ਨਵੀਂ ਦਿਲੀ, 19 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਇੱਕ ਸੰਚਾਰ ਉਪਗ੍ਰਹਿ ਜੀਸੈਟ-7ਏ ਸਫਲਤਾਪੂਰਨ ਲਾਂਚ ਕਰ ਦਿਤਾ ਹੈ।ਇਸ ਉਪਗ੍ਰਹਿ ਦੀ ਮਦਦ ਨਾਲ ਹੁਣ ਭਾਰਤੀ ਹਵਾਈ ਫ਼ੌਜ ਹੋਰ ਤਾਕਤਵਰ ਬਣ ਜਾਵੇਗੀ। ਇਸਰੋ ਮੁਤਾਬਕ ਜੀਸੈਟ-7ਏ ਉਪਗ੍ਰਹਿ ਨਾਲ ਹਵਾਈ ਫ਼ੌਜ ਦੇ ਜਹਾਜ਼ਾਂ ਦੀ ਸੰਚਾਰ ਪ੍ਰਣਾਲੀ ਹੋਰ ਵਧੀਆ ਹੋਵੇਗੀ।ਇਹ ਭਾਰਤੀ ਖੇਤਰ ਚ ਕਰੂ ਬੈਂਡ ਚ ਹਵਾਈ ਫ਼ੌਜ ਨੂੰ ਸੰਚਾਰ ਤਾਕਤ ਦੀ ਮਦਦ ਦੇਵੇਗਾ।ਜਾਣਕਾਰੀ ਮੁਤਾਬਕ ਬੁਧਵਾਰ ਸ਼ਾਮ 4 ਵਜ ਕੇ 10 ਮਿੰਟ ਤੇ ਸ਼੍ਰੀਹਰਿਕੋਟਾ ਦੇ ਦੂਜੇ ਲਾਂਚ ਪੈਡ ਤੋਂ ਜੀਸੈਟ-7ਏ ਉਪਗ੍ਰਹਿ ਨੂੰ ਜੀਐਸਐਲਵੀਐਫ਼-11 ਰਾਕਿਟ ਦੁਆਰਾ ਛਡਿਆ ਗਿਆ। ਜੀਐਸਐਲਵੀਐਫ਼-11 ਇਸਰੋ ਦੀ ਚੌਥੀ ਪੀੜੀ ਦਾ ਲਾਂਚਿੰਗ ਰਾਕਿਟ ਹੈ।ਜੀਸੈਟ-7ਏ ਉਪਗ੍ਰਹਿ 2,250 ਕਿਲੋਗ੍ਰਾਮ ਵਜ਼ਨੀ ਹੈ। ਸੰਚਾਰ ਸੇਵਾ ਦੇ ਉਪਗ੍ਰਹਿ ਦੀ ਸਥਾਪਤੀ ਨਾਲ ਹਵਾਈ ਫ਼ੌਜ ਦੀ ਨੈਟਵਰਕਿੰਗ ਯੋਗਤਾ ਮਜ਼ਬੂਤ ਹੋਵੇਗੀ।ਇਸਰੋ ਨੇ ਕਿਹਾ ਹੈ ਕਿ ਜੀਸੈਟ-7ਏ ਉਪਗ੍ਰਹਿ ਦਾ ਜੀਵਨਕਾਲ 8 ਸਾਲ ਦਾ ਹੈ ਅਤੇ ਇਹ ਭਾਰਤੀ ਖੇਤਰ ਚ ਕੇਯੂ ਬੈਂਡ ਦੇ ਉਪਭੋਗਤਾਵਾਂ ਨੂੰ ਸੰਚਾਰ ਸਹੂਲਤਾਂ ਮੁਹਈਆ ਕਰਾਵੇਗਾ।