ਲੋਕਾਂ ਨੂੰ ਨਿਸ਼ਚਿਤ ਸਮੇਂ ਸੀਮਾ ਅੰਦਰ ਮੁਹਈਆ ਕਰਵਾਈ ਜਾਵੇ ਜਾਣਕਾਰੀ : ਅਪਨੀਤ ਰਿਆਤ
ਖਿਆਲਾ ਕਲਾਂ, 23 ਨਵੰਬਰ (ਰਵਿੰਦਰ ਸਿੰਘ ਖਿਆਲਾ)- ਸਰਕਾਰੀ ਵਿਭਾਗਾਂ ਨੂੰ ਸੂਚਨਾ ਅਧਿਕਾਰ ਐਕਟ 2005 (ਆਰ.ਟੀ.ਆਈ.) ਦੀ ਜਾਣਕਾਰੀ ਦੇਣ ਲਈ ਸਥਾਨਕ ਬਚਤ ਭਵਨ ਵਿਖੇ ਲਗਾਏ ਗਏ 2 ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਦੇ ਅੰਤਿਮ ਦਿਨ ਦੀ ਟ੍ਰੇਨਿੰਗ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਉਨ੍ਹਾਂ ਕਿਹਾ ਕਿ ਆਰ.ਟੀ.ਆਈ. ਤੋਂ ਘਬਰਾਉਣ ਦੀ ਲੋੜ ਨਹੀਂ ਹੈ ਸਗੋਂ ਸਮੂਹ ਵਿਭਾਗਾਂ ਨੂੰ ਆਪਣਾ ਦਫ਼ਤਰੀ ਰਿਕਾਰਡ ਪੂਰੀ ਤਰ੍ਹਾਂ ਨਾਲ ਮੇਨਟੇਨ ਕਰਕੇ ਰਖਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਪ੍ਰਾਰਥੀ ਆਰ.ਟੀ.ਆਈ. ਰਾਹੀਂ ਕੋਈ ਸੂਚਨਾ ਮੰਗਦਾ ਹੈ ਤਾਂ ਉਸਨੂੰ ਨਿਸ਼ਚਿਤ ਸਮੇਂ ਅੰਦਰ ਸੂਚਨਾ ਮੁਹਈਆ ਕਰਵਾਉਣੀ ਯਕੀਨੀ ਬਣਾਈ ਜਾਵੇ।ਟ੍ਰੇਨਿੰਗ ਦੌਰਾਨ ਕੋਆਰਡੀਨੇਟਰ ਮੈਗਸੀਪਾ ਖੇਤਰੀ ਦਫ਼ਤਰ ਬਠਿੰਡਾ ਸ਼੍ਰੀ ਮਨਦੀਪ ਸਿੰਘ ਨੇ ਦਸਿਆ ਕਿ ਇਸ ਐਕਟ ਦਾ ਮੁਖ ਮੰਤਵ ਨਾਗਰਿਕਾਂ ਵਲੋਂ ਉਨ੍ਹਾਂ ਦੇ ਸੂਚਨਾ ਪ੍ਰਤੀ ਅਧਿਕਾਰਾਂ ਵਾਸਤੇ ਪਬਲਿਕ ਅਥਾਰਟੀਜ਼ ਦੇ ਕੰਟਰੋਲ ਹੇਠ ਸੂਚਨਾ ਤਕ ਪਹੁੰਚ ਕਰਨ ਲਈ ਇਕ ਵਿਵਹਾਰਕ ਪ੍ਰਣਾਲੀ ਸਥਾਪਿਤ ਕਰਨਾ ਹੈ ਤਾਂ ਕਿ ਹਰ ਪਬਲਿਕ ਅਥਾਰਿਟੀ ਦੇ ਕੰਮ-ਕਾਜ ਵਿਚ ਪਾਰਦਰਸ਼ਤਾ ਤੇ ਜਵਾਬਦੇਹੀ ਲਿਆਂਦੀ ਜਾ ਸਕੇ।



