ਵਾਸ਼ਿੰਗਟਨ, 21 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਅਮਰੀਕੀ ਰਖਿਆ ਸਕੱਤਰ ਜੇਮਸ ਮੈਟਿਸ ਨੇ ਅਸਤੀਫ਼ਾ ਦੇ ਦਿਤਾ ਹੈ। ਉਹ ਫਰਵਰੀ 2019 ਤਕ ਅਹੁਦੇ ਤੋਂ ਹਟ ਜਾਣਗੇ। ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲਿਖੀ ਚਿਠੀ ’ਚ ਮੈਟਿਸ ਨੇ ਕਿਹਾ ਕਿ ਕਿਉਂਕਿ ਤੁਹਾਡੇ ਕੋਲ (ਟਰੰਪ) ਇਕ ਅਜਿਹੇ ਰਖਿਆ ਸਕਤਰ ਨੂੰ ਰਖਣ ਦੇ ਸਾਰੇ ਅਧਿਕਾਰ ਹਨ, ਜਿਸ ਦੇ ਵਿਚਾਰ ਤੁਹਾਡੇ ਨਾਲ ਵਧੇਰੇ ਮੇਲ ਖਾਂਦੇ ਹੋਣ। ਉਨ੍ਹਾਂ ਕਿਹਾ ਕਿ ਇਸ ਕਾਰਨ ਉਨ੍ਹਾਂ (ਮੈਟਿਸ) ਦਾ ਇਹ ਮੰਨਣਾ ਹੈ ਕਿ ਉਨ੍ਹਾਂ ਨੂੰ ਇਹ ਅਹੁਦਾ ਛਡ ਦੇਣਾ ਚਾਹੀਦਾ ਹੈ। ਡੋਨਾਲਡ ਟਰੰਪ ਨੇ ਵੀ ਟਵੀਟ ਕਰਕੇ ਇਸ ਗਲ ਦੀ ਪੁਸ਼ਟੀ ਕੀਤੀ ਹੈ। ਦਸਿਆ ਜਾ ਰਿਹਾ ਹੈ ਕਿ ਮੈਟਿਸ ਨੇ ਇਹ ਕਦਮ ਰਾਸ਼ਟਰਪਤੀ ਟਰੰਪ ਵਲੋਂ ਸੀਰੀਆ ’ਚੋਂ ਅਮਰੀਕੀ ਫੌਜ ਨੂੰ ਵਾਪਸ ਬੁਲਾਉਣ ਦੇ ਫ਼ੈਸਲੇ ਤੋਂ ਬਾਅਦ ਚੁਕਿਆ ਹੈ। ਅਸਲ ’ਚ ਇਕ ਦਿਨ ਪਹਿਲਾਂ ਹੀ ਟਰੰਪ ਨੇ ਸੀਰੀਆ ’ਚ ਆਈ. ਐਸ. ਆਈ. ਐਸ. ’ਤੇ ਜਿਤ ਦਾ ਦਾਅਵਾ ਕਰਦਿਆਂ ਉਥੇ ਮੌਜੂਦ ਆਪਣੇ 2000 ਫੌਜੀਆਂ ਨੂੰ ਵਾਪਸ ਬੁਲਾਉਣ ਦਾ ਹੁਕਮ ਦਿਤਾ ਸੀ। ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਮੈਟਿਸ ਨੇ ਇਸ ਫ਼ੈਸਲੇ ਤੋਂ ਨਾਰਾਜ਼ ਹੋ ਕੇ ਆਪਣਾ ਅਸਤੀਫ਼ਾ ਦਿਤਾ ਹੈ।