ਹਿੰਦੁਸਤਾਨ ਵਿਚ ਇਕ ਜੋਗੀ ਗੋਰਖਨਾਥ ਹੋਇਆ ਹੈ। ਕਹਿੰਦੇ ਹਨ ਕਿ ਉਸ ਨੇ ਕਈ ਤਰ੍ਹਾਂ ਦੀਆਂ ਸ਼ਕਤੀਆਂ ਨੂੰ ਵੱਸ ਵਿਚ ਕੀਤਾ ਹੋਇਆ ਸੀ। ਉਸ ਵੱਲੋਂ ਆਪਣੇ ਜੋਗੀ ਪੰਥ ਵਿਚ ਵਾਧਾ ਕਰਨ ਲਈ ਯਤਨ ਕੀਤੇ ਜਾ ਰਹੇ ਸਨ। ਜੋਗੀ ਗੋਰਖ ਨਾਥ ਦੇ ਵਧਦੇ ਪ੍ਰਭਾਵ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸ਼ਹਿਰਾਂ ਦੇ ਨਾਂਅ ਵੀ ਗੋਰਖਨਾਥ ਦੇ ਨਾਂਅ ‘ਤੇ ਪੈ ਗਏ। ਭਾਰਤ ਦੇ ਖੇਤਰਫਲ ਪੱਖੋਂ ਸਭ ਤੋਂ ਵੱਡੇ ਰਾਜ ਮੱਧ ਪ੍ਰਦੇਸ਼ ਦੇ ਵੱਡੇ ਸਨਅਤੀ ਸ਼ਹਿਰ ਜੱਬਲਪੁਰ ਵਿਚ ਵੀ ਇਕ ਖੇਤਰ ਦਾ ਨਾਂਅ ਗੋਰਖਪੁਰ ਹੈ। ਜੱਬਲਪੁਰ ਉਹ ਸਥਾਨ ਹੈ, ਜਿਥੇ ਕੌਡਾ ਨਾਂਅ ਦਾ ਭੀਲ ਜਾਤੀ ਦਾ ਇਕ ਵਿਅਕਤੀ ਆਪਣੇ ਮਾੜੇ ਕੰਮਾਂ ਲਈ ਕੌਡਾ ਰਾਕਸ਼ ਵਜੋਂ ਪ੍ਰਸਿੱਧ ਹੋ ਚੁੱਕਾ ਸੀ। ਇਸ ਦੇ ਸੁਧਾਰ ਲਈ ਗੁਰੂ ਨਾਨਕ ਸਾਹਿਬ ਨੇ ਇਸ ਜਗ੍ਹਾ ਆਪਣੇ ਮੁਬਾਰਕ ਚਰਨ ਪਾਏ ਅਤੇ ਕੌਡੇ ਨੂੰ ਸਿੱਧੇ ਰਸਤੇ ਪਾਇਆ।
ਹਿੰਦੁਸਤਾਨ ਦੇ ਰਾਜ ਉੱਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ ਵਿਚ ਸਥਿਤ ਨਾਨਕਮੱਤਾ ਦਾ ਪਹਿਲਾ ਨਾਂਅ ਵੀ ਗੋਰਖਮੱਤਾ ਸੀ, ਕਿਉਂਕਿ ਜੋਗੀ ਗੋਰਖਨਾਥ ਦਾ ਪੱਕਾ ਟਿਕਾਣਾ ਗੋਰਖਮੱਤਾ ਵਿਖੇ ਦੱਸਿਆ ਜਾਂਦਾ ਹੈ।
ਨੈਨੀਤਾਲ ਅਤੇ ਪੀਲੀਭੀਤ ਦੇ ਇਨ੍ਹਾਂ ਜੰਗਲਾਂ ਵਿਚ ਸਿੱਧਾਂ/ਜੋਗੀਆਂ ਦਾ ਯੋਗ ਸਾਧਨਾ ਲਈ ਵੱਡਾ ਸਿਖਲਾਈ ਕੇਂਦਰ ਸੀ। ਸਰਦ ਰੁੱਤ ਵਿਚ ਜੋਗੀ ਪਹਾੜਾਂ ਤੋਂ ਇਸ ਜਗ੍ਹਾ ਜੰਗਲਾਂ ਵਿਚ ਆ ਕੇ ਯੋਗ ਸਾਧਨਾ ਕਰਿਆ ਕਰਦੇ ਸਨ। ਇਹ ਵੀ ਸੁਣਨ ਨੂੰ ਮਿਲਦਾ ਹੈ ਕਿ ਜੋਗੀਆਂ ਨੂੰ ਆਪਣੀ ਯੋਗ ਸਾਧਨਾ ਦੁਆਰਾ ਹਵਾ ਵਿਚ ਉੱਡਣ ਵਰਗੇ ਕਰਤੱਵ ਦਿਖਾਉਣ ਦੀਆਂ ਸ਼ਕਤੀਆਂ ਪ੍ਰਾਪਤ ਸਨ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਤੀਜੀ ਉਦਾਸੀ ਦੌਰਾਨ ਸੰਨ 1508 ਈ: ਦੇ ਕਰੀਬ ਇਸ ਜਗ੍ਹਾ ਪੁੱਜੇ।
