May 22, 2026 11:43 pm

‘ਅੱਜ ਭਾਵੇਂ ਜਿਸ ਤੋਂ ਮਰਜ਼ੀ ਮੁਆਫ਼ੀ ਮੰਗਵਾ ਲਓ, ਮੈਂ ਮੰਗਣ ਨੂੰ ਤਿਆਰ ਹਾਂ’ : ਸ. ਪ੍ਰਕਾਸ਼ ਸਿੰਘ ਬਾਦਲ

ਅੰਮ੍ਰਿਤਸਰ, 10 ਦਸੰਬਰ- ਸਤਾ ਦੌਰਾਨ ਜਾਣੇ-ਅਣਜਾਣੇ ’ਚ ਹੋਈਆਂ ਗ਼ਲਤੀਆਂ ਦੀ ਮੁਆਫ਼ੀ ਲਈ ਅਕਾਲੀ ਦਲ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਪਾਰਟੀ ਦੇ ਸਰਪ੍ਰਸਤ ਅਤੇ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਜ ਭਾਵੇਂ ਜਿਸ ਤੋਂ ਮਰਜ਼ੀ ਮੁਆਫ਼ੀ ਮੰਗਵਾ ਲਓ, ਉਹ ਮੰਗਣ ਨੂੰ ਤਿਆਰ ਹਨ। ਉਨਾਂ ਕਿਹਾ ਕਿ ਉਹ ਇਸ ਧਾਰਮਿਕ ਸਥਾਨ ‘ਤੇ ਆਏ ਹਨ ਅਤੇ ਇਥੇ ਕੋਈ ਵੀ ਰਾਜਨੀਤਕ ਗਲ ਨਹੀਂ ਕਰਨਾ ਚਾਹੁੰਦੇ।
ਇਸ ਦੌਰਾਨ ਅਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਮੁਚੀ ਅਕਾਲੀ ਦਲ ਲੀਡਰਸ਼ਿਪ ਵਲੋਂ ਰਖਵਾਏ ਸ੍ਰੀ ਅਖੰਡ ਪਾਠ ਦਾ ਭੋਗ ਪਾਇਆ ਗਿਆ। ਇਸ ਪਿਛੋਂ ਪ੍ਰਕਾਸ਼ ਸਿੰਘ ਬਾਦਲ ਮੀਡੀਆ ਦੇ ਮੁਖਾਤਿਬ ਹੋਏ ਪਰ ਉਨ੍ਹਾਂ ਦੇ ਪੁਤਰ ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੀਡੀਆ ਤੋਂ ਦੂਰੀ ਬਣਾਈ ਰਖੀ।ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਹਰ ਆਉਂਦੇ ਸਮੇਂ ਮੀਡੀਆ ਦੇ ਮੁਖਾਤਿਬ ਨਹੀਂ ਹੋਏ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਹੋਈਆਂ ਗ਼ਲਤੀਆਂ ਦੀ ਖ਼ਿਮਾ ਮੰਗੀ ਹੈ, ਪਰ ਗ਼ਲਤੀਆਂ ਕੀ ਹੋਈਆਂ, ਇਸ ਬਾਰੇ ਕੁਝ ਨਹੀਂ ਦਸਿਆ। ਇਸ ਮੌਕੇ ਉਨ੍ਹਾਂ ਹਥ ਜੋੜ ਕੇ ਸਿਖ ਸੰਗਤ ਕੋਲੋਂ ਵੀ ਮਾਫੀ ਮੰਗੀ।ਸ.ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਗੁਰੂ ਸਾਹਿਬ ਤੋਂ ਭੁਲਾਂ ਬਖ਼ਸ਼ਾਉਣ ਲਈ ਅਖੰਡ ਪਾਠ ਕਰਵਾਏ ਹਨ।ਜੋ ਵੀ ਗਲਤੀ ਹੋਈ ਹੈ, ਉਸਦੀ ਮਾਫੀ ਲਈ ਖ਼ਿਮਾ ਜਾਚਨਾ ਕੀਤੀ ਹੈ।ਉਨ੍ਹਾਂ ਕਿਹਾ ਕਿ ਜਾਣੇ-ਅਣਜਾਣੇ ਵਿਚ ਉਨ੍ਹਾਂ ਕੋਲੋਂ ਭੁਲਾਂ ਹੋਈਆਂ ਸਨ।ਉਨ੍ਹਾਂ ਕਿਹਾ ਕਿ ਅੱਜ ਉਹ ਕੋਈ ਵੀ ਸਿਆਸੀ ਗਲ ਨਹੀਂ ਕਰਨਗੇ।ਇਸ ਮੌਕੇ ਹਜੂਰੀ ਰਾਗੀ ਨੂੰ ਅਹੁਦੇ ਤੋਂ ਹਟਾ ਦਿਤੇ ਜਾਣ ਦੇ ਸਵਾਲ ’ਤੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਉਨ੍ਹਾਂ ਦਾ ਕੰਮ ਨਹੀਂ। ਬਰਗਾੜੀ ਮੋਰਚੇ ’ਤੇ ਵੀ ਉਨ੍ਹਾਂ ਕੋਈ ਗਲ ਨਹੀਂ ਕੀਤੀ।ਇਸ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਕਿਸੇ ਵੀ ਮੁਦੇ ਉਪਰ ਗਲ ਕਰਨ ਤੋਂ ਪਰਹੇਜ਼ ਕੀਤਾ ਤੇ ਹਥ ਜੋੜ ਕੇ ਕਿਹਾ ਕਿ ਉਹ ਸਿਰਫ ਮੁਆਫ਼ੀ ਮੰਗਣ ਆਏ ਹਨ।ਇਸ ਮੌਕੇ ਪਾਰਟੀ ਦੇ ਸਪੋਕਸ ਪਰਸਨ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਪਾਰਟੀ ਦਾ ਫੈਸਲਾ ਸੀ ਕਿ ਸ੍ਰੀ ਅਖੰਡ ਪਾਠ ਸਾਹਿਬ ਰਖਵਾ ਕੇ ਸੇਵਾ ਕੀਤੀ ਜਾਵੇ। ਸੁਨੀਲ ਜਾਖੜ ਬਾਰੇ ਦਲਜੀਤ ਸਿੰਘ ਬਰਗਾੜੀ ਮੋਰਚੇ ‘ਤੇ ਟਿਪਣੀ ਕਰਦਿਆਂ ਚੀਮਾ ਨੇ ਕਿਹਾ ਕਿ ਬਰਗਾੜੀ ਮੋਰਚੇ ਵਾਲੇ ਵੀ ਕਾਫੀ ਥਕੇ ਹੋਣਗੇ, ਉਨ੍ਹਾਂ ਨੂੰ ਵੀ ਆਰਾਮ ਦੀ ਜ਼ਰੂਰਤ ਹੈ। ਧਰਨਾ ਖਤਮ ਹੋਣ ‘ਤੇ ਉਹ ਵੀ ਆਰਾਮ ਕਰ ਲੈਣਗੇ। ਗੁਰਮੀਤ ਰਾਮ ਰਹੀਮ ਨੂੰ ਦਿਤੀ ਮੁਆਫੀ ‘ਤੇ ਦਲਜੀਤ ਚੀਮਾ ਨੇ ਕਿਹਾ ਉਹ ਅਜ ਕੋਈ ਵੀ ਸਿਆਸੀ ਗਲ ਨਹੀਂ ਕਰਨਗੇ। ਅਜ ਗੁਰੂ ਘਰ ਵਿਚ ਉਹ ਸਿਰਫ ਸੇਵਾ ਕਰਨ ਆਏ ਸਨ। ਉਨ੍ਹਾਂ ਕਿਹਾ ਕਿ ਕਲ੍ਹ ਤੋਂ ਸਿਆਸੀ ਗਲਾਂ ਫਿਰ ਸ਼ੁਰੂ ਹੋ ਜਾਣਗੀਆਂ।

Send this to a friend