June 18, 2026 8:58 pm

ਲੋਕ ਸਭਾ ਚੋਣ ਲਈ ਚੋਣ ਅਮਲੇ ਦੀ ਸਿਖਲਾਈ 30 ਮਾਰਚ ਨੂੰ : ਸਿੱਧੂ

ਬਰਨਾਲਾ, 27 ਮਾਰਚ (ਕੁਲਦੀਪ ਸੂਦ)- ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ. ਗੁਰਲਵਲੀਨ ਸਿੰਘ ਸਿੱਧੂ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ ਸਮੁੱਚੀ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਸੁਚਾਰੂ, ਨਿਰਵਿਘਨ ਅਤੇ ਆਜ਼ਾਦਾਨਾ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਬਰਨਾਲਾ ਅਧੀਨ ਪੈਂਦੇ ਤਿੰਨ ਵਿਧਾਨ ਸਭਾ ਹਲਕਿਆਂ ਵਿਖੇ ਸਮੂਹ ਚੋਣ ਅਮਲੇ ਨੂੰ ਚੋਣਾਂ ਸਬੰਧੀ ਸਿਖਲਾਈ 30 ਮਾਰਚ ਨੂੰ ਪ੍ਰਦਾਨ ਕੀਤੀ ਜਾਵੇਗੀ। ਸ. ਸਿੱਧੂ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ ਬਰਨਾਲਾ ਦੀ ਸਿਖਲਾਈ ਕੈਸਲ ਰਿਜ਼ੋਰਟ ਰਾਏਕੋਟ ਰੋਡ ਵਿਖੇ, ਮਹਿਲ ਕਲਾਂ ਹਲਕੇ ਦੀ ਗਰੇਵਾਲ ਰਿਜ਼ੋਰਟਸ ਗਰਚਾ ਰੋਡ ਅਤੇ ਭਦੌੜ ਵਿਧਾਨ ਸਭਾ ਹਲਕੇ ਦੀ ਮਹੰਤ ਜਗੀਰ ਦਾਸ ਕਾਲਜ, ਤਪਾ ਨੇੜੇ ਸਿਵਲ ਹਸਪਤਾਲ ਵਿਖੇ ਹੋਵੇਗੀ।ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਚੋਣ ਅਮਲੇ ’ਚ ਲੱਗੇ ਕਰਮਚਾਰੀ ਅਤੇ ਅਧਿਕਾਰੀ ਆਪਣੀਆਂ ਵੋਟਾਂ ਡਾਕ ਰਾਹੀਂ ਵੋਟ ਪਾਉਣ

ਲਈ ਫਾਰਮ ਨੰਬਰ 12 ਅਤੇ ਚੋਣ ਡਿਊਟੀ ਸਰਟੀਫਿਕੇਟ ਲਈ ਫਾਰਮ ਨੰਬਰ 12-ਏ ਚੋਣ ਡਿਊਟੀ ਦੀ ਸਿਖਲਾਈ ਵਾਲੇ ਦਿਨ ਭਰਕੇ ਦੇ ਸਕਦੇ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਜ਼ਿਲ੍ਹਾ ਸੰਗਰੂਰ ਅਤੇ ਬਰਨਾਲਾ ਦੇ ਵਸਨੀਕ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਇੱਕ ਹੀ ਲੋਕ ਸਭਾ ਹਲਕਾ ਅਤੇ ਇੱਕ ਹੀ ਬੈਲੇਟ ਪੇਪਰ ਹੋਣ ਕਰਕੇ ਈ.ਡੀ.ਸੀ. ਰਾਹੀਂ ਆਪਣੇ ਡਿਊਟੀ ਵਾਲੇ ਪੋ¦ਿਗ ਸਟੇਸ਼ਨ ਵਿਖੇ ਹੀ ਵੋਟ ਪਾਈ ਜਾ ਸਕੇਗੀ। ਇਸ ਤੋਂ ਬਿਨ੍ਹਾਂ ਬਾਹਰਲੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਪੋਸਟਲ ਬੈਲੇਟ ਪੇਪਰ ਰਾਹੀਂ ਵੋਟ ਪਾਉਣੀ ਸੰਭਵ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਲਈ ਸਮੂਹ ਚੋਣ ਅਮਲਾ ਆਪਣੇ ਫਾਰਮ 12 ਜਾਂ 12 –ਏ ਭਰਨ ਲਈ ਆਪਣੇ ਸ਼ਨਾਖ਼ਤੀ ਕਾਰਡ, ਜਨਵਰੀ 2014 ’ਚ ਜਾਰੀ ਵੋਟਰ ਸੂਚੀ, ਵੋਟਰ ਸ਼ਨਾਖ਼ਤੀ ਕਾਰਡ ਦੀ ਫੋਟੋ ਕਾਪੀ ਦੇਣੀ ਪਵੇਗੀ।