ਸਿੱਧਾਂ ਜੋਗੀਆਂ ਨੇ ਆਪਣੀ ਯੋਗ ਸਾਧਨਾ ਦੁਆਰਾ ਗੁਰੂ ਸਾਹਿਬ ਦੇ ਸਾਥੀ ਭਾਈ ਮਰਦਾਨਾ ਨੂੰ ਬਹੁਤ ਹੀ ਜ਼ਿਆਦਾ ਤੰਗ-ਪ੍ਰੇਸ਼ਾਨ ਕੀਤਾ, ਜਿਸ ਬਾਰੇ ਵੱਖ-ਵੱਖ ਇਤਿਹਾਸਕਾਰਾਂ ਵੱਲੋਂ ਬਕਾਇਦਾ ਜ਼ਿਕਰ ਕੀਤਾ ਗਿਆ ਹੈ। ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਜ਼ਰੀਆ ਬਣਾ ਕੇ ਵੱਖ-ਵੱਖ ਤਰੀਕਿਆਂ ਨਾਲ ਸਿੱਧਾਂ ਨੂੰ ਮਾੜੇ ਕੰਮਾਂ ਤੋਂ ਵਰਜਦਿਆਂ ਪ੍ਰਮੇਸ਼ਰ ਦੇ ਨਾਂਅ ਨਾਲ ਜੁੜਨ ਲਈ ਕਿਹਾ। ਜਿਸ ਜਗ੍ਹਾ ਗੁਰੂ ਨਾਨਕ ਸਾਹਿਬ ਠਹਿਰੇ ਸਨ, ਉਸ ਅਸਥਾਨ ਦੀ ਸੇਵਾ-ਸੰਭਾਲ ਗੁਰੂ ਸਾਹਿਬ ਦੇ ਸਪੁੱਤਰ ਬਾਬਾ ਸ੍ਰੀ ਚੰਦ ਵੱਲੋਂ ਕੀਤੀ ਗਈ, ਉਸੇ ਹੀ ਸੰਪਰਦਾਇ ਦੇ ਬਾਬਾ ਅਲਮਸਤ ਇਸ ਅਸਥਾਨ ਦੀ ਸੇਵਾ-ਸੰਭਾਲ ਕਰਦੇ ਰਹੇ।
ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਨਾਨਕਮੱਤਾ ਸਾਹਿਬ ਜ਼ਿਲ੍ਹਾ ਊਧਮ ਸਿੰਘ ਨਗਰ ਉੱਤਰਾਖੰਡ ਵੱਲੋਂ ਇਨ੍ਹਾਂ ਇਤਿਹਾਸਕ ਅਸਥਾਨਾਂ ਦੀ ਸਾਂਭ-ਸੰਭਾਲ ਅਤੇ ਦਰਸ਼ਨ ਕਰਨ ਲਈ ਪਹੁੰਚ ਰਹੀਆਂ ਸੰਗਤਾਂ ਦੀ ਸਹੂਲਤ ਲਈ ਬਾਖੂਬੀ ਪ੍ਰਬੰਧ ਕੀਤੇ ਜਾਂਦੇ ਹਨ।
ਨਾਨਕਮੱਤੇ ਤੋਂ ਨਿਪਾਲ ਦੀ ਸਰਹੱਦ ਥੋੜ੍ਹੀ ਦੂਰੀ ‘ਤੇ ਹੀ ਸਥਿਤ ਹੈ। ਪੰਜਾਬ ਸਮੇਤ ਦੇਸ਼ ਦੇ ਹੋਰ ਵੀ ਭਾਗਾਂ ਤੋਂ ਸੰਗਤਾਂ ਵੱਡੀ ਗਿਣਤੀ ‘ਚ ਇਸ ਇਤਿਹਾਸਕ ਅਸਥਾਨ ਦੇ ਦਰਸ਼ਨਾਂ ਲਈ ਜਾਂਦੀਆਂ ਹਨ।
-ਗੁਰਪ੍ਰੀਤ ਸਿੰਘ ਤਲਵੰਡੀ
ਸੰਪਰਕ : 98144-51414