾਕਆਊਟ

ਨਵੀਂ ਦਿਲੀ, 27 ਦਸੰਬਰ- ‘ਤਿੰਨ ਤਲਾਕ ਬਿਲ’ ਅਜ ਲੋਕ ਸਭਾ ’ਚ ਪਾਸ ਹੋ ਗਿਆ। ਵੋਟਿੰਗ ਦੌਰਾਨ ਇਸ ਦੇ ਹਕ ’ਚ 245 ਅਤੇ ਵਿਰੋਧ ’ਚ ਸਿਰਫ਼ 11 ਵੋਟਾਂ ਪਈਆਂ। ਏ. ਆਈ. ਐਮ. ਆਈ. ਐਮ. ਦੇ ਮੁਖੀ ਅਸਦ-ਉਦ-ਦੀਨ ਓਵੈਸੀ ਵਲੋਂ ਪੇਸ਼ ਕੀਤੇ ਗਏ ਸਾਰੇ ਸੋਧ ਪ੍ਰਸਤਾਵ ਰਦ ਹੋ ਗਏ। ਵੋਟਿੰਗ ਦੌਰਾਨ ਕਾਂਗਰਸ ਤੇ ਏ.ਆਈ.ਏ.ਡੀ.ਐਮ. ਨੇ ਲੋਕ ਸਭਾ ’ਚੋਂ ਵਾਕਆਊਟ ਕਰ ਦਿਤਾ। ਬਹਿਸ ਦੌਰਾਨ ਕਾਂਗਰਸ, ਟੀ.ਐਮ.ਸੀ. ਸਮੇਤ ਕਈ ਵਿਰੋਧੀ ਪਾਰਟੀਆਂ ਇਸ ਬਿਲ ਨੂੰ ਸਾਂਝੀ ਚੋਣ ਕਮੇਟੀ ਕੋਲ ਭੇਜਣ ਦੀ ਮੰਗ ’ਤੇ ਅੜੇ ਰਹੇ। ਲੋਕ ਸਭਾ ’ਚ ਤਿੰਨ ਤਲਾਕ ਬਿਲ ਨੂੰ ਪਾਸ ਕਰਵਾਉਣ ਲਈ ਭਾਜਪਾ ਨੇ ਪਹਿਲਾਂ ਹੀ ਆਪਣੇ ਸੰਸਦ ਮੈਂਬਰਾਂ ਨੂੰ ਵ੍ਹਿਪ ਜਾਰੀ ਕਰ ਕੇ ਸਦਨ ’ਚ ਮੌਜੂਦ ਰਹਿਣ ਲਈ ਆਖਿਆ ਸੀ। ਬਹਿਸ ਦੌਰਾਨ ਲੋਕ ਸਭਾ ’ਚ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਔਰਤਾਂ ਦੇ ਨਾਂਅ ’ਤੇ ਲਿਆਂਦਾ ਗਿਆ ਇਹ ਬਿਲ ਸਮਾਜ ਨੂੰ ਜੋੜਨ ਦਾ ਨਹੀਂ, ਸਗੋਂ ਸਮਾਜ ਨੂੰ ਤੋੜਨ ਦਾ ਬਿਲ ਹੈ। ਉਨ੍ਹਾਂ ਕਿਹਾ ਕਿ ਇਹ ਸਮਾਨਤਾ ਦੇ ਅਧਿਕਾਰ ਤੇ ਇਸਲਾਮ ਦੇ ਵਿਰੁਧ ਹੈ।
ਉਨ੍ਹਾਂ ਨੇ ਕਿਹਾ ਕਿ ਧਰਮ ਦੇ ਨਾਂਅ ’ਤੇ ਇਹ ਬਿਲ ਭੇਦਭਾਵ ਕਰਦਾ ਹੈ ਤੇ ਧਾਰਮਿਕ ਆਜ਼ਾਦੀ ਦੇ ਵਿਰੁਧ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਦੇ ਮੂਲ ਆਧਾਰ ਵਿਰੁਧ ਸਰਕਾਰ ਕੋਈ ਵੀ ਕਾਨੂੰਨ ਨਹੀਂ ਬਣਾ ਸਕਦੀ। ਇਸ ਤੋਂ ਪਹਿਲਾਂ ਰਵੀਸ਼ੰਕਰ ਪ੍ਰਸਾਦ ਨੇ ਲੋਕ ਸਭਾ ’ਚ ‘ਤਿੰਨ ਤਲਾਕ’ ਬਿਲ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ 20 ਇਸਲਾਮਿਕ ਦੇਸ਼ਾਂ ਨੇ ਤਿੰਨ ਤਲਾਕ ਨੂੰ ਬੈਨ ਕਰ ਦਿਤਾ ਪਰ ਅਸੀਂ ਭਾਰਤ ’ਚ ਕਿਉਂ ਨਹੀਂ ਕੀਤਾ।

Send this to a friend