ਨਵੀਂ ਦਿੱਲੀ, 27 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ’ਚ ਖ਼ਾਲਿਸਤਾਨੀ ਲਹਿਰ ਨੂੰ ਪੁਨਰ-ਸੁਰਜੀਤ ਕਰਨ ਦੇ ਯਤਨਾਂ ਨਾਲ ਜੁੜੀਆਂ ਕੁਝ ਸਰਗਰਮੀਆਂ ਨੂੰ ਧਿਆਨ ’ਚ ਰਖਦਿਆਂ ਕੇਂਦਰੀ ਗ੍ਰਹਿ ਮੰਤਰਾਲੇ ਨੇ ‘ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ’ (ਕੇ.ਐਲ.ਐਫ਼.) ’ਤੇ ਪਾਬੰਦੀ ਲਾ ਦਿਤੀ ਹੈ। ਬੁਧਵਾਰ ਨੂੰ ਇਸ ਸਬੰਧੀ ਭਾਰਤ ਸਰਕਾਰ ਵਲੋਂ ਜਾਰੀ ਨੋਟੀਫ਼ਿਕੇਸ਼ਨ ਵਿਚ ਕਿਹਾ ਗਿਆ ਹੈ ਕਿ – ‘ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ‘ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ’ ਨਾਂਅ ਦੀ ਜਥੇਬੰਦੀ ਦਹਿਸ਼ਤਗਰਦੀ ’ਚ ਸ਼ਾਮਿਲ ਹੈ ਤੇ ਉਹ ਭਾਰਤ ਵਿਚ ਦਹਿਸ਼ਤਗਰਦੀ ਨਾਲ ਸਬੰਧਤ ਗਤੀਵਿਧੀਆਂ ’ਚ ਸਰਗਰਮ ਰਹੀ ਹੈ। ਇਸ ਤੋਂ ਪਹਿਲਾਂ ‘ਰਾਸ਼ਟਰੀ ਜਾਂਚ ਏਜੰਸੀ’ (ਐਨ.ਆਈ.ਏ.- ਨੇਸ਼ਨਲ ਇਨਵੈਸਟੀਗੇਸ਼ਨ ਏਜੰਸੀ) ਨੇ ਕੇਂਦਰ ਸਰਕਾਰ ਨੂੰ ਸਿਫ਼ਾਰਸ਼ ਕੀਤੀ ਸੀ ਕਿ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਨਾਂਅ ਦੀ ਜਥੇਬੰਦੀ ’ਤੇ ਪਾਬੰਦੀ ਲਾਈ ਜਾਵੇ, ‘‘ਜੋ ਪੰਜਾਬ ’ਚ ਇਕ ਖ਼ਾਸ ਫਿਰਕੇ ਦੇ ਲੋਕਾਂ ਦੇ ਕਤਲ ਕਰਨ ਵਿਚ ਸ਼ਾਮਿਲ ਰਹੀ ਹੈ।