ਚੰਡੀਗੜ੍ਹ, 21 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਉਨ੍ਹਾਂ ਟਿਪਣੀਆਂ ਨੂੰ ‘ਸਿਆਸੀ ਪ੍ਰਪੰਚ’ ਕਰਾਰ ਦਿਤਾ, ਜਿਸ ਵਿਚ ਉਨ੍ਹਾਂ ਪੰਜਾਬ ਤੇ ਹੋਰਨਾਂ ਸੂਬਿਆਂ ’ਚ ਕਾਂਗਰਸ ਵਲੋਂ ਕਿਸਾਨਾਂ ਦੀਆਂ ਕਰਜ਼ਾ-ਮਾਫ਼ੀਆਂ ’ਤੇ ਵਿਅੰਗ ਕੀਤਾ ਸੀ। ਮੁਖ ਮੰਤਰੀ ਨੇ ਕਿਹਾ, ‘ਇਹ ਸਿਆਸੀ ਪ੍ਰਪੰਚ ਬੰਦ ਕਰੋ, ਇਸ ਨਾਲ ਤੁਹਾਨੂੰ ਕੋਈ ਫ਼ਾਇਦਾ ਨਹੀਂ ਹੋਣਾ। ਸਿਆਸੀ ਦ੍ਰਿਸ਼ ’ਚ ਆ ਕੇ ਗੰਭੀਰ ਤਰੀਕੇ ਮੁਕਾਬਲੇ ’ਚ ਡਟਣਾ ਹੈ, ਤਾਂ ਅਜਿਹੀਆਂ ਗਲਾਂ ਨੇ ਤੁਸੀਂ ਲੋਕਾਂ ਨੂੰ ਕੋਈ ਲਾਹਾ ਨਹੀਂ ਪਹੁੰਚਾਉਣਾ।’ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਕਿਸਾਨਾਂ ਦੀਆਂ ਭਾਵਨਾਵਾਂ ਦਾ ਸ਼ੋਸ਼ਣ ਕਰ ਰਹੇ ਹਨ।