ਅਮਰੀਕਾ ਤੋਂ ਭਾਰਤ ਲਿਆਉਣ ਦੀ ਕਾਰਵਾਈ ਹੋਵੇਗੀ ਸ਼ੁਰੂ
ਚੰਡੀਗੜ੍ਹ, 19 ਦਸੰਬਰ- ਇੰਟਰਪੋਲ ਵਲੋਂ ‘ਸਿਖਸ ਫ਼ਾਰ ਜਸਟਿਸ’ ਦੇ ਕਾਨੂੰਨੀ ਸਲਾਹਕਾਰ ਅਮਰੀਕੀ ਵਕੀਲ ਸ. ਗੁਰਪਤਵੰਤ ਸਿੰਘ ਪਨੂੰ ਖਿਲਾਫ ਰੈਡ-ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਅਮਰੀਕਾ ਅਧਾਰਿਤ ਜਥੇਬੰਦੀ ‘ਸਿਖਸ ਫ਼ਾਰ ਜਸਟਿਸ’ ਦੇ ਕਾਨੂੰਨੀ ਸਲਾਹਕਾਰ ਸ. ਗੁਰਪਤਵੰਤ ਸਿੰਘ ਪਨੂੰ ਪੰਜਾਬ ਨੂੰ ਭਾਰਤ ਤੋਂ ਵੱਖ ਕਰਨ ਲਈ ‘ਰਾਏਸ਼ੁਮਾਰੀ-2020’ ਮੁਹਿੰਮ ਦੀ ਅਗਵਾਈ ਕਰ ਰਹੇ ਹਨ। ਬੀਤੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਾਇਆ ਸੀ ਕਿ ਸ. ਪਨੂੰ ਪਾਕਿਸਤਾਨ ਦੀ ਫੌਜ ਅਤੇ ਖੁਫੀਆ ਏਜੰਸੀ ਆਈਐਸਆਈ ਨਾਲ ਮਿਲ ਕੇ ਪੰਜਾਬ ਵਿੱਚ ਗੜਬੜ ੍ਰਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਲਈ ਹੁਣ ਪੰਜਾਬ ਸਰਕਾਰ ਨੇ ਸ. ਪਨੂੰ ਵਿਰੁਧ ਸ਼ਿਕੰਜਾ ਕਸਦਿਆਂ ਇਕ ‘ਰੈਡ-ਕਾਰਨਰ ਨੋਟਿਸ’ ਜਾਰੀ ਕੀਤਾ ਗਿਆ ਹੈ। ਇਹ ਨੋਟਿਸ ਇਕ ਤਰ੍ਹਾਂ ਗ੍ਰਿਫ਼ਤਾਰੀ ਦਾ ਕੌਮਾਂਤਰੀ ਵਾਰੰਟ ਹੁੰਦਾ ਹੈ ਜਿਸ ਵਿਚ ਇੰਟਰਪੋਲ ਆਪਣੇ ਮੈਂਬਰ ਦੇਸ਼ਾਂ ਨੂੰ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਜਾਂ ਹਿਰਾਸਤ ‘ਚ ਲੈਣ ਦੀ ਬੇਨਤੀ ਕਰਦੀ ਹੈ, ਜਿਸ ਵਿਰੁਧ ਅਜਿਹਾ ਨੋਟਿਸ ਜਾਰੀ ਕੀਤਾ ਗਿਆ ਹੁੰਦਾ ਹੈ।
ਦਰਅਸਲ ਪੰਜਾਬ ਪੁਲਿਸ ਹੁਣ ਅਮਰੀਕੀ ਨਾਗਰਿਕ ਸ. ਪਨੂੰ ਨੂੰ ਹਵਾਲਗੀ ਸੰਧੀ ਰਾਹੀਂ ਭਾਰਤ ਲਿਆਉਣਾ ਚਾਹੁੰਦੀ ਹੈ।
ਉਸ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ‘ਰੈਡ-ਕਾਰਨਰ ਨੋਟਿਸ’ ਪਹਿਲਾਂ ਜਾਰੀ ਹੋਇਆ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ।ਸ. ਪਨੂੰ ਵਿਰੁਧ ਇਹ ਕਾਨੂੰਨੀ ਕਾਰਵਾਈ ਪੰਜਾਬ ਪੁਲਿਸ, ਸੀਬੀਆਈ ਤੇ ਇੰਟਰਪੋਲ ਮਿਲ ਕੇ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਸ. ਪਨੂੰ ਵਿਰੁਧ ਮੋਹਾਲੀ ਜ਼ਿਲ੍ਹੇ ਦੇ ਸੋਹਾਣਾ ਪੁਲਿਸ ਥਾਣੇ ’ਚ ਦੇਸ਼-ਧਰੋਹ ਦਾ ਮੁਕਦਮਾ ਦਰਜ ਕੀਤਾ ਗਿਆ ਸੀ ਤੇ ਉਸ ਨੂੰ ਭਗੌੜਾ ਐਲਾਨ ਦਿਤਾ ਗਿਆ ਸੀ। ਉਸ ’ਤੇ ‘ਭਾਰਤ-ਵਿਰੋਧੀ ਗਤੀਵਿਧੀਆਂ’ ਵਿਚ ਸ਼ਾਮਲ ਹੋਣ ਦਾ ਦੋਸ਼ ਹੈ।