ਸ਼ਾਹਕੋਟ, 26 ਦਸੰਬਰ (ਸੁਰਿੰਦਰ ਸਿੰਘ ਖਾਲਸਾ)- ਮਲਸੀਆਂ ਚੌਂਕੀ ਦੀ ਪੁਲਿਸ ਵੱਲੋਂ ਮੋਟਰਸਾਈਕਲ ਚੋਰ ਨੂੰ ਕਾਬੂ ਕੀਤਾ ਹੈ। ਮਲਸੀਆਂ ਪੁਲਿਸ ਚੌਂਕੀ ਦੇ ਇੰਚਾਰਜ ਏ.ਐਸ.ਆਈ. ਸੰਜੀਵਨ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਪੁਲਿਸ ਵਲੋਂ ਪਿੰਡ ਮਾਲੂਪੁਰ (ਸ਼ਾਹਕੋਟ) ਵਿਖੇ ਵਾਈ ਪੁਆਇੰਟ ’ਤੇ ਨਾਕਾਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਪੁਲਿਸ ਨੂੰ ਗੁਪਤਾ ਸੂਚਨਾ ਮਿਲੀ ਕਿ ਇਕ ਨੌਜਵਾਨ ਮੋਟਰਸਾਈਕਲ ਚੋਰੀ ਕਰਕੇ ਵੇਚਦਾ ਹੈ, ਜਿਸਨੂੰ ਹੁਣੇ ਹੀ ਕਾਬੂ ਕੀਤਾ ਜਾ ਸਕਦਾ ਹੈ। ਪੁਲਿਸ ਨੇ ਉਸੇ ਵੇਲੇ ਕਰਵਾਈ ਕਰਦਿਆਂ ਉਥੋਂ ਮੋਟਰਸਾਈਕਲ ’ਤੇ ਜਾ ਰਹੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਸ਼ਕ ਦੇ ਅਧਾਰ ’ਤੇ ਰੋਕ ਕੇ ਉਸਦੇ ਮੋਟਰਸਾਈਕਲ ਦੇ ਕਾਗਜ਼ਾਂ ਪਤਰਾਂ ਦੀ ਜਾਂਚ ਕੀਤੀ ਤਾਂ ਉਹ ਕੋਈ ਕਾਗਜ਼ ਨਾ ਦਿਖਾ ਸਕਿਆ। ਉਸ ਤੋਂ ਪੁਛਗਿਛ ਦੌਰਾਨ ਉਸਨੇ ਮੰਨਿਆ ਕਿ ਉਹ ਮੋਟਰਸਾਈਕਲ ਚੋਰੀ ਦਾ ਹੈ। ਪੁਲਿਸ ਵਲੋਂ ਉਸਨੂੰ ਮੋਟਰਸਾਈਕਲ ਸਮੇਤ ਮੌਕੇ ’ਤੇ ਹੀ ਕਾਬੂ ਕਰਕੇ ਡੂੰਘਾਈ ਨਾਲ ਜਾਂਚ ਕੀਤੀ ਤਾਂ ਉਸਦੇ ਘਰੋਂ 1 ਪਲੈਟੀਨਾ ਮੋਟਰਸਾਈਕਲ, 1 ਫਰੇਮ ਹੀਰੋ ਹਾਂਡਾ ਮੋਟਰਸਾਈਕਲ, 1 ਡਿਸਕਵਰ ਮੋਟਰਸਾਈਕਲ ਦਾ ਫਰੇਮ ਅਤੇ 1 ਮੋਟਰਸਾਈਕਲ ਦਾ ਇੰਜਣ ਬਰਾਮਦ ਕੀਤੇ ਗਏ ਹਨ, ਜੋ ਕਿ ਵਖ-ਵਖ ਥਾਵਾਂ ਤੋਂ ਇਸਨੇ ਚੋਰੀ ਕੀਤੇ ਸਨ, ਜਿੰਨ੍ਹਾਂ ਨੂੰ ਹੌਲੀ-ਹੌਲੀ ਵਖ-ਵਖ ਜਗ੍ਹਾ ਵੇਚਦਾ ਸੀ। ਉਨ੍ਹਾਂ ਦਸਿਆ ਕਿ ਪੁਲਿਸ ਵਲੋਂ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰਕੇ ਉਸਨੂੰ ਅਦਾਲਤ ਵਿਚ ਪੇਸ਼ ਕਰਨ ਉਪਰੰਤ ਜੇਲ੍ਹ ਭੇਜ ਦਿਤਾ ਗਿਆ ਹੈ।