ਸ਼ਿਲੌਂਗ ਹਿੰਸਾ ’ਚ ਜਇਦਾਦ ਨੂੰ ਹੋਏ ਨੁਕਸਾਨ ਵਾਸਤੇ ਸਿਖ ਭਾਈਚਾਰੇ ਲਈ 60 ਲੱਖ ਰੁਪਏ ਦੇ ਮੁਆਵਜ਼ੇ ਨੂੰ ਪ੍ਰਾਵਨਗੀ
ਚੰਡੀਗੜ੍ਹ, 11 ਦਸੰਬਰ- ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਾਲ ਭਰ ਚਲਣ ਵਾਲੇ ਸਮਾਗਮਾਂ ਦੇ ਮਦੇਨਜ਼ਰ ਮੰਤਰੀ ਮੰਡਲ ਨੇ ਪੰਜਾਬ ਗੁਡ ਕੰਡਕਟ ਪ੍ਰੀਜ਼ਨਰਜ਼ (ਟੈਂਪਰੇਰੀ ਰਿਲੀਜ਼) ਐਕਟ, 1962 ਦੇ ਸੈਕਸ਼ਨ 3 ਦੇ ਸਬ ਸੈਕਸ਼ਨ 2 ਵਿਚ ਸੋਧ ਕਰਨ ਦੀ ਪ੍ਰਵਾਨਗੀ ਦੇ ਦਿਤੀ ਹੈ। ਇਸ ਨਾਲ ਜੇਲਾਂ ਵਿਚ ਚੰਗੇ ਵਿਵਹਾਰ ਅਤੇ ਆਚਰਨ ਵਾਲੇ ਕੈਦੀਆਂ ਲਈ ਨਿਯਮਤ ਪੈਰੋਲ ਮੌਜੂਦਾ 3 ਹਫ਼ਤਿਆਂ ਤੋਂ ਵਧਾ ਕੇ 4 ਹਫ਼ਤੇ ਅਤੇ ਇਕ ਸਾਲ ਵਿਚ ਕੁਲ ਪੈਰੋਲ 12 ਹਫ਼ਤਿਆਂ ਤੋਂ ਵਧਾ ਕੇ 16 ਹਫ਼ਤੇ ਕਰ ਦਿਤੀ ਹੈ। ਇਸ ਬਾਰੇ ਫੈਸਲਾ ਅਜ ਇਥੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ। ਮੰਤਰੀ ਮੰਡਲ ਨੇ ਇਸ ਸਬੰਧ ਵਿਚ ਬਿਲ ਵਿਧਾਨ ਸਭਾ ਦੇ ਅਗਾਮੀ ਇਜਲਾਸ ਵਿਚ ਪੇਸ਼ ਕਰਨ ਦੀ ਵੀ ਪ੍ਰਵਾਨਗੀ ਦੇ ਦਿਤੀ। ਮੁਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਅਜ ਇਥੇ ਇਹ ਪ੍ਰਗਟਾਵਾ ਕਰਦਿਆਂ ਦਸਿਆ ਕਿ ਚੰਗੇ ਆਚਰਨ ਵਾਲੇ ਕੈਦੀਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਉਨ•ਾਂ ਨੂੰ 16 ਹਫ਼ਤਿਆਂ ਦੀ ਲਗਾਤਾਰ ਪੈਰੋਲ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਕ ਹੋਰ ਫੈਸਲੇ ਵਿਚ ਮੰਤਰੀ ਮੰਡਲ ਨੇ ਪੰਜਾਬ ਗੁਡਜ਼ ਐਂਡ ਸਰਵਿਸ ਟੈਕਸ (ਸੋਧ) ਆਰਡੀਨੈਂਸ-2018 ਨੂੰ 13 ਦਸੰਬਰ ਨੂੰ ਸ਼ੁਰੂ ਹੋ ਰਹੇ ਵਿਧਾਨ ਸਭਾ ਸੈਸ਼ਨ ਦੌਰਾਨ ਪੇਸ਼ ਕਰਨ ਦੀ ਪ੍ਰਵਾਨਗੀ ਦੇ ਦਿਤੀ। ਇਹ ਜ਼ਿਕਰਯੋਗ ਹੈ ਕਿ ਰਿਟਰਨ ਭਰਨ ਅਤੇ ਟੈਕਸ ਦੀ ਅਦਾਇਗੀ ਸਬੰਧੀ ਪ੍ਰਣਾਲੀ ਨੂੰ ਘਟੋ-ਘਟ ਪੇਪਰ ਵਰਕ ਨਾਲ ਸੁਖਾਲਾ ਬਣਾਉਣ ਲਈ 23 ਅਕਤੂਬਰ, 2018 ਨੂੰ ਪੰਜਾਬ ਗੁਡਜ਼ ਐਂਡ ਸਰਵਿਸ ਟੈਕਸ (ਸੋਧ) ਆਰਡੀਨੈਂਸ-2018 ਲਿਆਂਦਾ ਸੀ। ਭਾਰਤੀ ਸੰਵਿਧਾਨ ਦੀ ਧਾਰਾ 213 ਜੀ ਉਪ ਧਾਰਾ 2 ਅਨੁਸਾਰ ਆਰਡੀਨੈਂਸ ਨੂੰ ਐਕਟ ਦੇ ਰੂਪ ਵਿਚ ਤਬਦੀਲ ਕਰਨ ਲਈ ਵਿਧਾਨ ਸਭਾ ਦੇ ਇਜਲਾਸ ਵਿਚ ਪੇਸ਼ ਕੀਤਾ ਜਾਵੇਗਾ। ਪੰਜਾਬ ਮੰਤਰੀ ਮੰਡਲ ਨੇ ਸ਼ਿਲੌਂਗ ਵਿਖੇ ਹਿੰਸਾ ਵਿਚ ਜਾਇਦਾਦ ਨੂੰ ਹੋਏ ਨੁਕਸਾਨ ਵਾਸਤੇ ਸਿਖ ਭਾਈਚਾਰੇ ਨੂੰ ਮੁਆਵਜ਼ੇ ਵਜੋਂ 60 ਲਖ ਰੁਪਏ ਮੁਹਈਆ ਕਰਵਾਉਣ ਲਈ ਰਾਹਤ ‘ਤੇ ਮੁੜ ਵਸੇਬਾ ਵਿਭਾਗ ਦੀਆਂ ਹਦਾਇਤਾਂ ‘ਚ ਢਿਲ ਦੀ ਪ੍ਰਵਾਨਗੀ ਦੇ ਦਿਤੀ ਹੈ। ਮੁਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦਸਿਆ ਕਿ ਖਾਲਸਾ ਮਿਡਲ ਸਕੂਲ ਬੜਾ ਬਜ਼ਾਰ ਲਈ ਇਸ ਦੇ ਨਿਰਮਾਣ ਵਾਸਤੇ ਕੁਲ ਰਾਸ਼ੀ 60 ਲਖ ਵਿਚੋਂ 50 ਲਖ ਰੁਪਏ ਮੁਹਈਆ ਕਰਵਾਏ ਜਾਣਗੇ ਕਿਉਂਕਿ ਪੁਰਾਣੀ ਇਮਾਰਤ ਅਸੁਰਖਿਅਤ ਐਲਾਨੀ ਗਈ ਹੈ। ਇਸੇ ਤਰ•ਾਂ ਹੀ 2 ਲਖ ਰੁਪਏ ਦੀ ਵਿਤੀ ਮਦਦ ਸੰਗਮ ਸਿੰਘ ਪੁਤਰ ਮਨਜੀਤ ਸਿੰਘ ਪੰਜਾਬੀ ਕਾਲੋਨੀ ਬੜਾ ਬਜ਼ਾਰ ਨੂੰ ਉਸ ਦੀ ਦੁਕਾਨ ਨੂੰ ਹੋਏ ਨੁਕਸਾਨ ਲਈ ਮੁਹਈਆ ਕਰਵਾਈ ਜਾਵੇਗੀ। ਇਸੇ ਤਰ•ਾਂ ਹੀ ਤਿੰਨ ਲਖ ਰੁਪਏ ਗੁਰਮੀਤ ਸਿੰਘ ਪੁਤਰ ਗੁਰਮੁਖ ਸਿੰਘ ਨੂੰ ਦਿਤੇ ਜਾਣਗੇ ਜਿਸ ਦੇ ਸਕੂਟੀ ਸ਼ੋਅ ਰੂਮ ਨੂੰ ਝਗੜਿਆਂ ਦੌਰਾਨ ਅਗ ਲਾ ਦਿਤੀ ਗਈ ਸੀ। ਇਸੇ ਤਰ•ਾਂ ਹੀ ਟਰਕ ਪੀ.ਬੀ.-02-ਬੀ.ਵੀ.-7632 ਦੇ ਮਾਲਕ ਸਤਪਾਲ ਸਿੰਘ ਨੂੰ 5 ਲਖ ਰੁਪਏ ਦਿਤੇ ਜਾਣਗੇ। ਸ਼ਿਲੌਂਗ ਦੰਗਿਆਂ ਦੌਰਾਨ ਉਸ ਦੇ ਟਰਕ ਨੂੰ ਅਗ ਲਾ ਦਿਤੀ ਗਈ ਸੀ।



