ਬਾਬਾ ਲੱਖਾ ਸਿੰਘ ਵੱਲੋਂ ਸਿੰਘ ਸਾਹਿਬ ਗਿ:ਰਘਬੀਰ ਸਿੰਘ ਨਾਲ ਮੀਟਿੰਗ
ਸ੍ਰੀ ਅਨੰਦਪੁਰ ਸਾਹਿਬ, 20 ਦਸੰਬਰ (ਦਵਿੰਦਰਪਾਲ ਸਿੰਘ, ਅੰਕੁਸ਼)- ਸਾਹਿਬ-ਏ-ਕਮਾਲ ਦਸਮੇਸ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਕਿਲਾ ਅਨੰਦਗੜ ਸਾਹਿਬ ਨੂੰ ਛੱਡਣ ਦੇ ਇਤਿਹਾਸਕ ਤੇ ਵੈਰਾਗਮਈ 6 ਅਤੇ 7 ਪੋਹ ਦੀ ਰਾਤ 21 ਅਤੇ 22 ਦਸੰਬਰ ਨੂੰ ਕਿਲਾ ਛੋੜ ਦਿਵਸ ਨੂੰ ਸਮਰਪਿਤ 24ਵਾਂ ਅਲੋਕਿਕ ਦਸਮੇਸ ਪੈਦਲ ਮਾਰਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਦੁਆਰਾ ਕਿਲਾ ਅਨੰਦਗੜ ਸਾਹਿਬ ਦੇ ਕਾਰ ਸੇਵਾ ਮੁਖੀ ਸੰਤ ਬਾਬਾ ਲਾਭ ਸਿੰਘ ਜੀ ਦੇ ਸਹਿਯੋਗ ਨਾਲ ਕੱਢਿਆ ਜਾਵੇਗਾ। ਜਿਸ ਦੇ ਪ੍ਰਬੰਧਾ ਮੁਕੰਮਲ ਕਰ ਲਏ ਗਏ ਹਨ। ਇਸ ਮਾਰਚ ਨੂੰ ਲੈ ਕੇ ਗੁਰਦੁਆਰਾ ਮਹਿਦੇਆਣਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਲੱਖਾ ਨੇ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਪਹੁੰਚ ਕੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਮੀਟਿੰਗ ਕੀਤੀ। ਬਾਬਾ ਲੱਖਾ ਨੇ ਦੱਸਿਆ ਕਿ ਇਹ ਸਮਾਗਮ ਸੱਚਖੰਡ ਵਾਸੀ ਬਾਬਾ ਜੋਰਾ ਸਿੰਘ ਲੱਖਾ ਦੇ ਮਹਾਨ ਉਪਰਾਲਿਆ ਸਦਕਾ ਸੁਰੂ ਕੀਤਾ ਗਿਆ ਸੀ ਜਿਸ ਲਈ ਹਾਥੀ, ਘੋੜੇ ਤੇ ਹੋਰ ਸਮਾਨ ਗੁਰਦੁਆਰਾ ਕਿਲਾ ਅਨੰਦਗੜ ਸਾਹਿਬ ਵਿਖੇ ਪਹੁੰਚ ਚੁੱਕੇ ਹਨ। ਜਿਸ ਵਿਚ 21 ਅਤੇ 22 ਦਸੰਬਰ ਦੀ ਰਾਤ ਨੂੰ ਕਿਲਾ ਅਨੰਦਗੜ ਸਾਹਿਬ ਵਿਖੇ ਰਾਤ ਦੇ ਦੀਵਾਨ ਸਜਾਏ ਜਾਣਗੇ ਉਸ ਤੋ ਬਾਅਦ ਤੜਕਸਾਰ ਕਿਲਾ ਸ੍ਰੀ ਅਨੰਦਗੜ ਸਾਹਿਬ ਨੂੰ ਛੱਡਣ ਨੂੰ ਦਰਸਾਉਦਾ ਇਹ ਮਾਰਚ ਤਖਤ ਸ੍ਰੀ ਕੇਸਗੜ ਸਾਹਿਬ ਤੋ ਹੁੰਦਾ ਹੋਇਆ ਆਪਣੇ ਅਗਲੇ ਪੜਾਅ ਲਈ ਰਵਾਨਾ ਹੋ ਜਾਵੇਗਾ। ਉਨਾ ਦੱਸਿਆ ਕਿ ਇਹ ਮਾਰਚ 22 ਦਸੰਬਰ ਨੂੰ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ, 23 ਦਸੰਬਰ ਨੂੰ ਗੁਰਦੁਆਰਾ ਭੱਠਾ ਸਾਹਿਬ, 24 ਦਸੰਬਰ ਨੂੰ ਦੁਗਰੀ, 25 ਦਸੰਬਰ ਨੁੰ ਸ੍ਰੀ ਚਮਕੌਰ ਸਾਹਿਬ, 26 ਦਸੰਬਰ ਨੂੰ ਸ੍ਰੀ ਝਾੜ ਸਾਹਿਬ, 27 ਦਸੰਬਰ ਨੂੰ ਮਾਛੀਵਾੜਾ ਸਾਹਿਬ, 28 ਦਸੰਬਰ ਨੂੰ ਕਟਾਣਾ ਸਾਹਿਬ, 29 ਦਸੰਬਰ ਨੂੰ ਨੰਦਪੁਰ ਸਾਹਿਬ ਸਾਹਨੇਵਾਲ, 30 ਦਸੰਬਰ ਆਲਮਗੀਰ, 31 ਦਸੰਬਰ ਟਾਹਲੀਵਾਲ ਸਾਹਿਬ, 1 ਜਨਵਰੀ ਮੋਹੀ, 2 ਜਨਵਰੀ ਹੇਰਾਂ, 3 ਜਨਵਰੀ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ, 4 ਜਨਵਰੀ ਲੰਮੇ ਜੱਟਪੁਰਾਂ, 5 ਜਨਵਰੀ ਗੁਰਦੁਆਰਾ ਮਹਿਦੇਆਣਾ ਸਾਹਿਬ ਸਮਾਪਤ ਹੋਵੇਗਾ। ਇਸ ਮੋਕੇ ਬਾਬਾ ਜਰਨੈਲ ਸਿੰਘ ਕਾਰ ਸੇਵਾ ਵਾਲੇ, ਭਾਈ ਸੁਖਜੀਤ ਸਿੰਘ, ਜਥੇਦਾਰ ਸੁਖਦੇਵ ਸਿੰਘ, ਤਰਸੇਮ ਸਿੰਘ, ਅਜੈਬ ਸਿੰਘ, ਬਲਵੀਰ ਸਿੰਘ ਵੀ ਹਾਜ਼ਰ ਸਨ।