ਅੰਮ੍ਰਿਤਸਰ, 26 ਨਵੰਬਰ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਵਿੱਚ ਵੱਡੇ ਪੱਧਰ ’ਤੇ ਫੇਰਬਦਲ ਹੋਣ ਦੀ ਸੰਭਾਵਨਾ ਹੈ। ਪੂਰੇ ਦੇਸ਼ ਵਿੱਚੋ- ਪੰਜਾਬ ਹੀ ਇੱਕ ਅਜਿਹਾ ਸੂਬਾ ਹੈ ਜਿੱਥੇ ਕਾਂਗਰਸ ਦੀ ਪੂਰਨ ਬਹੁਮਤ ਵਾਲੀ ਸਰਕਾਰ ਹੈ। ਪਾਰਟੀ ਇਸ ਨੂੰ ਮਾਡਲ ਸਰਕਾਰ ਵਜੋਂ ਵਿਕਸਤ ਕਰਨ ਲਈ ਹਰ ਜਾਤ ਦੇ ਨੁਮਾਇੰਦਿਆਂ ਨੂੰ ਕੈਬਨਿਟ ਵਿੱਚ ਥਾਂ ਦੇਣ ਦੇ ਰੌਂਅ ਵਿੱਚ ਹੈ। ਭਰੋਸੇਯੋਗ ਸੂਤਰਾਂ ਮੁਤਾਬਕ ਪੰਜਾਬ ਕੈਬਨਿਟ ਦਾ ਫੇਰਬਦਲ ਇਸੇ ਸਾਲ ਦਸੰਬਰ ਜਾਂ ਜਨਵਰੀ 2019 ਵਿੱਚ ਹੋਣ ਦੀ ਪੂਰੀ ਸੰਭਾਵਨਾ ਹੈ। ਪਿਛਲੇ ਕੈਬਨਿਟ ਵਾਧੇ ਦੌਰਾਨ ਪੱਛੜੀਆਂ ਸ਼੍ਰੇਣੀਆਂ ਦੇ ਆਗੂਆਂ ਨੂੰ ਪ੍ਰਤੀਨਿਧਤਾ ਨਾ ਮਿਲਣ ਕਾਰਨ ਕਈ ਲੀਡਰ ਨਾਰਾਜ਼ ਹੋ ਗਏ ਸਨ, ਪਰ ਹੁਣ ਕੈਬਨਿਟ ਵਿੱਚ ਜਾਤਾਂ ਅਤੇ ਖੇਤਰ ਦੇ ਆਧਾਰ ’ਤੇ ਥਾਂ ਦਿੱਤੀ ਜਾਵੇਗੀ। ਪੱਛੜੇ ਵਰਗ ਦੇ ਕਈ ਰਸੂਖ਼ਦਾਰ ਆਗੂਆਂ ਨੂੰ ਚੇਅਰਮੈਨੀਆਂ ਨਾਲ ਵੀ ਨਿਵਾਜਿਆ ਜਾਵੇਗਾ। ਇਸ ਦੌਰਾਨ ਮੰਦੇ ਪ੍ਰਦਰਸ਼ਨ ਵਾਲੇ ਮੰਤਰੀਆਂ ਦੀ ਛਾਂਟੀ ਦੀ ਵੀ ਸੰਭਾਵਨਾ ਹੈ। ਕਈਆਂ ਦੇ ਵਿਭਾਗ ਬਦਲੇ ਅਤੇ ਕਈਆਂ ਦੇ ਖੰਭ ਵੀ ਕੁਤਰੇ ਜਾ ਸਕਦੇ ਹਨ। ਇਸ ਤੋਂ ਇਲਾਵਾ ਆਪਣੀ ਕਾਰਗੁਜ਼ਾਰੀ ਸਦਕਾ ਹਾਈਕਮਾਨ ਵੱਲੋਂ ਪਲਕਾਂ ’ਤੇ ਬਿਠਾਏ ਗਏ ਮੰਤਰੀ ਤਰੱਕੀ ਵੀ ਪਾ ਸਕਦੇ ਹਨ। ਸੂਤਰਾਂ ਮੁਤਾਬਕ ਇੱਕ ਮਾਝੇ ਤੇ ਦੋ ਮਾਲਵੇ ਦੇ ਮੰਤਰੀਆਂ ਦੀ ਕੁਰਸੀ ਖੁੱਸੇਗੀ ਅਤੇ ਕੁਝ ਦੇ ਵਿਭਾਗ ਤਬਦੀਲ ਕੀਤੇ ਜਾਣਗੇ। ਦੇਖਿਆ ਜਾਵੇ ਤਾਂ ਮੰਦੇ ਪ੍ਰਦਰਸ਼ਨ ਤੇ ਸੂਬੇ ਨੂੰ ਜ਼ੁਰਮਾਨਾ ਲੱਗਣ ਤੋਂ ਬਾਅਦ ਵਾਤਾਵਰਨ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਦਾ ਵਿਭਾਗ ਪਹਿਲਾਂ ਹੀ ਤਬਦੀਲ ਕੀਤਾ ਜਾ ਚੁੱਕਿਆ ਹੈ। ਇਸ ਕੈਬਨਿਟ ਫੇਰਬਦਲ ਵਿੱਚ ਸ੍ਰੀ ਸੋਨੀ ਦੇ ਸਿਤਾਰੇ ਗਰਦਿਸ਼ ਵਿੱਚ ਜਾਪਦੇ ਹਨ। ਇਸ ਸਾਲ ਅਪ੍ਰੈਲ ਵਿੱਚ ਮੁੱਖ ਮੰਤਰੀ ਸਮੇਤ 18 ਮੰਤਰੀਆਂ ਨੂੰ ਵਜ਼ਾਰਤ ਮਿਲੀ ਸੀ, ਜਿਸ ਵਿੱਚ 6 ਮੰਤਰੀ ਮਾਝਾ, 11 ਮਾਲਵੇ ਤੇ 1 ਦੋਆਬਾ ਤੋਂ ਹੈ।
ਇਸ ਵਾਧੇ ਵਿੱਚ ਕਿਸੇ ਵੀ ਦਲਿਤ ਜਾਂ ਪੱਛੜੀ ਸ਼੍ਰੇਣੀ ਨਾਲ ਸਬੰਧਤ ਆਗੂ ਨੂੰ ਮੰਤਰੀ ਬਣਨ ਦਾ ਮੌਕਾ ਨਹੀਂ ਸੀ ਮਿਲਿਆ। 18 ਪ੍ਰਤੀਸ਼ਤ ਵੋਟ ਵਾਲੇ ਜੱਟ ਭਾਈਚਾਰੇ ਦੇ ਲੋਕਾਂ ’ਚੋਂ 8 ਮੰਤਰੀ ਬਣਨ ਕਾਰਨ ਹੋਰ ਸ਼੍ਰੇਣੀਆਂ ਦੇ ਲੀਡਰਾਂ ਵਿੱਚ ਰੋਸ ਪਾਇਆ ਜਾ ਰਿਹਾ ਸੀ। ਪਾਰਟੀ ਹੁਣ ਇਸ ਰੋਸ ਨੂੰ ਖਤਮ ਕਰਨ ਦੇ ਰੌਂਅ ਵਿੱਚ ਹੈ ਅਤੇ ਪੰਜਾਬ ਸਰਕਾਰ ਹੁਣ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੈਬਨਿਟ ਵਿਚ ਬਰਾਬਰਤਾ ਵਾਲੀ ਦਿੱਖ ਦੇਣ ਦੀ ਕੋਸ਼ਿਸ਼ ਵਿੱਚ ਹੈ।
ਇਸ ਫੇਰ ਬਦਲ ਵਿਚ ਦਲਿਤ ਅਤੇ ਪੱਛੜੀ ਸ਼੍ਰੇਣੀ ਨਾਲ ਸਬੰਧਤ ਵਿਧਾਨ ਸਭਾ ਹਲਕਾ ਪੱਛਮੀ ਦੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੂੰ ਵੀ ਕੈਬਨਿਟ ਵਿਚ ਸ਼ਾਮਿਲ ਕਰਨ ਦੀ ਪੂਰੀ-ਪੂਰੀ ਸੰਭਾਵਨਾ ਹੈ। ਦੇਖੋ ਇਹ ਤਾਂ ਸਮਾਂ ਹੀ ਦੱਸੇਗਾ ਕਿ ਇਸ ਫੇਰਬਦਲ ਵਿਚ ਕਿਸ ਮੰਤਰੀ ਤੇ ਗਾਜ਼ ਡਿੰਗਦੀ ਅਤੇ ਕਿਸ ਵਿਧਾਇਕ ਦੇ ਸਿਰ ਤੇ ਮੰਤਰੀ ਦਾ ਤਾਜ਼ ਸੱਜ਼ੇਗਾ।
ਕੈਪਟਨ ਸਰਕਾਰ ਦੇ ਕਈ ਮੰਤਰੀਆਂ ਦੀ ਹੋ ਸਕਦੀ ਹੈ ਛੁੱਟੀ



