
ਚੋਹਲਾ ਸਾਹਿਬ/ਤਰਨ ਤਾਰਨ, 19 ਦਸੰਬਰ (ਨਈਅਰ)- 30 ਦਸੰਬਰ ਨੂੰ ਹੋਣ ਜਾ ਰਹੀਆਂ ਗ੍ਰਾਮ ਪੰਚਾਇਤ ਚੋਣਾ 2018 ਵਿਚ ਜਿਹੜੇ ਅਧਿਕਾਰੀਆਂ ਅਤੇ ਕਮਰਚਾਰੀਆਂ ਦੀ ਡਿਊਟੀ ਚੋਣ ਅਮਲੇ ਵਿਚ ਲਗਾਈ ਗਈ ਹੈ ਅਤੇ 17 ਦਸੰਬਰ ਨੂੰ ਹੋਈ ਰਿਹਰਸਲ ਦੌਰਾਨ ਜਿਹੜੇ ਅਧਿਕਾਰੀ ਅਤੇ ਕਰਮਚਾਰੀ ਗੈਰਹਾਜ਼ਰ ਪਾਏ ਗਏ ਹਨ, ਉਹਨਾਂ ਵਿਰੁਧ ਸਖਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਲਈ ਸਬੰਧਿਤ ਵਿਭਾਗ ਦਾ ਮੁਖੀ ਵੀ ਜ਼ਿਮੇਵਾਰ ਹੋਵੇਗਾ । ਇਹ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਪਰਦੀਪ ਕੁਮਾਰ ਸਭਰਵਾਲ ਨੇ ਦਸਿਆ ਕਿ 17 ਦਸੰਬਰ ਦੀ ਰਿਹਰਸਲ ਦੌਰਾਨ ਗੈਰ ਹਾਜ਼ਰ ਪਾਏ ਗਏ ਸਾਰੇ ਕਰਮਚਾਰੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਨੋਟਿਸ ਦਾ ਤੁਰੰਤ ਜਵਾਬ ਦੇਣ ਲਈ ਆਦੇਸ਼ ਜਾਰੀ ਕੀਤੇ ਗਏ ਹਨ। ਉਹਨਾਂ ਕਿਹਾ ਚੋਣ ਡਿਊਟੀ ਦੌਰਾਨ ਕਿਸੇ ਤਰਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕੁਤਾਹੀ ਕਰਨ ਵਾਲੇ ਅਫ਼ਸਰਾਂ ਤੇ ਕਰਮਚਾਰੀਆਂ ਵਿਰੁਧ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦਸਿਆ ਕਿ ਪੰਚਾਇਤੀ ਚੋਣਾਂ ਲਈ ਚੋਣ ਅਮਲੇ ਦੀ ਦੂਸਰੀ ਰਿਹਰਸਲ ਪਹਿਲਾਂ ਨਿਰਧਾਰਿਤ ਕੀਤੀਆਂ ਗਈਆਂ ਥਾਵਾਂ ‘ਤੇ 24 ਦਸੰਬਰ ਨੂੰ ਹੋਵੇਗਾ ।