ਇਸ ਤੋਂ ਇਲਾਵਾ ਸ. ਪਨੂੰ ਵਿਰੁਧ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਵਿਚ ਵੀ ਮਾਮਲਾ ਦਰਜ ਹੈ।
ਪਿਛਲੇ ਵਰ੍ਹੇ ਅਪ੍ਰੈਲ ’ਚ ਦੋ ਕਟੜਪ੍ਰਸਤ ਗ੍ਰਿਫ਼ਤਾਰ ਕੀਤੇ ਗਏ ਸਨ ਜੋ ਖੁਲ੍ਹ ਕੇ ‘ਰਾਇਸ਼ੁਮਾਰੀ 2020’ ਦਾ ਪ੍ਰਚਾਰ ਕਰ ਰਹੇ ਸਨ। ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਦੋਵਾਂ ਦਾ ਮਨ ਸ. ਪਨੂੰ ਨੇ ਹੀ ਬਦਲਿਆ ਸੀ ਤੇ ਉਹ ਵੱਖਵਾਦੀ ਮੁਹਿੰਮ ਨਾਲ ਜਾ ਜੁੜੇ ਸਨ। ਇਸੇ ਸਾਲ ਸਤੰਬਰ ਮਹੀਨੇ ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੇ ਕਹਿਣ ’ਤੇ ਸ. ਪਨੂੰ ਦਾ ਟਵਿਟਰ ਅਕਾਊਂਟ ਬੰਦ ਕਰਵਾ ਦਿਤਾ ਗਿਆ ਸੀ।ਉਸ ਦੇ ਕੁਝ ਦਿਨਾਂ ਪਿੱਛੋਂ ਉਸ ਦੇ ਫ਼ੇਸਬੁਕ ਤੇ ਵ੍ਹਟਸਐਪ ਖਾਤੇ ਵੀ ਬਲਾਕ ਕਰਵਾ ਦਿਤੇ ਗਏ ਸਨ।ਇਹ ਸਾਰੀਆਂ ਕਾਰਵਾਈਆਂ ਬੀਤੀ 12 ਅਗਸਤ ਨੂੰ ਪਨੂੰ ਵਲੋਂ ਹੀ ਲੰਦਨ (ਇੰਗਲੈਂਡ) ਦੇ ਟ੍ਰਾਫ਼ਲਗਰ ਸਕੁਏਰ ’ਚ ‘ਰਾਇਸ਼ੁਮਾਰੀ 2020’ ਦੇ ਮੁਦੇ ’ਤੇ ਇਕ ਕਾਨਫਰੰਸ ਕਰਵਾਏ ਜਾਣ ਤੋਂ ਬਾਅਦ ਸ਼ੁਰੂ ਕੀਤੀਆਂ ਗਈਆਂ। ਭਾਰਤ ਸਰਕਾਰ ਦਾ ਦੋਸ਼ ਹੈ ਕਿ ਪਨੂੰ ਦੀ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐਸਆਈ ਦੇ ਅਧਿਕਾਰੀਆਂ ਨਾਲ ਨੇੜਤਾ ਦੇ ਸਬੂਤ ਮਿਲੇ ਹਨ।ਬੀਤੀ 16 ਦਸੰਬਰ ਨੂੰ ਉਸ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਸੱਦਾ ਦਿਤਾ ਹੈ ਕਿ ਉਹ ‘ਭਾਰਤ ਦੇ ਕਬਜ਼ੇ ’ਚੋਂ ਪੰਜਾਬ ਨੂੰ ਆਜ਼ਾਦ ਕਰਵਾਉਣ ਲਈ ‘ਰਾਇਸ਼ੁਮਾਰੀ-2020’ ਦੀ ਮੁਹਿੰਮ ਨੂੰ ਆਪਣੀ ਹਮਾਇਤ ਦੇਣ। ਪਨੂੰ ਨੇ ਇਮਰਾਨ ਖ਼ਾਨ ਨੂੰ 1971 ਦੀ ਜੰਗ ਦਾ ਚੇਤਾ ਵੀ ਕਰਵਾਇਆ ਹੈ, ਜਦੋਂ ਭਾਰਤੀ ਫ਼ੌਜ ਦੇ ਦਖ਼ਲ ਨਾਲ ਪਾਕਿਸਤਾਨ ਦਾ ਅੰਗ ਬੰਗਲਾਦੇਸ਼ ਉਸ ਤੋਂ ਸਦਾ ਲਈ ਵਖ ਹੋ ਗਿਆ ਸੀ।